ਨਿਗਮ ਕਮਿਸ਼ਨਰ ਦੇ ਦਫ਼ਤਰ ਦੀ ਖਿੜਕੀ ਦੇ ਬਿਲਕੁਲ ਹੇਠਾਂ ਖੜ੍ਹੇ ਪਾਣੀ ’ਚ ਪੈਦਾ ਹੋ ਰਹੇ ਨੇ ਖ਼ਤਰਨਾਕ ਮੱਛਰ
Saturday, Aug 12, 2023 - 02:20 PM (IST)
ਜਲੰਧਰ (ਖੁਰਾਣਾ)–ਬਰਸਾਤ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਜਲੰਧਰ ਸ਼ਹਿਰ ਬੀਮਾਰੀਆਂ ਦੀ ਲਪੇਟ ਵਿਚ ਆ ਚੁੱਕਾ ਹੈ। ਸਲੱਮ ਆਬਾਦੀ ਸੰਜੇ ਗਾਂਧੀ ਨਗਰ ਵਿਚ ਤਾਂ ਡਾਇਰੀਆ ਦੇ ਕਈ ਕੇਸ ਵੀ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਸਿਹਤ ਵਿਭਾਗ ਨੂੰ ਉਥੇ ਕਈ ਦਿਨ ਕੈਂਪ ਆਯੋਜਿਤ ਕਰਨਾ ਪਿਆ। ਇਸ ਦੇ ਨਾਲ ਹੀ ਸ਼ਹਿਰ ਦੇ ਹਜ਼ਾਰਾਂ ਲੋਕ ਜਿਥੇ ਆਈ ਫਲੂ ਦੀ ਇਨਫੈਕਸ਼ਨ ਨਾਲ ਜੂਝ ਰਹੇ ਹਨ, ਉਥੇ ਹੀ ਵਧੇਰੇ ਲੋਕਾਂ ਨੂੰ ਪੀਲੀਆ, ਪੇਟ ਨਾਲ ਸਬੰਧਤ ਬੀਮਾਰੀਆਂ, ਚਮੜੀ ਦੀਆਂ ਬੀਮਾਰੀਆਂ ਅਤੇ ਇਨਫੈਕਸ਼ਨ ਆਦਿ ਨੇ ਘੇਰਿਆ ਹੋਇਆ ਹੈ। ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਡਾਕਟਰਾਂ ਕੋਲ ਵੀ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਟਾਈਫਾਈਡ, ਮਲੇਰੀਆ ਅਤੇ ਵਾਇਰਲ ਬੁਖਾਰ ਦੇ ਵੀ ਸੈਂਕੜੇ-ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਸ਼ਹਿਰ ਵਿਚ ਜਿਸ ਤਰ੍ਹਾਂ ਗੰਦਗੀ ਦੇ ਹਾਲਾਤ ਹਨ ਅਤੇ ਜਗ੍ਹਾ-ਜਗ੍ਹਾ ਬਾਰਿਸ਼ ਦਾ ਪਾਣੀ ਜਮ੍ਹਾ ਹੈ, ਉਸਦੇ ਕਾਰਨ ਡੇਂਗੂ ਦੇ ਵੀ ਕਈ ਕੇਸ ਸਾਹਮਣੇ ਆਉਣ ਨਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਿਚ ਵਾਧਾ ਹੋ ਚੁੱਕਾ ਹੈ।
