ਕੋਰੋਨਾ ਨੂੰ ਹਰਾਉਣ ਲਈ ਜਲੰਧਰ ਜਿਮਖਾਨਾ ਨੇ ਕੱਸੀ ਕਮਰ

03/09/2020 12:06:38 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਸਭ ਤੋਂ ਵੱਡੇ ਕਲੱਬ ਜਲੰਧਰ ਜਿਮਖਾਨਾ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਅਤੇ ਉਸ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਲਈ ਗਈ ਹੈ ਜਿਸ ਕਾਰਨ ਪੂਰੇ ਕਲੱਬ ਸਟਾਫ ਨੂੰ ਜਿੱਥੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਥੇ ਹੀ ਕਲੱਬ 'ਚ ਹਰ ਸਹੂਲਤ ਦੇ ਬਾਹਰ ਅਤੇ ਮਹੱਤਵਪੂਰਨ ਥਾਵਾਂ 'ਤੇ ਸੈਨੇਟਾਈਜ਼ਰ ਲਗਾ ਦਿੱਤੇ ਗਏ ਹਨ। ਕਲੱਬ ਦੇ ਆਨਰੇਰੀ ਸੈਕਰੇਟਰੀ ਤਰੁਣ ਸਿੱਕਾ ਨੇ ਦੱਸਿਆ ਕਿ ਇਹ ਕੰਮ ਸ਼ਨੀਵਾਰ ਰਾਤ ਹੀ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਲੱਬ ਦੇ ਵੇਟਰ ਅਤੇ ਸਰਵਿਸ ਸਟਾਫ ਅਤੇ ਹੋਰਾਂ ਨੂੰ ਮਾਸਕ ਮੁਹੱਈਆ ਕਰਵਾ ਦਿੱਤੇ ਗਏ ਹਨ ।

ਮੰਗਲਵਾਰ ਨੂੰ ਹੋਣ ਵਾਲਾ ਹੋਲੀ ਸਮਾਗਮ ਵੀ ਰੱਦ
ਸੈਕਰੇਟਰੀ ਤਰੁਣ ਸਿੱਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਦੇ ਸਬੰਧ 'ਚ ਜਾਰੀ ਐਡਵਾਈਜ਼ਰੀ ਨੂੰ ਦੇਖਦੇ ਹੋਏ ਕਲੱਬ ਮੈਨੇਜਮੈਂਟ ਨੇ ਮੰਗਲਵਾਰ 10 ਮਾਰਚ ਨੂੰ ਦੁਪਹਿਰ ਵੇਲੇ ਹੋਣ ਵਾਲੇ ਹੋਲੀ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧ 'ਚ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਅਤੇ ਕਲੱਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲ ਹੋਈ ਸੀ ਜਿਨ੍ਹਾਂ ਨੇ ਸਰਕਾਰ ਦੀ ਐਡਵਾਈਜ਼ਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦਿਨੀਂ ਸਮਾਗਮ ਆਦਿ ਦੇ ਆਯੋਜਨ ਨਹੀਂ ਕੀਤੇ ਜਾਣੇ ਚਾਹੀਦੇ ਹਨ।

ਕਲੱਬ 'ਚ ਮਨਾਇਆ ਇੰਟਰਨੈਸ਼ਨਲ ਵੂਮੈਨ ਡੇਅ
ਇੰਟਰਨੈਸ਼ਨਲ ਵੂਮੈਨ ਡੇਅ ਮੌਕੇ ਜਿਮਖਾਨਾ ਕਲੱਬ ਕੰਪਲੈਕਸ 'ਚ ਪ੍ਰਭਾਵਸ਼ਾਲੀ ਆਯੋਜਨ ਹੋਇਆ, ਜਿਸ ਦੌਰਾਨ ਜਿੱਥੇ ਹਫ਼ਤਾਵਾਰ ਤੰਬੋਲਿਆਂ ਦਾ ਆਯੋਜਨ ਕੀਤਾ ਗਿਆ, ਉਥੇ ਹੀ ਡਾ. ਅਰਵਿੰਦਰ ਕੌਰ ਦੇ ਸਹਿਯੋਗ ਔਰਤਾਂ ਵਿਚ ਮਨੋਰੰਜਕ ਗੇਮਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਕਲੱਬ ਮੈਨੇਜਮੈਂਟ ਵੱਲੋਂ ਸਾਰੀਆਂ ਔਰਤਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਕਰੇਟਰੀ ਤਰੁਣ ਸਿੱਕਾ, ਨਿਤਿਨ ਬਹਿਲ, ਸ਼ਾਲਿਨ ਜੋਸ਼ੀ, ਐਡਵੋਕੇਟ ਗੁਨਦੀਪ ਸਿੰਘ ਸੋਢੀ ਅਤੇ ਅਨੂ ਮਾਟਾ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


shivani attri

Content Editor

Related News