ਕਈ ਸਾਲਾਂ ਤੋਂ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਸਬੰਧੀ ਸਰਵੇ ਹੀ ਕਰੀ ਜਾ ਰਿਹੈ ਨਿਗਮ

Thursday, Jun 29, 2023 - 04:47 PM (IST)

ਕਈ ਸਾਲਾਂ ਤੋਂ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਸਬੰਧੀ ਸਰਵੇ ਹੀ ਕਰੀ ਜਾ ਰਿਹੈ ਨਿਗਮ

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਤਹਿਤ ਸਾਫ-ਸਫਾਈ ਲਈ ਜਲੰਧਰ ਨਿਗਮ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ ਪਰ ਜ਼ਿਆਦਾਤਰ ਪੈਸਾ ਸਿਰਫ਼ ਜਾਗਰੂਕਤਾ ਵਰਗੇ ਪ੍ਰੋਗਰਾਮਾਂ ’ਤੇ ਹੀ ਖ਼ਰਚ ਕਰ ਦਿੱਤਾ ਗਿਆ। ਨਿਗਮ ਪਿਛਲੇ ਕਈ ਸਾਲਾਂ ਤੋਂ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਸਬੰਧੀ ਸਰਵੇ ਹੀ ਕਰੀ ਜਾ ਰਿਹਾ ਹੈ, ਜਦਕਿ ਅਜਿਹਾ ਕੋਈ ਪ੍ਰਬੰਧ ਨਾ ਤਾਂ ਨਿਗਮ ਕੋਲ ਹੈ ਅਤੇ ਨਾ ਹੀ ਸ਼ਹਿਰ ਵਿਚ ਕੋਈ ਘਰ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰ ਰਿਹਾ ਹੈ। ਹੁਣ ਫਿਰ ਕੈਂਟ ਹਲਕੇ ਵਿਚ ਅਜਿਹਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਵੀ ਇਕ ਖਾਨਾਪੂਰਤੀ ਹੀ ਸਿੱਧ ਹੋਵੇਗਾ ਕਿਉਂਕਿ ਨਿਗਮ ਕੋਲ ਨਾ ਤਾਂ ਗਿੱਲੇ ਕੂੜੇ ਤੋਂ ਖਾਦ ਬਣਾਉਣ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਇਹ ਸੁੱਕੇ ਕੂੜੇ ਦਾ ਕਿਤੇ ਕੋਈ ਨਿਪਟਾਰਾ ਕਰ ਰਿਹਾ ਹੈ।

ਕੂੜੇ ਦੇ ਵੱਡੇ ਉਤਪਾਦਕਾਂ ਨੂੰ ਭੇਜੇ 15 ਨੋਟਿਸ
ਆਪਣੇ ਕੂੜੇ ਨੂੰ ਮੈਨੇਜ ਕਰਨ ਦਾ ਕੰਮ ਬੰਦ ਕਰ ਚੁੱਕੇ ਹਨ ਸ਼ਹਿਰ ਦੇ ਜ਼ਿਆਦਾਤਰ ਹੋਟਲ ਅਤੇ ਹੋਰ ਵੱਡੇ ਸੰਸਥਾਨ

ਅੱਜ ਤੋਂ ਕਈ ਸਾਲ ਪਹਿਲਾਂ ਸ਼ਹਿਰ ਦੇ ਕਈ ਹੋਟਲਾਂ ਅਤੇ ਕਈ ਵੱਡੇ ਸੰਸਥਾਨਾਂ ਨੇ ਆਪਣੇ-ਆਪਣੇ ਕੂੜੇ ਨੂੰ ਮੈਨੇਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਕੂੜੇ ਤੋਂ ਖਾਦ ਤਕ ਬਣਨੀ ਸ਼ੁਰੂ ਹੋ ਗਈ ਸੀ ਪਰ ਉਸ ਤੋਂ ਬਾਅਦ ਨਗਰ ਨਿਗਮ ਦੀ ਢਿੱਲੀ ਕਾਰਜਪ੍ਰਣਾਲੀ ਕਾਰਨ ਸ਼ਹਿਰ ਦੇ ਲਗਭਗ ਸਾਰੇ ਸੰਸਥਾਨਾਂ ਨੇ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਾਜੈਕਟ ਬੰਦ ਕਰ ਦਿੱਤਾ ਅਤੇ ਹੋਟਲਾਂ ਅਤੇ ਹੋਰ ਵੱਡੇ ਸੰਸਥਾਨਾਂ ਦਾ ਸਾਰਾ ਕੂੜਾ ਨਗਰ ਨਿਗਮ ਦੇ ਡੰਪ ਸਥਾਨਾਂ ’ਤੇ ਆਉਣ ਲੱਗਾ, ਜਿਸ ਕਾਰਨ ਅੱਜ ਕੂੜੇ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।

ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਅੱਜ ਕੂੜੇ ਤੋਂ ਖਾਦ ਬਣਾਉਣ ਲਈ ਲਗਾਏ ਗਏ ਜ਼ਿਆਦਾਤਰ ਪ੍ਰਾਜੈਕਟ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਏ ਹਨ ਅਤੇ ਕਿਤੇ ਵੀ ਕੂੜੇ ਤੋਂ ਖਾਦ ਆਦਿ ਨਹੀਂ ਬਣ ਰਹੀ। ਅਜਿਹੇ ਵਿਚ ਨਿਗਮ ਟੀਮ ਨੇ ਕੈਂਟ ਹਲਕੇ ਵਿਚ 15 ਅਜਿਹੇ ਸੰਸਥਾਨਾਂ ਨੂੰ ਨੋਟਿਸ ਜਾਰੀ ਕੀਤੇ ਹਨ, ਜੋ ਕੂੜੇ ਦੇ ਵੱਡੇ ਉਤਪਾਦਕ ਹਨ। ਨਿਯਮਾਂ ਮੁਤਾਬਕ ਜਿਨ੍ਹਾਂ ਸੰਸਥਾਨਾਂ ਵਿਚ ਰੋਜ਼ 50 ਕਿਲੋ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ, ਉਨ੍ਹਾਂ ਨੂੰ ਆਪਣੇ ਕੰਪਲੈਕਸ ’ਚ ਹੀ ਕੂੜਾ ਮੈਨੇਜ ਕਰਨਾ ਹੁੰਦਾ ਹੈ। ਪਹਿਲੀ ਵਾਰ ਚਲਾਨ 5 ਹਜ਼ਾਰ ਦਾ ਅਤੇ ਦੂਜੀ ਵਾਰ 10 ਹਜ਼ਾਰ ਦਾ ਕੱਟਿਆ ਜਾਵੇਗਾ, ਜਦਕਿ ਤੀਜੀ ਵਾਰ 25 ਹਜ਼ਾਰ ਦੀ ਪੈਨਲਟੀ ਲੱਗੇਗੀ।

ਦੀਪਰਵ ਲਾਕੜਾ ਅਤੇ ਆਸ਼ਿਕਾ ਜੈਨ ਨੇ ਕੀਤੀ ਸੀ ਮਿਹਨਤ
ਕਈ ਸਾਲ ਪਹਿਲਾਂ ਜਦੋਂ ਆਈ. ਏ. ਐੱਸ. ਅਧਿਕਾਰੀ ਦੀਪਰਵ ਲਾਕੜਾ ਜਲੰਧਰ ਨਿਗਮ ਦੇ ਕਮਿਸ਼ਨਰ ਹੋਇਆ ਕਰਦੇ ਸਨ ਅਤੇ ਨੌਜਵਾਨ ਆਈ. ਏ. ਐੱਸ. ਅਧਿਕਾਰੀ ਆਸ਼ਿਕਾ ਜੈਨ ਜੁਆਇੰਟ ਕਮਿਸ਼ਨਰ ਦੇ ਅਹੁਦੇ ’ਤੇ ਸੀ ਤਾਂ ਉਨ੍ਹਾਂ ਨੇ ਸ਼ਹਿਰ ਦੀ ਸਾਲਿਡ ਵੇਸਟ ਮੈਨੇਜਮੈਂਟ ’ਤੇ ਵਿਸ਼ੇਸ਼ ਧਿਆਨ ਦਿੱਤਾ ਸੀ। ਦੋਵਾਂ ਦੀ ਸਖ਼ਤੀ ਕਾਰਨ ਸ਼ਹਿਰ ਦੇ ਸਾਰੇ ਵੱਡੇ ਕੂੜਾ ਉਤਪਾਦਕਾਂ ਨੇ ਆਪਣੇ-ਆਪਣੇ ਕੰਪਲੈਕਸ ਵਿਚ ਪਲਾਂਟ ਲਗਾ ਦਿੱਤੇ ਸਨ ਅਤੇ ਹਰ ਰੋਜ਼ ਉਨ੍ਹਾਂ ਵਿਚ ਕੂੜੇ ਤੋਂ ਖਾਦ ਵੀ ਬਣਨ ਲੱਗੀ ਸੀ। ਦੀਪਰਵ ਲਾਕੜਾ ਅਤੇ ਆਸ਼ਿਕਾ ਜੈਨ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਕੋਈ ਵੀ ਕਮਰਸ਼ੀਅਲ ਸੰਸਥਾਨ ਡੰਪ ਸਥਾਨਾਂ ’ਤੇ ਕੂੜਾ ਸੁੱਟਣ ਦੀ ਹਿੰਮਤ ਨਹੀਂ ਕਰ ਸਕਦਾ ਸੀ ਅਤੇ ਕਈਆਂ ਨੂੰ ਤਾਂ ਮੋਟੇ ਜੁਰਮਾਨੇ ਤਕ ਹੋਏ ਸਨ ਪਰ ਦੋਵਾਂ ਅਧਿਕਾਰੀਆਂ ਦੇ ਜਲੰਧਰ ਨਿਗਮ ਤੋਂ ਚਲੇ ਜਾਣ ਤੋਂ ਬਾਅਦ ਸਾਲਿਡ ਵੇਸਟ ਮੈਨੇਜਮੈਂਟ ਵੱਲ ਨਾ ਕਿਸੇ ਕਮਿਸ਼ਨਰ ਅਤੇ ਨਾ ਹੀ ਕਿਸੇ ਜੁਆਇੰਟ ਕਮਿਸ਼ਨਰ ਨੇ ਧਿਆਨ ਦਿੱਤਾ ਅਤੇ ਅੱਜ ਸ਼ਹਿਰ ਕੂੜੇ ਦੀ ਜ਼ਬਰਦਸਤ ਸਮੱਸਿਆ ਝੱਲ ਰਿਹਾ ਹੈ।

