ਬਿਲਡਿੰਗ ਵਿਭਾਗ ਦੇ ਐਕਟਿਵ ਹੋਣ ਨਾਲ ਥੋੜ੍ਹਾ ਸੁਧਰਨ ਲੱਗਾ ਨਿਗਮ ਅਤੇ ਸਰਕਾਰ ਦਾ ਅਕਸ

Sunday, Jan 21, 2024 - 03:18 PM (IST)

ਬਿਲਡਿੰਗ ਵਿਭਾਗ ਦੇ ਐਕਟਿਵ ਹੋਣ ਨਾਲ ਥੋੜ੍ਹਾ ਸੁਧਰਨ ਲੱਗਾ ਨਿਗਮ ਅਤੇ ਸਰਕਾਰ ਦਾ ਅਕਸ

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਸਭ ਤੋਂ ਸ਼ਕਤੀਸ਼ਾਲੀ, ਮਲਾਈਦਾਰ ਅਤੇ 24 ਘੰਟੇ ਐਕਟਿਵ ਰਹਿਣ ਵਾਲਾ ਮਹਿਕਮਾ ਮੰਨਿਆ ਜਾਂਦਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਦਾ ਬਿਲਡਿੰਗ ਵਿਭਾਗ ਬਿਲਕੁਲ ਹੀ ਠੁੱਸ ਹੋ ਕੇ ਬੈਠਾ ਹੋਇਆ ਸੀ ਅਤੇ ਇਸ ਵਿਭਾਗ ਨਾਲ ਸਬੰਧਤ ਜ਼ਿਆਦਾਤਰ ਕਰਮਚਾਰੀ ਅਤੇ ਅਧਿਕਾਰੀ ਫੀਲਡ ਵਿਚ ਨਿਕਲ ਹੀ ਨਹੀਂ ਰਹੇ ਸਨ। ਜਦੋਂ ਜਲੰਧਰ ਵਿਚ ਲੋਕ ਸਭਾ ਦੀ ਉਪ ਚੋਣ ਹੋਈ ਸੀ ਤਾਂ ਨਿਗਮ ਦੇ ਇਸ ਵਿਭਾਗ ਨੂੰ ਆਪਣੀਆਂ ਕਾਰਵਾਈਆਂ ਸੀਮਤ ਕਰਨ ਲਈ ਕਹਿ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਬਿਲਡਿੰਗ ਵਿਭਾਗ ਨੇ ਸ਼ਹਿਰ ਵਿਚ ਕੋਈ ਵੱਡੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪਿਛਲੇ ਲਗਭਗ 6 ਮਹੀਨਿਆਂ ਤੋਂ ਸ਼ਹਿਰ ਵਿਚ ਨਾਜਾਇਜ਼ ਨਿਰਮਾਣਾਂ ਦਾ ਹੜ੍ਹ ਜਿਹਾ ਆ ਗਿਆ ਸੀ ਅਤੇ ਨਿਗਮ ਦੇ ਰੈਵੇਨਿਊ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਸੀ।
ਹੁਣ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਐਡੀਸ਼ਨਲ ਕਮਿਸ਼ਨਰ ਮੈਡਮ ਸ਼ਿਖਾ ਭਗਤ ਦੇ ਨਿਰਦੇਸ਼ਾਂ ’ਤੇ ਬਿਲਡਿੰਗ ਵਿਭਾਗ ਨੇ ਜਿਥੇ ਡਿੱਚ ਮਸ਼ੀਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਸਵੇਰੇ-ਸਵੇਰੇ ਸੀਲਿੰਗ ਦੇ ਨੋਟਿਸ ਵੀ ਚਿਪਕਾਉਣੇ ਆਰੰਭ ਕਰ ਦਿੱਤੇ ਹਨ, ਜਿਸ ਨਾਲ ਨਾਜਾਇਜ਼ ਨਿਰਮਾਣ ਕਰਨ ਵਾਲਿਆਂ ਵਿਚ ਹੜਕੰਪ ਜਿਹਾ ਮਚਿਆ ਹੋਇਆ ਹੈ।

