ਨੌਜਵਾਨ ਦੇ ਸਿਰ ''ਤੇ ਇੱਟਾਂ ਮਾਰ ਕੇ ਮੋਟਰਸਾਈਕਲ ਲੁੱਟ ਕੇ ਭੱਜੇ ਮੁਲਜ਼ਮ

10/21/2020 3:44:20 PM

ਜਲੰਧਰ (ਜ. ਬ.)— ਮਕਸੂਦਾਂ ਫਲਾਈਓਵਰ 'ਤੇ ਮੋਟਰਸਾਈਕਲ ਤੋਂ ਡਿੱਗੇ ਨੌਜਵਾਨ ਨੂੰ ਪੀ. ਸੀ. ਆਰ. ਟੀਮ ਨੇ 2 ਅਣਪਛਾਤੇ ਨੌਜਵਾਨਾਂ ਨਾਲ ਉਸ ਨੂੰ ਗਦਾਈਪੁਰ ਛੱਡਣ ਲਈ ਬਿਨਾਂ ਜਾਂਚ ਕੀਤੇ ਭੇਜ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਨੌਜਵਾਨਾਂ ਨਾਲ ਮਾਮੂਲੀ ਜ਼ਖ਼ਮੀ ਮੋਟਰਸਾਈਕਲ ਚਾਲਕ ਨੂੰ ਭੇਜਿਆ ਗਿਆ ਸੀ, ਉਨ੍ਹਾਂ ਟਰਾਂਸਪੋਰਟ ਨਗਰ 'ਚ ਸੁੰਨਸਾਨ ਜਗ੍ਹਾ 'ਤੇ ਉਸ ਦੇ ਸਿਰ 'ਤੇ ਇੱਟਾਂ ਮਾਰ ਕੇ ਮੋਟਰਸਾਈਕਲ ਲੁੱਟ ਲਿਆ ਅਤੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਅਜੇ ਤੱਕ ਸ਼ਿਕਾਇਤ ਵੀ ਦਰਜ ਨਹੀਂ ਕੀਤੀ ਅਤੇ ਟਾਲ-ਮਟੋਲ ਕਰ ਰਹੀ ਹੈ।

ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ

ਜਾਣਕਾਰੀ ਦਿੰਦੇ ਗਦਾਈਪੁਰ ਦੇ ਰਹਿਣ ਵਾਲੇ ਦੀਪਕ ਕੁਮਾਰ (20) ਨੇ ਦੱਸਿਆ ਕਿ ਉਹ ਮੰਡ ਪਿੰਡ 'ਚ ਲੇਬਰ ਦਾ ਕੰਮ ਕਰਦਾ ਹੈ। 19 ਅਕਤੂਬਰ ਦੀ ਰਾਤ ਨੂੰ ਉਹ ਕੰਮ ਤੋਂ ਪਰਤ ਕੇ ਆਪਣੇ ਠੇਕੇਦਾਰ ਕੋਲੋਂ ਪੈਸੇ ਲੈਣ ਗਿਆ ਸੀ ਪਰ ਉਹ ਨਹੀਂ ਮਿਲਿਆ। ਵਾਪਸੀ 'ਤੇ ਮਕਸੂਦਾਂ ਫਲਾਈਓਵਰ 'ਤੇ ਉਸ ਦਾ ਮੋਟਰਸਾਈਕਲ ਸਲਿੱਪ ਕਰਨ ਨਾਲ ਉਹ ਸੜਕ ਵਿਚਕਾਰ ਡਿੱਗ ਗਿਆ। ਕੁਝ ਸਮੇਂ ਬਾਅਦ ਉਥੇ ਪੀ. ਸੀ. ਆਰ. ਦੀ ਪੈਟਰੋਲਿੰਗ ਟੀਮ ਪਹੁੰਚੀ। ਇਸ ਦੌਰਾਨ ਉਥੇ 2 ਨੌਜਵਾਨ ਪੈਦਲ ਪਹੁੰਚੇ, ਜਿਨ੍ਹਾਂ ਨੂੰ ਉਹ ਨਹੀਂ ਸੀ ਜਾਣਦਾ ਪਰ ਪੀ. ਸੀ. ਆਰ. ਟੀਮ ਨੇ ਜਦੋਂ ਉਨ੍ਹਾਂ ਨੌਜਵਾਨਾਂ ਨੂੰ ਉਸ (ਦੀਪਕ) ਨੂੰ ਗਦਾਈਪੁਰ ਛੱਡਣ ਬਾਰੇ ਕਿਹਾ, ਤਾਂ ਉਹ ਤੁਰੰਤ ਮੰਨ ਗਏ। ਪੀ. ਸੀ. ਆਰ. ਟੀਮ ਨੇ ਦੀਪਕ ਦਾ ਮੋਬਾਇਲ ਆਪਣੇ ਕੋਲ ਰੱਖ ਲਿਆ ਅਤੇ ਉਸ ਨੂੰ ਨੌਜਵਾਨਾਂ ਦੇ ਨਾਲ ਮੋਟਰਸਾਈਕਲ 'ਤੇ ਭੇਜ ਦਿੱਤਾ।

ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)

ਦੀਪਕ ਨੇ ਕਿਹਾ ਕਿ ਉਨ੍ਹਾਂ ਨੌਜਵਾਨਾਂ ਨੇ ਟਰਾਂਸਪੋਰਟ ਨਗਰ 'ਚ ਸੁੰਨਸਾਨ ਜਗ੍ਹਾ ਉਸ ਨੂੰ ਉਤਾਰ ਕੇ ਮੋਟਰਸਾਈਕਲ ਲਿਜਾਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਉਸ ਦੇ ਸਿਰ 'ਤੇ ਇੱਟ ਨਾਲ ਵਾਰ ਕਰਕੇ ਉਸ ਨੂੰ ਲਹੂ-ਲੂਹਾਨ ਕਰ ਦਿੱਤਾ ਅਤੇ ਉਥੇ ਹੀ ਝਾੜੀਆਂ 'ਚ ਸੁੱਟ ਕੇ ਫਰਾਰ ਹੋ ਗਏ। 20 ਅਕਤੂਬਰ ਨੂੰ ਤੜਕੇ 4.30 ਵਜੇ ਇਕ ਵਿਅਕਤੀ ਨੇ ਦੀਪਕ ਨੂੰ ਟਰਾਂਸਪੋਰਟ ਨਗਰ ਨਜ਼ਦੀਕ ਝਾੜੀਆਂ ਵਿਚ ਖੂਨ ਵਿਚ ਲਥਪਥ ਪਿਆ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਦੀਪਕ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਇਸ ਸਬੰਧੀ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪੀ. ਸੀ. ਆਰ. ਟੀਮ ਦੇ ਮੁਲਾਜ਼ਮ ਸਤਨਾਮ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਲੁਟੇਰੇ ਨੌਜਵਾਨ ਪਹਿਲਾਂ ਹੀ ਦੀਪਕ ਦੇ ਕੋਲ ਖੜ੍ਹੇ ਸਨ। ਮੋਟਰਸਾਈਕਲ ਲੁੱਟਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕੋਲ ਸਿਰਫ ਦੀਪਕ ਦਾ ਮੋਬਾਇਲ ਸੀ, ਜੋ ਉਨ੍ਹਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤਾ ਸੀ।
ਇਹ ਵੀ ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼


shivani attri

Content Editor

Related News