ਵਜਰ ਕੋਰ ਵਲੋਂ ਸਾਈਬਰ ਸੁਰੱਖਿਆ ਕੈਂਪ ਦਾ ਆਯੋਜਨ
Saturday, Dec 07, 2019 - 06:50 PM (IST)

ਜਲੰਧਰ (ਵਿਕ੍ਰਮ)—ਭਾਰਤੀ ਫੌਜ ਵੱਲੋਂ ਸਾਈਬਰ ਸੁਰੱਖਿਆ ਹਫਤਾਵਰ ਆਯੋਜਨ ਮੁਹਿੰਮ ਤਹਿਤ ਵਜਰ ਕੋਰ ਨੇ ਜਲੰਧਰ ਛਾਉਣੀ 'ਚ 6 ਦਸੰਬਰ 2019 ਨੂੰ ਸਾਰੇ ਰੈਂਕ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 2 ਦਿਨਾਂ ਸਾਈਬਰ ਸੁਰੱਖਿਆ ਕੈਂਪ ਦਾ ਆਯੋਜਨ ਕੀਤਾ। ਇਸ ਮੁਹਿੰਮ ਤਹਿਤ ਵਜਰ ਕੋਰ ਨੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਵਧਾਉਣ ਲਈ ਅਤੇ ਸਾਈਬਰ ਸੁਰੱਖਿਆ ਉਪਾਆਂ ਨੂੰ ਹੋਰ ਜ਼ਿਆਦਾ ਭਰੋਸੇਮੰਦ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਸ ਮੌਕੇ 'ਤੇ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ, ਜੀ.ਓ.ਸੀ. ਵਜਰ ਕੋਰ ਦੇ ਸਾਰੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੇ ਸੁਨੇਹਿਆਂ 'ਚ ਵਿਭਾਗੀ ਪੱਧਰ 'ਤੇ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਦੀ ਜਰੂਰਤ 'ਤੇ ਜ਼ੋਰ ਦੇਣ ਸੰਬੰਧੀ ਗੱਲ ਕੀਤੀ। ਉਨ੍ਹਾਂ ਨੇ ਸਾਰੇ ਪਰਿਵਾਰਾਂ ਅਤੇ ਬੱਚਿਆਂ ਨੂੰ ਵਿਅਕਤੀਗਤ ਪੱਧਰ 'ਤੇ ਸੰਚਾਰ ਦੇ ਉਪਕਰਣਾਂ ਦੀ ਵਰਤੋਂ ਕਰਦੇ ਸਮੇਂ ਉਭਰਦੇ ਖਤਰਿਆਂ ਤੋਂ ਨਜਿਠੱਣ ਲਈ ਸਾਈਬਰ ਸੁਰੱਖਿਆ ਦੀ ਅਹਿਮੀਅਤ ਨੂੰ ਸਮਝਾਉਣ ਦੀ ਜਰੂਰਤ ਬਾਰੇ ਦੱਸਿਆ।
ਸਰਵਿਸ ਕਰ ਰਹੇ ਫੌਜੀਆਂ ਲਈ ਸਰਵਸੇਰ੍ਸ਼ਠ ਉਪਾਅ ਸਿਖਲਾਈ ਕੈਂਪ ਆਯੋਜਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਦੇ ਸਾਈਬਰ ਹਾਈਜੀਨ ਕੈਂਪ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਰਾਹੀਂ ਪਰਿਵਾਰਾਂ 'ਚ ਸਾਈਬਰ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਘਰਾਂ 'ਚ ਵਰਤੋਂ ਕੀਤੇ ਜਾਣ ਵਾਲੇ ਵਿਅਕਤੀਗਤ ਸੰਚਾਰ ਦੇ ਸਾਧਨ-ਮੋਬਾਇਲ, ਲੈਪਟਾਪ ਆਦਿ ਦੀ ਸੰਭਾਵਿਤ ਸਾਈਬਰ ਹਮਲੇ ਰੋਕੂ ਬਣਾਉਣ ਦੀ ਮੁਹਿੰਮ ਚਲਾਈ ਗਈ। ਬੱਚਿਆਂ ਲਈ ਸਾਈਬਰ ਸਰਗਰਮੀਆਂ ਇਸ ਕੈਂਪ ਦਾ ਇਕ ਹੋਰ ਕੇਂਦਰਿਤ ਵਿਸ਼ਾ ਸੀ, ਜਿਸ ਦੀ ਅਨੁਕੂਲਤਾ ਅਤੇ ਉਪਯੋਗਤਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਵਜਰ ਕੋਰ ਵੱਲੋਂ ਸਾਈਬਰ ਸੁਰੱਖਿਆ ਹਫਤੇ ਦੀ ਸਮਾਪਤੀ ਸਾਰੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਾਈਬਰ ਸੁਰੱਖਿਆ ਸਹੁੰ ਚੁੱਕਣ ਦੇ ਨਾਲ ਕੀਤੀ ਗਈ।