ਕੋਵਿਡ-19 ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਨਲਾਈਨ ਕੁਇਜ਼ ਇਕ ਸ਼ਲਾਘਾਯੋਗ ਪਹਿਲ: ਡੀ. ਸੀ. ਅਪਨੀਤ

Friday, Jul 24, 2020 - 11:08 PM (IST)

ਕੋਵਿਡ-19 ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਨਲਾਈਨ ਕੁਇਜ਼ ਇਕ ਸ਼ਲਾਘਾਯੋਗ ਪਹਿਲ: ਡੀ. ਸੀ. ਅਪਨੀਤ

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਜ਼ਿਲ੍ਹੇ ਦੇ ਨੌਜਵਾਨ ਸੇਵਾਵਾਂ ਵਿਭਾਗ ਵਲੋਂ ਜਿਥੇ ਕੋਵਿਡ-19 ਤੋਂ ਬਚਾਅ ਸਬੰਧੀ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉਥੇ ਹੀ ਹੁਣ ਏਡਜ਼/ਖੂਨਦਾਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਆਨਲਾਈਨ ਕੁਇਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਨਲਾਈਨ ਕੁਇਜ਼ ਦਾ ਲਿੰਕ 23 ਜੁਲਾਈ ਤੋਂ ਸਵੇਰੇ 9 ਵਜੇ ਤੋਂ ਖੁੱਲ੍ਹ ਗਿਆ ਹੈ ਅਤੇ 31 ਜੁਲਾਈ ਤੱਕ ਇਸ ਕੁਇਜ਼ 'ਚ ਹਿੱਸਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੁਇਜ਼ ਦੌਰਾਨ ਲੋਕਾਂ ਨੂੰ ਏਡਜ਼/ਖੂਨਦਾਨ ਪ੍ਰਤੀ ਜਾਣਕਾਰੀ ਉਪਲਬੱਧ ਕਰਵਾਈ ਜਾ ਰਹੀ ਹੈ, ਉਥੇ ਹੀ ਜਾਣਕਾਰੀ ਨੂੰ ਵੀ ਪਰਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੁਇਜ਼ ਮੁਕਾਬਲੇ 'ਚ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਇਸ ਕੁਇਜ਼ 'ਚ ਹਿੱਸਾ ਲੈਣ ਵਾਲਿਆਂ ਨੂੰ ਵਿਭਾਗ ਵਲੋਂ ਭੇਜੇ ਗਏ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਇਹ ਲਿੰਕ District Public Relations Office Hoshiarpur ਦੇ ਫੇਸਬੁੱਕ ਪੇਜ਼ 'ਤੇ ਦੇਖਿਆ ਜਾ ਸਕਦਾ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸੁਰੱਖਿਅਤ ਰਹਿਣ ਲਈ 'ਮਿਸ਼ਨ ਫਤਿਹ' ਦਾ ਅਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਇਕ ਦੂਜੇ ਤੋਂ ਬਣਦੀ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ, ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ 'ਤੇ ਜਾਗਰੂਕਤਾ ਦੇ ਨਾਲ ਹੀ ਫਤਿਹ ਪਾਈ ਜਾ ਸਕਦੀ ਹੈ, ਇਸ ਲਈ ਸਵੈ ਜਾਗਰੂਕ ਹੋ ਕੇ ਦੂਜਿਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਵਿਭਾਗ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਇਕ ਆਨਲਾਈਨ ਕੁਇਜ਼ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਤੇ ਗਏ ਲਿੰਕ ਖੁੱਲ੍ਹਣ ਵਾਲੇ ਪੇਜ਼ 'ਤੇ ਆਪਣੀ ਈਮੇਲ ਆਈ.ਡੀ., ਫੋਨ ਨੰਬਰ, ਜੈਂਡਰ, ਦੇਸ਼, ਰਾਜ, ਜ਼ਿਲ੍ਹਾ ਭਰਨਾ ਹੋਵੇਗਾ। ਇਸ ਉਪਰੰਤ ਸਾਹਮਣੇ 10 ਸਵਾਲ ਆਉਣਗੇ, ਉਨ੍ਹਾਂ ਸਵਾਲਾਂ ਦੇ 4 ਜਵਾਬਾਂ ਵਿੱਚੋਂ ਕਿਸੇ ਇਕ ਆਪਸ਼ਨ ਨੂੰ ਚੁਣਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਵਾਲ ਦੇ ਜਵਾਬ ਦੇਣ ਤੋਂ ਬਾਅਦ ਸਬਮਿਟ ਕਰਨ 'ਤੇ ਰਿਜ਼ਲਟ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ 6 ਜਾਂ 6 ਤੋਂ ਵੱਧ ਜਵਾਬ ਠੀਕ ਹੋਣ 'ਤੇ ਉਕਤ ਵਿਅਕਤੀ ਨੂੰ ਉਸ ਦਾ ਸਰਟੀਫਿਕੇਟ ਉਸ ਦੁਆਰਾ ਭੇਜੀ ਹੋਈ ਈਮੇਲ ਆਈ.ਡੀ. 'ਤੇ ਭੇਜ ਦਿੱਤਾ ਜਾਵੇਗਾ।
ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਲਾਕਡਾਊਨ ਦੌਰਾਨ ਖੂਨਦਾਨ ਕੈਂਪ ਬਹੁਤ ਘੱਟ ਲਗ ਰਹੇ ਹਨ, ਇਸ ਕਾਰਨ ਜਿਆਦਾਤਰ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਚੱਲ ਰਹੀ ਹੈ, ਇਸ ਘਾਟ ਨੂੰ ਦੂਰ ਕਰਨ ਲਈ ਲੋਕਾਂ ਵਿੱਚ ਖੂਨਦਾਨ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇਹ ਆਨਲਾਈਨ ਕੁਇਜ਼ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹ ਕਿ ਇਸ ਸਾਰੇ ਆਨਲਾਈਨ ਕੁਇਜ਼ ਨੂੰ ਸ੍ਰੀ ਪ੍ਰੀਤ ਕੋਹਲੀ ਦੇ 13 ਸਾਲਾ ਲੜਕੇ ਤਰੁਣਪ੍ਰੀਤ ਕੋਹਲੀ ਨੇ ਲਾਕਡਾਊਨ ਦੌਰਾਨ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਇਸ ਕੁਇਜ਼ ਸਬੰਧੀ ਪੋਸਟਰ ਅਤੇ ਸਰਟੀਫਿਕੇਟ ਵੀ ਤਰੁਣਪ੍ਰੀਤ ਕੋਹਲੀ ਵਲੋਂ ਹੀ ਤਿਆਰ ਕੀਤਾ ਗਿਆ ਹੈ।
 


author

Deepak Kumar

Content Editor

Related News