ਨਿਗਮ ਵਿਚ ਇਨ੍ਹੀਂ ਦਿਨੀਂ ਹਰ ਰੋਜ਼ ਕਾਲੋਨਾਈਜ਼ਰਾਂ, ਬਿਲਡਰਾਂ ਅਤੇ ਉਨ੍ਹਾਂ ਆਰਕੀਟੈਕਟਾਂ ਨੂੰ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪਿਛਲੇ ਮਹੀਨਿਆਂ ਦੌਰਾਨ ਖੁੱਲ੍ਹ ਨੇ ਨਾਜਾਇਜ਼ ਨਿਰਮਾਣ ਕੀਤੇ। ਮੰਨਿਆ ਜਾ ਰਿਹਾ ਹੈ ਕਿ ਨਿਗਮ ਦੇ ਬਿਲਡਿੰਗ ਵਿਭਾਗ ਦੇ ਐਕਟਿਵ ਹੋਣ ਨਾਲ ਨਗਰ ਨਿਗਮ ਅਤੇ ਸਰਕਾਰ ਦਾ ਅਕਸ ਵੀ ਕੁਝ ਹੱਦ ਤਕ ਸੁਧਰਿਆ ਹੈ ਕਿਉਂਕਿ ਇਨ੍ਹੀਂ ਦਿਨੀਂ ਨਿਗਮ ਵਿਚ ਭ੍ਰਿਸ਼ਟਾਚਾਰ ਸਿਖਰ ’ਤੇ ਪਹੁੰਚਣ ਦੇ ਦੋਸ਼ ਤਕ ਲੱਗਣੇ ਸ਼ੁਰੂ ਹੋ ਗਏ ਸਨ।

ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ, ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ

ਇਕੱਠਿਆਂ 20 ਨਾਜਾਇਜ਼ ਦੁਕਾਨਾਂ ਨੂੰ ਕੀਤਾ ਸੀਲ, ਸਵੇਰੇ-ਸਵੇਰੇ ਹਨੇਰੇ ਵਿਚ ਹੋਈ ਕਾਰਵਾਈ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਅੱਜ ਫਿਰ ਸਵੇਰੇ-ਸਵੇਰੇ ਅਤੇ ਹਨੇਰੇ ਵਿਚ ਕਾਰਵਾਈ ਕੀਤੀ, ਜਿਸ ਦੌਰਾਨ ਇਕੱਠਿਆਂ 20 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ, ਜੋ ਨਾਜਾਇਜ਼ ਤੌਰ ’ਤੇ ਬਣਾਈਆਂ ਗਈਆਂ ਸਨ।
ਖੁਰਲਾ ਕਿੰਗਰਾ ਇਲਾਕੇ ਵਿਚ ਬੈਂਕ ਕਾਲੋਨੀ ਵਿਚ ਸਥਿਤ ਹੈਪੀ ਟੈਂਟ ਹਾਊਸ ਦੇ ਸਾਹਮਣੇ 8 ਦੁਕਾਨਾਂ ਨੂੰ ਸੀਲ ਕਰਨ ਤੋਂ ਇਲਾਵਾ ਸਾਈਂ ਮੰਦਿਰ ਦੇ ਨੇੜੇ 4 ਦੁਕਾਨਾਂ ਨੂੰ ਸੀਲ ਲਗਾ ਦਿੱਤੀ ਗਈ। ਬੈਂਕ ਐਨਕਲੇਵ ਵਿਚ ਨਾਜਾਇਜ਼ ਤੌਰ ’ਤੇ ਬਣੀਆਂ 3 ਦੁਕਾਨਾਂ ਨੂੰ ਸੀਲ ਕੀਤਾ ਗਿਆ ਅਤੇ ਭਾਈ ਬੰਨੋ ਜੀ ਨਗਰ ਵਿਚ ਪੀ. ਐੱਨ. ਬੀ. ਦੇ ਨੇੜੇ ਇਕ ਦੁਕਾਨ ’ਤੇ ਸੀਲ ਲਗਾ ਦਿੱਤੀ ਗਈ। ਇਸੇ ਤਰ੍ਹਾਂ ਮਾਡਲ ਟਾਊਨ ਦੀ ਗੋਲ ਮਾਰਕੀਟ ਵਿਚ ਵੀ ਨਾਜਾਇਜ਼ ਤੌਰ ’ਤੇ ਬਣੀਆਂ 2 ਦੁਕਾਨਾਂ ਨੂੰ ਸੀਲ ਕੀਤਾ ਗਿਆ। ਈਸ਼ਰਪੁਰੀ ਵਿਚ ਵੀ ਇਕ ਵੈਲਡਿੰਗ ਦੀ ਦੁਕਾਨ ਨੂੰ ਸੀਲ ਲਗਾਈ ਗਈ। ਨਿਗਮ ਦੀ ਇਸੇ ਟੀਮ ਨੇ ਮੈਨਬ੍ਰੋ ਚੌਂਕ ਦੇ ਬਿਲਕੁਲ ਨੇੜੇ ਨਾਜਾਇਜ਼ ਤੌਰ ’ਤੇ ਬਣ ਰਹੀ ਇਕ ਦੁਕਾਨ ਨੂੰ ਸੀਲ ਕਰ ਦਿੱਤਾ।

ਕੁੱਲ੍ਹ ਮਿਲਾ ਕੇ ਬੀਤੇ ਦਿਨ ਜਿਨ੍ਹਾਂ 20 ਦੁਕਾਨਾਂ ਨੂੰ ਸੀਲ ਕੀਤਾ ਗਿਆ, ਉਨ੍ਹਾਂ ਵਿਚੋਂ 19 ਦੁਕਾਨਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਨਿਗਮ ਦੀਆਂ ਟੀਮਾਂ ਨੇ ਸਮੇਂ-ਸਮੇਂ ਪਹਿਲਾਂ ਵੀ ਸੀਲ ਲਗਾਈ ਸੀ। ਇਨ੍ਹਾਂ ਦੁਕਾਨਾਂ ਨੂੰ ਬਣਾਉਣ ਵਾਲੇ ਿਬਲਡਰਾਂ ਨੇ ਨਿਗਮ ਨੂੰ ਐਫੀਡੇਵਿਟ ਦਿੱਤੇ ਸਨ ਕਿ ਜਾਂ ਤਾਂ ਇਨ੍ਹਾਂ ਨੂੰ ਨਿਯਮ ਅਨੁਸਾਰ ਠੀਕ ਕਰ ਲਿਆ ਜਾਵੇਗਾ ਜਾਂ ਇਨ੍ਹਾਂ ਦੀ ਰਿਹਾਇਸ਼ੀ ਵਰਤੋਂ ਹੋਵੇਗੀ ਪਰ ਐਫੀਡੇਵਿਟ ਫਾਈਲਾਂ ਵਿਚ ਹੀ ਲੱਗੇ ਰਹਿ ਗਏ ਅਤੇ ਦੁਕਾਨ ਮਾਲਕਾਂ ਨੇ ਕੁਝ ਨਹੀਂ ਕੀਤਾ, ਸਗੋਂ ਉਥੇ ਕਾਰੋਬਾਰ ਆਰੰਭ ਕਰ ਿਦੱਤੇ। ਨਿਗਮ ਨੇ ਬੀਤੇ ਦਿਨ ਮੌਕਾ ਮਿਲਦੇ ਹੀ ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ, ਦੋਬਾਰਾ ਲੈਣੀ ਹੋਵੇਗੀ ਅਪਾਇੰਟਮੈਂਟ

ਗਾਇਬ ਫਾਈਲਾਂ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਹੋਵੇ ਤਾਂ ਕਈ ਫਸਣਗੇ
ਦੋਸ਼ ਲੱਗਦੇ ਰਹੇ ਹਨ ਕਿ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਆਪਣੇ-ਆਪਣੇ ਤਬਾਦਲੇ ਦੂਜੇ ਸ਼ਹਿਰਾਂ ਵਿਚ ਕਰਵਾ ਲਏ ਅਤੇ ਜਲੰਧਰ ਵਿਚ ਜਾਂਦੇ ਸਮੇਂ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਕਈ ਫਾਈਲਾਂ ਨੂੰ ਜਾਂ ਤਾਂ ਆਪਣੇ ਨਾਲ ਲੈ ਗਏ ਜਾਂ ਉਨ੍ਹਾਂ ਵਿਚੋਂ ਕਈ ਮਹੱਤਵਪੂਰਨ ਦਸਤਾਵੇਜ਼ ਆਦਿ ਪਾੜ ਦਿੱਤੇ। ਹੁਣ ਵਿਭਾਗ ਦੇ ਮੌਜੂਦਾ ਅਧਿਕਾਰੀਆਂ ਨੂੰ ਫਾਈਲਾਂ ਅਤੇ ਬਿਲਡਿੰਗਾਂ ਨੂੰ ਡੀਲ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਇਸ ਘਪਲੇ ਦੀ ਜਾਂਚ ਸਟੇਟ ਵਿਜੀਲੈਂਸ ਨੂੰ ਸੌਂਪ ਦਿੱਤੀ ਜਾਵੇ ਤਾਂ ਕਰੋੜਾਂ ਰੁਪਏ ਨਾਲ ਸਬੰਧਤ ਇਕ ਵੱਡਾ ਘਪਲਾ ਪਕੜ ਵਿਚ ਆ ਸਕਦਾ ਹੈ, ਜਿਸ ਦੌਰਾਨ ਨਿਗਮ ਦੇ ਬਿਲਡਿੰਗ ਵਿਭਾਗ ਨਾਲ ਸਬੰਧਤ ਰਹੇ ਅਧਿਕਾਰੀਆਂ ’ਤੇ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਫਿਲਹਾਲ ਨਗਰ ਨਿਗਮ ਦੇ ਵੱਡੇ ਅਧਿਕਾਰੀ ਅਤੇ ਸਰਕਾਰ ਨਾਲ ਸਬੰਧਤ ਲੋਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਪਿਛਲੇ ਮਹੀਨਿਆਂ ਦੌਰਾਨ ਨਿਗਮ ਦੇ ਵੱਡੇ ਅਧਿਕਾਰੀਆਂ ਵੱਲੋਂ ਨਾਜਾਇਜ਼ ਨਿਰਮਾਣਾਂ ’ਤੇ ਕੋਈ ਕਾਰਵਾਈ ਨਾ ਕਰਨ ਕਾਰਨ ਲੋਕਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਸਨ ਕਿ ਜਿਨ੍ਹਾਂ ਬਿਲਡਿੰਗਾਂ ਨੂੰ ਡਿੱਚ ਨਾਲ ਤੋੜਿਆ ਗਿਆ, ਉਨ੍ਹਾਂ ਸਾਰਿਆਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਅਤੇ ਜਿਨ੍ਹਾਂ ਬਿਲਡਿੰਗਾਂ ਨੂੰ ਸੀਲ ਲਗਾਈ ਗਈ, ਉਨ੍ਹਾਂ ਦੀਆਂ ਸੀਲਾਂ ਨੂੰ ਵੀ ਤੋੜ ਕੇ ਉਥੇ ਕੰਮ ਧੰਦੇ ਸ਼ੁਰੂ ਕਰ ਦਿੱਤੇ ਗਏ। ਹੁਣ ਅਜਿਹੇ ਲੋਕਾਂ ਨੇ ਨਿਗਮ ਤੋਂ ਡਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ 'ਆਪ' ਨੇ ਖਿੱਚੀ ਤਿਆਰੀ, ਕੇਜਰੀਵਾਲ ਤੇ CM ਮਾਨ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਬੈਠਕ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News