ਇਸ ਵਿਚ ਸਿਹਤ ਵਿਭਾਗ ਅਤੇ ਜਲੰਧਰ ਨਿਗਮ ਦੀਆਂ ਸਾਂਝੀਆਂ ਟੀਮਾਂ ਘਰ-ਘਰ ਜਾ ਕੇ ਛੱਤਾਂ ਵਿਚ ਪੁਰਾਣੇ ਟਾਇਰਾਂ, ਕੂਲਰਾਂ ਅਤੇ ਗਮਲਿਆਂ ਆਦਿ ਵਿਚ ਖੜ੍ਹੇ ਪਾਣੀ ਦੇ ਚਲਾਨ ਕੱਟ ਰਹੀਆਂ ਹਨ ਅਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਲੱਭਿਆ ਜਾ ਰਿਹਾ ਹੈ ਪਰ ਸ਼ਾਇਦ ਇਸ ਕੰਮ ਵਿਚ ਲੱਗੇ ਅਧਿਕਾਰੀਆਂ ਨੂੰ ਜਲੰਧਰ ਨਿਗਮ ਦੀ ਮੇਨ ਬਿਲਡਿੰਗ ਦੇ ਬਿਲਕੁਲ ਸਾਹਮਣੇ ਸਥਿਤ ਕੰਪਨੀ ਬਾਗ ਨਜ਼ਰ ਹੀ ਨਹੀਂ ਆ ਰਿਹਾ, ਜਿੱਥੇ ਨਗਰ ਨਿਗਮ ਕਮਿਸ਼ਨਰ ਦੇ ਆਫਿਸ ਦੀ ਖਿੜਕੀ ਦੇ ਬਿਲਕੁਲ ਹੇਠਾਂ ਪਿਛਲੇ ਕਈ ਦਿਨਾਂ ਤੋਂ ਸਾਫ਼ ਪਾਣੀ ਖੜ੍ਹਾ ਹੈ ਅਤੇ ਉਸ ’ਤੇ ਖ਼ਤਰਨਾਕ ਮੱਛਰਾਂ ਦਾ ਲਾਰਵਾ ਵੀ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ

ਆਉਂਦੇ-ਜਾਂਦੇ ਹਰ ਨਿਗਮ ਅਧਿਕਾਰੀ ਨੂੰ ਦਿੱਸਦਾ ਹੈ ਇਹ ਹਾਟਸਪਾਟ
ਉਂਝ ਤਾਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ 100 ਤੋਂ ਵੱਧ ਅਜਿਹੇ ਹਾਟਸਪਾਟ ਐਲਾਨੇ ਹੋਏ ਹਨ, ਜਿਥੇ ਡੇਂਗੂ ਫੈਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ ਪਰ ਨਿਗਮ ਦੀ ਮੇਨ ਬਿਲਡਿੰਗ ਦੀ ਪਾਰਕਿੰਗ ਨਾਲ ਲੱਗਦਾ ਉਹ ਸਥਾਨ ਕਿਸੇ ਅਧਿਕਾਰੀ ਨੂੰ ਸ਼ਾਇਦ ਨਜ਼ਰ ਹੀ ਨਹੀਂ ਆ ਰਿਹਾ, ਜਿੱਥੇ ਮੱਛਰ ਪੈਦਾ ਹੋਣ ਅਤੇ ਬੀਮਾਰੀ ਫੈਲਣ ਦੀਆਂ ਸੰਭਾਵਨਾਵਾਂ ਸਭ ਤੋਂ ਵੱਧ ਹੋ ਸਕਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਨਿਗਮ ਆਫਿਸ ਆਉਂਦੇ-ਜਾਂਦੇ ਹਰ ਅਧਿਕਾਰੀ ਦੀ ਇਸ ਖ਼ੜ੍ਹੇ ਪਾਣੀ ’ਤੇ ਪੈਂਦੀ ਜ਼ਰੂਰੀ ਹੈ ਪਰ ਅੱਜ ਤੱਕ ਇਥੇ ਨਾ ਤਾਂ ਕਦੀ ਫੌਗਿੰਗ ਕਰਵਾਈ ਗਈ ਹੈ ਅਤੇ ਨਾ ਹੀ ਖੜ੍ਹੇ ਪਾਣੀ ’ਤੇ ਕਦੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਹੀ ਹੋਇਆ ਹੈ।
ਜ਼ਿਕਰਯੋਗ ਹੈ ਕਿ ਨਿਗਮ ਦੀ ਮੇਨ ਬਿਲਡਿੰਗ ਦੇ ਠੀਕ ਸਾਹਮਣੇ ਕੰਪਨੀ ਬਾਗ ਵਿਚ ਕਦੀ 2 ਫੁਹਾਰੇ ਹੁੰਦੇ ਸਨ ਪਰ ਪਿਛਲੇ 5-7 ਸਾਲਾਂ ਤੋਂ ਦੋਵੇਂ ਫੁਹਾਰੇ ਬੰਦ ਪਏ ਹਨ। ਉਨ੍ਹਾਂ ਵਿਚ ਹਰ ਬਰਸਾਤ ਦਾ ਪਾਣੀ ਕਈ-ਕਈ ਦਿਨ ਜਮ੍ਹਾ ਰਹਿੰਦਾ ਹੈ ਅਤੇ ਉਸ ’ਤੇ ਮੱਛਰ ਪੈਦਾ ਹੋਣੇ ਸੁਭਾਵਿਕ ਹੀ ਹੈ। ਫੁਹਾਰੇ ਵਾਲੇ ਸਥਾਨ ’ਤੇ ਜਿਸ ਤਰ੍ਹਾਂ ਸਾਫ਼ ਪਾਣੀ ਖੜ੍ਹਾ ਹੈ ਅਤੇ ਉਸ ’ਤੇ ਮੱਛਰ ਪੈਦਾ ਹੋ ਰਹੇ ਹਨ, ਉਸ ਤੋਂ ਇਹ ਵੀ ਸੰਭਾਵਨਾ ਹੈ ਕਿ ਸਵੇਰੇ-ਸ਼ਾਮ ਕੰਪਨੀ ਬਾਗ ਵਿਚ ਸੈਰ ਕਰਨ ਆਉਣ ਵਾਲਿਆਂ ਨੂੰ ਡੇਂਗੂ ਵੀ ਘੇਰ ਸਕਦਾ ਹੈ।
ਇਕ ਕਰੋੜ ਦਾ ਮਿਊਜ਼ੀਕਲ ਫਾਊਂਟੇਨ ਮੱਛਰਾਂ ਦੀ ਸ਼ਰਨਗਾਹ ਬਣ ਗਿਆ
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕੰਪਨੀ ਬਾਗ ’ਤੇ 5 ਕਰੋੜ ਰੁਪਏ ਖਰਚ ਕਰ ਕੇ ਇਸਨੂੰ ਸੁਧਾਰਿਆ ਗਿਆ ਸੀ ਅਤੇ ਇਕ ਕਰੋੜ ਰੁਪਏ ਦਾ ਤਾਂ ਮਿਊਜ਼ੀਕਲ ਫਾਊਂਟੇਨ ਹੀ ਇਥੇ ਲਾ ਦਿੱਤਾ ਗਿਆ ਸੀ। ਕੁਝ ਮਹੀਨੇ ਚੱਲ ਕੇ ਇਹ ਫਾਊਂਟੇਨ ਬੰਦ ਹੋ ਗਿਆ ਅਤੇ ਪਿਛਲੇ ਕਈ ਸਾਲਾਂ ਤੋਂ ਇਕ ਕਰੋੜ ਨਾਲ ਬਣਿਆ ਇਹ ਮਿਊਜ਼ੀਕਲ ਫਾਊਂਟੇਨ ਮੱਛਰਾਂ ਦੀ ਸ਼ਰਨਗਾਹ ਬਣਿਆ ਹੋਇਆ ਹੈ। ਫਾਊਂਟੇਨ ਲਈ ਬਣੇ ਸਥਾਨ ’ਤੇ ਹਰ ਸਮੇਂ ਪਾਣੀ ਹੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਉਥੇ ਕਾਈ ਤਕ ਜੰਮੀ ਹੋਈ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਅੱਜ ਤਕ ਇਥੇ ਸਫਾਈ ਹੀ ਨਾ ਹੋਈ ਹੋਵੇ।
ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