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ

ਸ਼ਹਿਰ ਦੇ ਸਾਰੇ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਸ ਨੂੰ ਨਿਗਮ ਨੇ 6 ਮਹੀਨੇ ਪਹਿਲਾਂ ਜਾਰੀ ਕੀਤਾ ਸੀ ਪਬਲਿਕ ਨੋਟਿਸ
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ 6 ਮਹੀਨੇ ਪਹਿਲਾਂ ਦਸੰਬਰ ਵਿਚ ਕੂੜੇ ਦੇ ਮਾਮਲੇ ਵਿਚ ਸਖ਼ਤੀ ਵਰਤਣ ਦਾ ਫੈਸਲਾ ਲਿਆ ਸੀ, ਜਿਸ ਕਾਰਨ ਸ਼ਹਿਰ ਦੇ ਸਾਰੇ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਸ ਨੂੰ ਨਿਗਮ ਵੱਲੋਂ ਇਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਆਪਣੇ ਕੰਪਲੈਕਸ ਵਿਚੋਂ ਨਿਕਲਦੇ ਕੂੜੇ ਨੂੰ 60 ਦਿਨ ਦੇ ਅੰਦਰ ਖੁਦ ਮੈਨੇਜ ਕਰਨਾ ਸ਼ੁਰੂ ਨਾ ਕੀਤਾ ਤਾਂ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ।

ਦੱਸਣਯੋਗ ਹੈ ਕਿ ਸਰਕਾਰ ਨੇ 2016 ਵਿਚ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਰੂਲਜ਼ ਕੱਢੇ ਸਨ, ਜਿਨ੍ਹਾਂ ਤਹਿਤ ਕੂੜੇ ਦੇ ਵੱਡੇ ਉਤਪਾਦਕਾਂ ਨੂੰ ਆਪਣਾ ਕੂੜਾ ਖੁਦ ਮੈਨੇਜ ਕਰਨਾ ਹੈ ਪਰ ਸਰਕਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਨਿਯਮ ਲਾਗੂ ਹੀ ਨਹੀਂ ਕੀਤੇ ਜਾ ਸਕੇ। ਨਿਗਮ ਨੇ ਜੋ ਪਬਲਿਕ ਨੋਟਿਸ ਜਾਰੀ ਕੀਤਾ ਸੀ, ਉਹ ਇਨ੍ਹਾਂ ਹੀ ਰੂਲਜ਼ ਤਹਿਤ ਦਿੱਤਾ ਗਿਆ ਸੀ। ਨੋਟਿਸ ਵਿਚ ਢਾਬਿਆਂ, ਹੋਟਲਾਂ, ਰੈਸਟੋਰੈਂਟਸ ਦੇ ਇਲਾਵਾ ਮਾਰਕੀਟ ਐਸੋਸੀਏਸ਼ਨਾਂ ਅਤੇ ਹੋਰ ਹਾਊਸਿੰਗ ਸੋਸਾਇਟੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੂੜੇ ਦੇ ਵੱਡੇ ਉਤਪਾਦਕਾਂ ਦੀ ਸ਼੍ਰੇਣੀ ਵਿਚ ਮੰਨਿਆ ਜਾਵੇਗਾ, ਜਦੋਂ ਤੱਕ ਉਹ ਘੱਟ ਕੂੜੇ ਸਬੰਧੀ ਆਪਣਾ ਪ੍ਰਮਾਣ ਪੱਤਰ ਨਿਗਮ ਆਫਿਸ ਵਿਚ ਜਮ੍ਹਾ ਨਹੀਂ ਕਰਵਾਉਂਦੇ। ਅੱਜ ਉਹ ਪਬਲਿਕ ਨੋਟਿਸ ਵੀ ਫਾਈਲਾਂ ਦੀ ਪਛਾਣ ਬਣਿਆ ਹੋਇਆ ਹੈ ਅਤੇ ਐੱਨ. ਜੀ. ਟੀ. ਨੂੰ ਵੀ ਭੇਜਿਆ ਜਾ ਚੁੱਕਾ ਹੋਵੇਗਾ ਪਰ ਨਿਗਮ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News