ਕਾਂਗਰਸ 'ਚ ਮਚੀ ਤਰਥੱਲੀ ਦੇ ਬਾਵਜੂਦ ਕੈਪਟਨ ਖਾਮੋਸ਼, ਜਾਣੋ ਕਿਉਂ

Thursday, May 20, 2021 - 04:46 PM (IST)

ਕਾਂਗਰਸ 'ਚ ਮਚੀ ਤਰਥੱਲੀ ਦੇ ਬਾਵਜੂਦ ਕੈਪਟਨ ਖਾਮੋਸ਼, ਜਾਣੋ ਕਿਉਂ

ਜਲੰਧਰ (ਧਵਨ) : ਪੰਜਾਬ ’ਚ ਕੁਝ ਮੰਤਰੀ, ਜੋ ਕਿ ਨਵਜੋਤ ਸਿੱਧੂ ਦੇ ਕਰੀਬੀ ਦੱਸੇ ਜਾਂਦੇ ਹਨ, ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਬੈਠਕਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਆਪਣੇ ਵੱਲੋਂ ਕੋਈ ਵੀ ਬਿਆਨਬਾਜ਼ੀ ਕਰ ਕੇ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਦੇ ਪੱਖ ’ਚ ਨਹੀਂ ਹਨ। ਇਸ ਲਈ ਮੁੱਖ ਮੰਤਰੀ ਵੱਲੋਂ ਜਿੱਥੇ ਇਨ੍ਹਾਂ ਬੈਠਕਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਉਥੇ ਉਹ ਇਸ ਬਾਰੇ ਮੀਡੀਆ ’ਚ ਕੁਝ ਵੀ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਹਨ।ਕੱਲ੍ਹ ਨੂੰ ਹਾਈਕਮਾਨ ਦੇ ਸਾਹਮਣੇ ਜਦੋਂ ਗੱਲਬਾਤ ਖੁੱਲ੍ਹੇਗੀ ਤਾਂ ਮੁੱਖ ