ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੇ ਮਾਮਲੇ ’ਚ ਨਿਗਮ ਦੀ ਹਾਲਤ ਫੁੱਟਬਾਲ ਵਰਗੀ

05/27/2022 4:48:31 PM

ਜਲੰਧਰ (ਖੁਰਾਣਾ)- ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਦੀ ਸੱਤਾ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ ਹੈ ਪਰ ਅਜੇ ਵੀ ਜਲੰਧਰ ’ਚ ਦੋ ਵਿਧਾਇਕ ਕਾਂਗਰਸੀ ਹਨ ਅਤੇ ਜਲੰਧਰ ਨਿਗਮ ਦੀ ਸੱਤਾ ’ਤੇ ਅਜੇ ਵੀ ਕਾਂਗਰਸ ਦਾ ਹੀ ਕਬਜ਼ਾ ਹੈ। ਕੁੱਲ ਮਿਲਾ ਕੇ ਜਲੰਧਰ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਅੱਧੀ-ਅੱਧੀ ਸਰਕਾਰ ਚੱਲ ਰਹੀ ਹੈ, ਜਿਸ ਕਾਰਨ ਜਲੰਧਰ ਨਗਰ ਨਿਗਮ ਦੀ ਹਾਲਤ ਫੁੱਟਬਾਲ ਵਰਗੀ ਹੋ ਗਈ ਹੈ। ਇਕ ਪਾਸੇ ਨਿਗਮ ਅਧਿਕਾਰੀਆਂ ਅਤੇ ਸਟਾਫ ’ਤੇ ਕਾਂਗਰਸੀਆਂ ਦਾ ਪ੍ਰੈਸ਼ਰ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਡਰ ਨਿਗਮ ਨੂੰ ਸਤਾ ਰਿਹਾ ਹੈ, ਜੋ ਇਨ੍ਹੀਂ ਦਿਨੀਂ ਸਰਕਾਰੀ ਅਧਿਕਾਰੀਆਂ ’ਤੇ ਸਖਤ ਐਕਸ਼ਨ ਲੈ ਰਹੀ ਹੈ। ਤਾਜ਼ਾ ਮਾਮਲਾ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਦੀ ਢਿੱਲਵਾਂ ਰੋਡ ’ਤੇ ਸਥਿਤ ਇਮਾਰਤ ਦਾ ਹੈ, ਜਿਸ ਨੂੰ ‘ਯੰਮੀ ਬਾਈਟਸ ਬਿਲਡਿੰਗ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਕੌਂਸਲਰ ਜੱਸਲ ਇਮਾਰਤ ਦੀ ਉੱਪਰਲੀ ਮੰਜ਼ਿਲ ’ਤੇ ਲੈਂਟਰ ਪਾਉਣਾ ਚਾਹੁੰਦੇ ਹਨ ਅਤੇ ਉਥੇ ਸਰੀਆ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਪਿਛਲੇ 2 ਦਿਨਾਂ ਤੋਂ ਜਲੰਧਰ ਨਿਗਮ ਦੇ ਸਾਰੇ ਵੱਡੇ ਅਧਿਕਾਰੀ ਇਸ ਨਾਜਾਇਜ਼ ਉਸਾਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।

ਕੁੱਲ ਮਿਲਾ ਕੇ ਜਲੰਧਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ, ਜਿਸ ਦਾ ਰੁਤਬਾ ਪੂਰੇ ਸ਼ਹਿਰ ’ਚ ਹੁੰਦਾ ਸੀ, ਇਸ ਮਾਮਲੇ ’ਚ ਲਾਚਾਰਾਂ ਵਰਗੀ ਸਥਿਤੀ ’ਚ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ਨਿਗਮ ਅਧਿਕਾਰੀਆਂ ਨੂੰ ਸਾਫ ਨਿਰਦੇਸ਼ ਦਿੱਤੇ ਹੋਏ ਹਨ ਕਿ ਨਾਜਾਇਜ਼ ਉਸਾਰੀਆਂ ਕਿਸੇ ਵੀ ਸੂਰਤ ’ਚ ਨਹੀਂ ਹੋਣੀਆਂ ਚਾਹੀਦੀਆਂ, ਭਾਵੇਂ ਉਹ ਕੋਈ ਵੀ ਹੋਵੇ।

ਇਹ ਵੀ ਪੜ੍ਹੋ: ਰੋਪੜ ਦੇ ਘਨੌਲੀ ਵਿਖੇ ਨਾਬਾਲਗ ਕੁੜੀ ਨੇ ਕੀਤੀ ਖ਼ੁਦਕੁਸ਼ੀ, ਟੀਚਰ ਸਣੇ 5 ਖ਼ਿਲਾਫ਼ ਮੁਕੱਦਮਾ ਦਰਜ

PunjabKesari

ਜੱਸਲ ਨੇ ‘ਆਪ’ ਵਿਧਾਇਕ ’ਤੇ ਲਾਇਆ ਸਿਆਸੀ ਰੰਜਿਸ਼ ਕੱਢਣ ਦਾ ਦੋਸ਼
ਕੌਂਸਲਰ ਮਨਦੀਪ ਜੱਸਲ ਨੇ ਅੱਜ ਲਗਭਗ ਅੱਧੀ ਦਰਜਨ ਪਾਰਟੀ ਕੌਂਸਲਰਾਂ ਨੂੰ ਨਾਲ ਲੈ ਕੇ ਮੇਅਰ ਰਾਜਾ ਨਾਲ ਵੀ ਮੁਲਾਕਾਤ ਕੀਤੀ ਅਤੇ ਨਿਗਮ ਅਧਿਕਾਰੀਆਂ ਨੂੰ ਮਿਲ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੱਸਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਮਾਰਤ ਦਾ ਨਕਸ਼ਾ ਪਾਸ ਹੈ ਅਤੇ ਸੀ. ਐੱਲ. ਯੂ. ਫੀਸ ਵੀ ਜਮ੍ਹਾ ਹੈ। ਉਹ ਉੱਪਰਲੀ ਮੰਜ਼ਿਲ ’ਤੇ ਚਾਦਰਾਂ ਹਟਾ ਕੇ ਲੈਂਟਰ ਪਾਉਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਪੂਰੇ ਸ਼ਹਿਰ ’ਚ ਧੜਾਧੜ ਉਸਾਰੀਆਂ ਚੱਲ ਰਹੀਆਂ ਹਨ, ਸਿਰਫ ਉਨ੍ਹਾਂ ਨੂੰ ਹੀ ਕਾਂਗਰਸ ਪਾਰਟੀ ਨਾਲ ਸਬੰਧਤ ਹੋਣ ਕਾਰਨ ਰੋਕਿਆ ਜਾ ਰਿਹਾ ਹੈ ਅਤੇ ਇਸ ਮਾਮਲੇ ’ਚ ‘ਆਪ’ ਵਿਧਾਇਕ ਰਮਨ ਅਰੋੜਾ ਨਿਗਮ ’ਤੇ ਨਾਜਾਇਜ਼ ਪ੍ਰੈਸ਼ਰ ਪਾ ਰਹੇ ਹਨ।

ਇਹ ਵੀ ਪੜ੍ਹੋ: ਸੰਤ ਸੀਚੇਵਾਲ ਨੂੰ ਬੋਲੇ CM ਮਾਨ, ਵਾਤਾਵਰਣ ਸੁਧਾਰਨ ਲਈ ਤੁਸੀਂ ਦਿਓ ਸੁਝਾਅ, ਅਸੀਂ ਕਰਾਂਗੇ ਲਾਗੂ

PunjabKesari

ਪੁਲਸ ਵੀ ਬਿਠਾਈ, ਮਿੰਨਤਾਂ ਵੀ ਕੀਤੀਆਂ ਪਰ ਕੰਮ ਜਾਰੀ ਰਿਹਾ
ਇਸ ਇਮਾਰਤ ’ਚ ਚੱਲ ਰਹੀ ਉਸਾਰੀ ਬਾਰੇ ਸ਼ਿਕਾਇਤਾਂ ਮਿਲਣ ਅਤੇ ‘ਆਪ’ ਵਿਧਾਇਕ ਦੇ ਨਿਰਦੇਸ਼ਾਂ ਕਾਰਨ ਨਿਗਮ ਨੇ ਬੁੱਧਵਾਰ ਮੌਕੇ ’ਤੇ ਜਾ ਕੇ ਕੰਮ ਰੁਕਵਾ ਦਿੱਤਾ ਅਤੇ ਉਥੇ ਪੁਲਸ ਵੀ ਤਾਇਨਾਤ ਕਰ ਦਿੱਤੀ ਪਰ ਇਸ ਦੇ ਬਾਵਜੂਦ ਕੌਂਸਲਰ ਜੱਸਲ ਨੇ ਲੈਂਟਰ ਪਾਉਣ ਨਾਲ ਸਬੰਧਤ ਕੰਮ ਨਹੀਂ ਰੋਕਿਆ ਅਤੇ ਵੀਰਵਾਰ ਦੇਰ ਸ਼ਾਮ ਤੱਕ ਉਥੇ ਮੌਕੇ ’ਤੇ ਕੰਮ ਜਾਰੀ ਸੀ। ਵੀਰਵਾਰ ਸਾਰਾ ਦਿਨ ਨਿਗਮ ਅਧਿਕਾਰੀ ਉਥੇ ਮੌਕੇ ’ਤੇ ਰਹੇ ਅਤੇ ਸ਼ਾਮ ਨੂੰ ਕੌਂਸਲਰ ਜੱਸਲ ਦੀਆਂ ਮਿੰਨਤਾਂ ਤੱਕ ਕਰਦੇ ਰਹੇ ਕਿ ਲੈਂਟਰ ਨਾ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਸਰੀਆ ਪਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਗਿਆ। ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਉੱਪਰਲੀ ਮੰਜ਼ਿਲ ਤੱਕ ਜਾਣ ਵਾਲੇ ਰਸਤੇ ਨੂੰ ਸੀਲ ਵੀ ਕੀਤਾ ਗਿਆ ਪਰ ਉਸ ਦੇ ਬਾਵਜੂਦ ਕੰਮ ਨਹੀਂ ਰੁਕਿਆ। 20 ਦੇ ਲਗਭਗ ਪਹੁੰਚੇ ਪੁਲਸ ਵਾਲੇ ਵੀ ਬੇਵੱਸ ਦਿਸੇ। ਅੱਜ ਸਾਰਾ ਦਿਨ ਨਿਗਮ ਕੰਪਲੈਕਸ ’ਚ ਇਸ ਇਮਾਰਤ ਨੂੰ ਲੈ ਕੇ ਚਰਚਾ ਚੱਲਦੀ ਰਹੀ ਅਤੇ ਨਿਗਮ ਅਧਿਕਾਰੀਆਂ ਦੀ ਲਾਚਾਰੀ ਸਾਫ਼ ਤੌਰ ’ਤੇ ਸਾਹਮਣੇ ਆਉਂਦੀ ਰਹੀ।

ਇਹ ਵੀ ਪੜ੍ਹੋ:  ਘਰ ’ਚ ਕੰਮ ਵਾਲੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਇੰਝ ਲੁੱਟ ਦਾ ਸ਼ਿਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News