25 ਮਈ ਨੂੰ ਹਮਲੇ ''ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

06/06/2019 12:51:03 PM

ਕਪੂਰਥਲਾ (ਭੂਸ਼ਣ)— ਆਪਣਾ ਕੰਮ ਖਤਮ ਕਰਕੇ ਘਰ ਜਾ ਰਹੇ ਇਕ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਕਤਲ ਕਰਨ ਦੇ ਮਾਮਲੇ 'ਚ ਥਾਣਾ ਤਲਵੰਡੀ ਚੌਧਰਈਆ ਦੀ ਪੁਲਸ ਨੇ 2 ਮੁਲਜ਼ਮਾਂ ਖਿਲਾਫ ਧਾਰਾ 302, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਥਾਣਾ ਕੋਤਵਾਲੀ ਕਪੂਰਥਲਾ ਨੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਭਰਾ ਮਲਕੀਤ ਸਿੰਘ 25 ਮਈ 2019 ਨੂੰ ਰਾਤ 8 ਵਜੇ ਤਕ ਤਲਵੰਡੀ ਚੌਧਰੀਆਂ ਖੇਤਰ 'ਚ ਆਪਣੀ ਡਿਊੂਟੀ ਖਤਮ ਕਰ ਕੇ ਮੋਟਰਸਾਈਕਲ 'ਤੇ ਵਾਪਸ ਘਰ ਜਾ ਰਿਹਾ ਸੀ, ਜਿਸ ਦੌਰਾਨ ਉਸ ਨੇ ਆਪਣੀ ਪਤਨੀ ਰੀਨਾ ਰਾਣੀ ਨੂੰ ਘਰ ਆਉਂਦੇ ਸਮੇਂ ਫੋਨ ਵੀ ਕੀਤਾ ਸੀ। ਇਸ ਦੌਰਾਨ ਰਾਤ ਕਰੀਬ 10.30 ਵਜੇ ਉਸ ਦੇ ਭਰਾ ਮਲਕੀਤ ਸਿੰਘ ਦੇ ਫੋਨ ਤੋਂ ਉਸ ਦੀ ਭਰਜਾਈ ਰੀਨਾ ਰਾਣੀ ਨੂੰ ਫੋਨ ਆਇਆ। ਜਿਸ 'ਚ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਬੇਹਦ ਗੰਭੀਰ ਹਾਲਤ 'ਚ ਪਿੰਡ ਨੱਥੂਪੁਰ ਦੇ ਨਜ਼ਦੀਕ ਪਿਆ ਹੋਇਆ ਹੈ। ਜਿਸ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਸਾਰਿਆਂ ਨੇ 108 ਐਂਬੂਲੈਂਸ 'ਚ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਰਹੀ।
ਇਸ ਦੌਰਾਨ ਮਲਕੀਤ ਸਿੰਘ ਉਸ ਨੂੰ ਅਤੇ ਆਪਣੀ ਪਤਨੀ ਰੀਨਾ ਰਾਣੀ ਨੂੰ ਦੱਸਿਆ ਸੀ ਕਿ ਜਦੋਂ ਉਹ ਡਿਊਟੀ ਖਤਮ ਕਰਕੇ ਮੋਟਰਸਾਈਕਲ 'ਤੇ ਘਰ ਆ ਰਿਹਾ ਸੀ ਤਾਂ ਪਿੰਡ ਨੱਥੂਪੁਰ ਦੇ ਨਜ਼ਦੀਕ ਮਣੀ ਪੁੱਤਰ ਕਸ਼ਮੀਰ ਉਰਫ ਲੱਡੂ ਅਤੇ ਕਸ਼ਮੀਰ ਸਿੰਘ ਉਰਫ ਲੱਡੂ ਪੁੱਤਰ ਬਾਬੂ ਰਾਮ ਵਾਸੀ ਪਿੰਡ ਬੂਹ ਥਾਣਾ ਫੱਤੂਢੀਂਗਾ ਨੇ ਉਸ ਨੂੰ ਘੇਰ ਕੇ ਮੋਟਰਸਾਈਕਲ ਰੋਕ ਲਿਆ ਸੀ, ਜਿਸ ਦੌਰਾਨ ਉਸ ਦੇ ਸਿਰ 'ਤੇ ਕਈ ਵਾਰ ਕੀਤੇ ਸਨ। ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਉਸ ਨੇ ਉਨ੍ਹਾਂ ਦੇ ਖਿਲਾਫ ਥਾਣੇ ਵਿਚ ਸ਼ਿਕਾਇਤ ਕੀਤੀ ਸੀ। ਇਸ ਲਈ ਉਹ ਉਸ ਨੂੰ ਸਬਕ ਸਿਖਾ ਰਹੇ ਹਨ। ਇਸ ਦੌਰਾਨ ਇਲਾਜ ਦੌਰਾਨ ਬੀਤੀ ਰਾਤ ਮਲਕੀਤ ਸਿੰਘ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਇੰਸਪੈਕਟਰ ਬਲਜੀਤ ਸਿੰਘ ਪੁਲਸ ਫੋਰਸ ਨਾਲ ਸਿਵਲ ਹਸਪਤਾਲ ਕਪੂਰਥਲਾ ਪੁੱਜੇ ਅਤੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਲੈ ਕੇ ਦੋਨਾਂ ਮੁਲਜ਼ਮਾਂ ਕਸ਼ਮੀਰ ਸਿੰਘ ਉਰਫ ਲੱਡੂ ਅਤੇ ਮਣੀ ਪੁੱਤਰ ਕਸ਼ਮੀਰ ਸਿੰਘ ਉਰਫ ਲੱਡੂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਘਟਨਾ ਸਬੰਧੀ 10 ਦਿਨ ਤਕ ਪੁਲਸ ਨੂੰ ਨਹੀਂ ਭੇਜੀ ਗਈ ਐੱਮ. ਐੱਲ. ਆਰ.
ਨਿੱਜੀ ਰੰੰਜਿਸ਼ ਦੌਰਾਨ ਕਤਲ ਕੀਤੇ ਗਏ ਮਲਕੀਤ ਸਿੰਘ ਦੇ ਮਾਮਲੇ 'ਚ ਇਕ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਕਰੀਬ 10 ਦਿਨ ਪਹਿਲਾਂ ਜਦੋਂ ਕਾਫੀ ਗੰਭੀਰ ਹਾਲਾਤ 'ਚ ਮਲਕੀਤ ਸਿੰੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਸੀ ਤਾਂ ਇਸ ਸਬੰਧੀ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੂੰ ਨਾ ਤਾਂ ਕੋਈ ਸ਼ਿਕਾਇਤ ਦਿੱਤੀ ਗਈ ਨਾ ਹੀ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਰਿਪੋਰਟ ਸਬੰਧਤ ਪੁਲਸ ਸਟੇਸ਼ਨ ਨੂੰ ਭੇਜੀ ਗਈ। ਜਿਸ ਕਾਰਨ ਪੁਲਸ ਨੂੰ ਮਲਕੀਤ ਸਿੰਘ ਦੀ ਮੌਤ ਦੇ ਬਾਅਦ ਹੀ ਇਸ ਪੂਰੀ ਘਟਨਾਕ੍ਰਮ ਦੇ ਸਬੰਧ ਵਿਚ ਜਾਣਕਾਰੀ ਮਿਲੀ। ਹੁਣ ਪੁਲਸ ਅਫਸਰ ਇਸ ਪੂਰੇ ਮਾਮਲੇ ਵਿਚ ਹੋਈ ਲਾਪਰਵਾਹੀ ਨੂੰ ਲੈ ਕੇ ਜਾਂਚ ਵਿਚ ਜੁੱਟ ਗਏ ਹਨ ਕਿ ਅਖੀਰ ਮ੍ਰਿਤਕ ਮਲਕੀਤ ਸਿੰਘ ਦੀ ਐੱਮ. ਐੱਲ. ਆਰ. ਰਿਪੋਰਟ ਥਾਣਾ ਤਲਵੰਡੀ ਚੌਧਰੀਆਂ ਨੂੰ ਕਿਉਂ ਨਹੀਂ ਭੇਜੀ ਗਈ।


shivani attri

Content Editor

Related News