ਨਿਗਮ ਨੇ ਮਾਈ ਹੀਰਾਂ ਗੇਟ ਦੀ ਖਸਤਾ ਬਿਲਡਿੰਗ ਨੂੰ ਤੋੜੇ ਜਾਣ ਦਾ ਕੰਮ ਰੁਕਵਾਇਆ

01/23/2020 2:31:15 PM

ਜਲੰਧਰ (ਖੁਰਾਣਾ)- ਮਾਈ ਹੀਰਾਂ ਗੇਟ ਵਿਚ ਸੈਂਟਰਲ ਬੈਂਕ ਆਫ ਇੰਡੀਆ ਵਾਲੀ ਬਹੁਤ ਪੁਰਾਣੀ ਬਿਲਡਿੰਗ ਜੋ ਕਾਫੀ ਖਸਤਾ ਹਾਲਤ ਵਿਚ ਹੈ, ਨੂੰ ਤੋੜੇ ਜਾਣ ਦਾ ਕੰਮ ਬੀਤੇ ਦਿਨ ਨਿਗਮ ਅਧਿਕਾਰੀਆਂ ਨੇ ਰੁਕਵਾ ਦਿੱਤਾ। ਜ਼ਿਕਰਯੋਗ ਹੈ ਕਿ ਨਿਗਮ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਇਸ ਬਿਲਡਿੰਗ ਨੂੰ ਅਨਸੇਫ ਐਲਾਨ ਕਰ ਚੁੱਕੀ ਹੈ ਅਤੇ ਨਿਗਮ ਨੇ ਖੁਦ ਟੈਂਡਰ ਲਾ ਕੇ ਇਸਨੂੰ ਤੋੜਨ ਦਾ ਠੇਕਾ ਦਿੱਤਾ ਹੈ। ਕਿਉਂਕਿ ਇਸ ਬਿਲਡਿੰਗ 'ਚ 1-2 ਕਿਰਾਏਦਾਰ ਵੀ ਰਹਿ ਰਹੇ ਹਨ, ਇਸ ਲਈ ਨਵਾਂ ਵਿਵਾਦ ਇਹ ਖੜ੍ਹਾ ਹੋ ਗਿਆ ਹੈ ਕਿ ਉਹ ਬਿਲਡਿੰਗ 'ਚ ਆਪਣੀਆਂ ਦੁਕਾਨਾਂ ਨੂੰ ਤੁੜਵਾਉਣਾ ਨਹੀਂ ਚਾਹੁੰਦੇ। 

ਨਿਗਮ ਸੂਤਰਾਂ ਅਨੁਸਾਰ ਕਾਂਗਰਸ ਦੇ ਇਕ ਕੈਬਨਿਟ ਮੰਤਰੀ, ਕਾਂਗਰਸੀ ਿਵਧਾਇਕ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਿਫਾਰਸ਼ਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਕਿਰਾਏਦਾਰਾਂ ਦੀਆਂ ਦੁਕਾਨਾਂ ਨੂੰ ਬਚਾਇਆ ਜਾਵੇ। ਅੱਜ ਇਹ ਮਾਮਲਾ ਮੇਅਰ ਜਗਦੀਸ਼ ਰਾਜਾ ਕੋਲ ਵੀ ਪਹੁੰਚਿਆ ਜਿਨ੍ਹਾਂ ਨੇ ਬੀ. ਐਂਡ ਆਰ. ਦੇ ਅਧਿਕਾਰੀਆਂ ਨੂੰ ਬੁਲਾ ਕੇ ਨਵੇਂ ਸਿਰੇ ਤੋਂ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਇਹ ਮਾਮਲਾ ਅਦਾਲਤ ਵਿਚ ਵੀ ਗਿਆ ਪਰ ਅਦਾਲਤ ਤੋਂ ਅਜੇ ਕਿਰਾਏਦਾਰ ਨੂੰ ਕੋਈ ਰਾਹਤ ਨਹੀਂ ਮਿਲੀ। ਦੂਜੇ ਪਾਸੇ ਬਿਲਡਿੰਗ ਦਾ ਕਾਫੀ ਮਲਬਾ ਢਾਹਿਆ ਜਾ ਚੁੱਕਾ ਹੈ। ਹੁਣ ਵੇਖਣਾ ਹੈ ਕਿ ਇਹ ਵਿਵਾਦ ਹੁਣ ਕੀ ਰੂਪ ਅਖਤਿਆਰ ਕਰਦਾ ਹੈ।


shivani attri

Content Editor

Related News