ਸ਼ਾਹਕੋਟ ਇਲਾਕੇ ''ਚ ਵਧੀ ਗੁੰਡਾਗਰਦੀ, ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ

08/06/2019 1:19:59 PM

ਸ਼ਾਹਕੋਟ (ਤ੍ਰੇਹਨ, ਕੁਲਜੀਤ)— ਸਥਾਨਕ ਕਸਬੇ 'ਚ ਬੀਤੇ ਦਿਨ ਕੁਝ ਨੌਜਵਾਨਾਂ ਨੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜੋ ਇਸ ਸਮੇਂ ਸਿਵਲ ਹਸਪਤਾਲ ਸ਼ਾਹਕੋਟ 'ਚ ਜ਼ੇਰੇ ਇਲਾਜ ਹੈ। ਪੀੜਤ ਅਕਸ਼ੇ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਭੱਦਮਾ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਪਿੰਡ ਦਾਨੇਵਾਲ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਉਸ ਝਗੜੇ ਦਾ ਦੋਹਾਂ ਪਿੰਡ ਦੀਆਂ ਪੰਚਾਇਤਾਂ ਨੇ ਉਨ੍ਹਾਂ ਦਾ ਲਿਖਤੀ ਸਮਝੌਤਾ ਕਰਵਾ ਦਿੱਤਾ ਸੀ, ਜੋ ਉਨ੍ਹਾਂ ਕੋਲ ਮੌਜੂਦ ਹੈ।

ਉਸ ਸਮਝੌਤੇ ਦੀ ਉਲੰਘਣਾ ਕਰਦਿਆਂ ਉਨ੍ਹਾਂ ਨੌਜਵਾਨਾਂ ਨੇ ਸ਼ਨੀਵਾਰ ਨੂੰ ਮਹਿਤਪੁਰ ਦੇ ਇਕ ਨਿੱਜੀ ਸਕੂਲ ਤੋਂ ਪੜ੍ਹ ਕੇ ਆ ਰਹੇ ਉਨ੍ਹਾਂ ਦੇ ਚਾਚੇ ਦੇ ਪੁੱਤਰ ਸਨੀ ਪੁੱਤਰ ਛਿੰਦਾ ਨੂੰ ਸਕੂਲ ਦੀ ਬੱਸ 'ਚੋਂ ਉਤਾਰ ਕੇ ਉਸ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਸੀ। ਇਸ ਘਟਨਾ ਦੀ ਥਾਣੇ ਦਰਖਾਸਤ ਦੇਣ ਲਈ ਉਹ ਬੀਤੇ ਦਿਨ ਸ਼ਾਹਕੋਟ ਆਇਆ ਸੀ। ਪੁਰਾਣੀ ਤਹਿਸੀਲ ਦੇ ਬਾਹਰ ਇਕ ਦੁਕਾਨ ਤੋਂ ਦਰਖਾਸਤ ਲਿਖਵਾਉਣ ਤੋਂ ਬਾਅਦ ਜਦੋਂ ਉਹ ਸੜਕ 'ਤੇ ਆਇਆ ਤਾਂ ਕਰੀਬ 8-9 ਨੌਜਵਾਨਾਂ ਨੇ ਉਸ ਉੱਪਰ ਦਾਤਰਾਂ/ਬੇਸਬੈਟਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਾਣ-ਪਛਾਣ ਵਾਲਿਆਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ।

ਇਲਾਕੇ ਅੰਦਰ ਇਸ ਤਰ੍ਹਾਂ ਦੀ ਵਧ ਰਹੀ ਗੁੰਡਾਗਰਦੀ ਕਾਰਨ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਰੋਜ਼ਾਨਾ ਹੀ ਹਥਿਆਰਬੰਦ ਨੌਜਵਾਨ ਕਿਸੇ ਨਾ ਕਿਸੇ ਨੂੰ ਵੱਢ ਦਿੰਦੇ ਹਨ। ਸ਼ਨੀਵਾਰ ਰਾਤ ਨੂੰ ਪਿੰਡ ਨੂਰਪੁਰ ਚੱਠਾ ਦੇ ਨਜ਼ਦੀਕ ਪਿੰਡ ਮਲਸੀਆਂ ਦੀ ਹਵੇਲੀ ਪੱਤੀ ਦੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਸ਼ੁੱਕਰਵਾਰ ਦੀ ਰਾਤ ਨੂੰ ਪਿੰਡ ਮਲਸੀਆਂ 'ਚ ਹੀ ਪੱਤਰਕਾਰ ਦੀ ਦੁਕਾਨ 'ਤੇ ਕੰਮ ਕਰਦੇ ਇਕ ਨੌਜਵਾਨ 'ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ, ਜੋ ਇਸ ਸਮੇਂ ਸਿਵਲ ਹਸਪਤਾਲ ਜਲੰਧਰ 'ਚ ਜ਼ੇਰੇ ਇਲਾਜ ਹੈ। ਇਲਾਕੇ ਅੰਦਰ ਇਹੋ ਜਿਹੀਆਂ ਵਧ ਰਹੀਆਂ ਘਟਨਾਵਾਂ ਕਰਕੇ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।


shivani attri

Content Editor

Related News