ਭੇਤਭਰੇ ਹਾਲਾਤਾਂ ’ਚ ਮਿਲੀ ਨੌਜਵਾਨ ਦੀ ਲਾਸ਼

09/01/2019 8:01:08 PM

ਅਲਾਵਲਪੁਰ, (ਬੰਗੜ)- ਇਕ ਪ੍ਰਵਾਸੀ ਮਜ਼ਦੂਰ ਨੇ ਸਵੇਰੇ 7.30 ਵਜੇ ਅਲਾਵਲਪੁਰ ਤੋਂ ਦੋਲੀਕੇ ਨੂੰ ਜਾਂਦੀ ਸੜਕ ਤੋਂ ਗੋਲ ਪਿੰਡ ਨੂੰ ਨਿਕਲਦੇ ਕੱਚੇ ਰਸਤੇ ’ਤੇ ਕਰੀਬ 100 ਮੀਟਰ ਅੰਦਰ ਝੋਨੇ ਦੇ ਖੇਤ ’ਚ ਇਕ ਨੌਜਵਾਨ ਦੀ ਲਾਸ਼ ਪਈ ਦੇਖੀ। ਪ੍ਰਵਾਸੀ ਮਜ਼ਦੂਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ, ਨੌਜਵਾਨ ਦੀ ਪਛਾਣ ਪ੍ਰਦੀਪ ਕੁਮਾਰ (31) ਪੁੱਤਰ ਬਲਵੀਰ ਚੰਦ ਨਿਵਾਸੀ ਪਿੰਡ ਮੁਰਾਦਪੁਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਵੱਲੋਂ ਫਿਲਹਾਲ ਕਾਰਵਾਈ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਣ ਦਾ ਪਤਾ ਲੱਗੇਗਾ। ਪੁਲਸ ਹਾਰਟ ਅਟੈਕ ਨਾਲ ਮੌਤ ਹੋਈ ਮੰਨ ਕੇ ਚੱਲ ਰਹੀ ਹੈ ਜਦਕਿ ਲਾਸ਼ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੱਤਿਆ ਤੋਂ ਬਾਅਦ ਲਾਸ਼ ਨੂੰ ਖੇਤ ’ਚ ਸੁੱਟ ਦਿੱਤਾ ਗਿਆ ਹੈ ਕਿਉਂਕਿ ਮ੍ਰਿਤਕ ਦੇ ਸਰੀਰ ’ਤੇ ਖਰੋਚ ਆਦਿ ਦੇ ਕਾਫੀ ਨਿਸ਼ਾਨ ਸਨ।

ਮ੍ਰਿਤਕ ਦੇ ਪਿਤਾ ਬਲਵੀਰ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਹੱਤਿਆ ਕਰ ਕੇ ਲਾਸ਼ ਨੂੰ ਖੇਤ ’ਚ ਸੁੱਟ ਦਿੱਤਾ ਗਿਆ ਹੈ। ਬਲਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ’ਚ ਹੀ ਇਕ ਧਾਰਮਕ ਮਾਮਲੇ ਕਾਰਣ ਕੁਝ ਲੋਕਾਂ ਨਾਲ ਰੰਜਿਸ਼ ਚੱਲ ਰਹੀ ਹੈ। ਪਹਿਲਾਂ ਵੀ ਉਨ੍ਹਾਂ ਉੱਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਦੀ ਰੰਜਿਸ਼ ਕਾਰਣ ਹੱਤਿਆ ਕੀਤੀ ਗਈ ਹੈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬੇਟੇ ਦੇ ਹਤਿਆਰਿਆਂ ਨੂੰ ਫੜਨ ਦੀ ਮੰਗ ਕੀਤੀ ਹੈ।

ਵਿਆਹ ’ਚ ਸ਼ਾਮਲ ਹੋਣ ਆ ਰਿਹਾ ਸੀ ਪ੍ਰਦੀਪ

ਪਿੰਡ ਮੁਰਾਦਪੁਰ ਵਾਸੀ ਪ੍ਰਦੀਪ ਅੰਮ੍ਰਿਤਸਰ ’ਚ ਰਹਿੰਦੀ ਆਪਣੀ ਮਾਸੀ ਦੇ ਕੋਲ ਰਹਿੰਦਾ ਸੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਪ੍ਰਦੀਪ ਦੀ ਭੂਆ ਪਿੰਡ ਮੁਰਾਦਪੁਰ ’ਚ ਹੀ ਉਨ੍ਹਾਂ ਦੇ ਕੋਲ ਰਹਿੰਦੀ ਹੈ। ਉਸ ਦੇ ਬੇਟੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਪ੍ਰਦੀਪ ਆ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ। ਖੇਤਾਂ ’ਚ ਸਵੇਰੇ ਉਸ ਦੀ ਲਾਸ਼ ਮਿਲੀ। ਮ੍ਰਿਤਕ ਪ੍ਰਦੀਪ ਦਾ ਕਰੀਬ ਚਾਰ ਵਜੇ ਮੁਰਾਦਪੁਰ ਸਥਿਤ ਸ਼ਮਸ਼ਾਨਘਾਟ ’ਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

 


KamalJeet Singh

Content Editor

Related News