ਨੌਜਵਾਨ ’ਤੇ ਜਾਨਲੇਵਾ ਹਮਲਾ, ਗੰਭੀਰ ਜ਼ਖਮੀ

09/02/2019 4:01:31 PM

ਕਪੂਰਥਲਾ (ਮਹਾਜਨ)— ਸ਼ਹਿਰ ਦੇ ਬੇਹੱਦ ਭੀਡ਼ ਭਾਡ਼ ਵਾਲੇ ਸਦਰ ਬਾਜ਼ਾਰ ’ਚ ਮੋਟਰਸਾਈਕਲ ’ਤੇ ਬਾਜ਼ਾਰ ਆਏ ਨੌਜਵਾਨ ਨੂੰ ਜ਼ਬਰਦਸਤੀ ਮੋਟਰਸਾਈਕਲ ਤੋਂ ਥੱਲੇ ਉਤਾਰ ਕੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਰਾਹਗੀਰਾਂ ਨੇ ਇਸ ਨੂੰ ਇਲਾਜ ਦੇ ਲਈ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਲਾਜ ਕਰਵਾ ਰਹੇ ਕਮਲਪ੍ਰੀਤ ਸਿੰਘ (28) ਪੁੱਤਰ ਹਰਪਾਲ ਸਿੰਘ ਵਾਸੀ ਅਜੀਤ ਨਗਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਬਾਈਕ ’ਤੇ ਕਿਸੇ ਕੰਮ ਤੋਂ ਬਾਜ਼ਾਰ ਆਇਆ ਸੀ ਕਿ ਜਦੋਂ ਉਹ ਸਦਰ ਬਾਜ਼ਾਰ ’ਚ ਇਕ ਫਾਸਟ ਫੂਡ ਦੀ ਦੁਕਾਨ ਦੇ ਨੇਡ਼ੇ ਪਹੁੰਚਿਆ ਤਾਂ ਬਾਈਕ ’ਤੇ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਮੋਟਰਸਾਈਕਲ ’ਤੇ ਜ਼ਬਰਦਸਤੀ ਥੱਲੇ ਉਤਾਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਰੌਲਾ ਸੁਣ ਕੇ ਭੀਡ਼ ਇੱਕਠੀ ਹੋ ਗਈ ਤੇ ਹਮਲਾਵਰ ਮੋਟਰਸਾਈਕਲ ਤੇ ਫਰਾਰ ਹੋ ਗਏ।

ਡਿਊਟੀ ਡਾ. ਭਰਮਿੰਦਰ ਬੈਂਸ ਨੇ ਦੱਸਿਆ ਕਿ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਗਈਆਂ ਹਨ। ਐਮਰਜੈਂਸੀ ’ਚ ਡਾਕਟਰਾਂ ਦੀ ਦੇਖ-ਰੇਖ ਹੇਠ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਐੱਮ. ਐੱਲ. ਆਰ. ਥਾਣਾ ਸਿਟੀ ਪੁਲਸ ਨੂੰ ਭੇਜ ਦਿੱਤੀ ਗਈ ਹੈ। ਥਾਣਾ ਸਿਟੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਸਦਰ ਬਾਜ਼ਾਰ ’ਚ ਨੌਜਵਾਨ ਤੇ ਹੋਏ ਹਮਲੇ ਸਬੰਧੀ ਮਾਮਲੇ ਦੀ ਏ. ਐੱਸ. ਆਈ. ਮਨਜੀਤ ਸਿੰਘ ਜਾਂਚ ਕਰ ਰਹੇ ਹਨ। ਜਾਂਚ ਦੌਰਾਨ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News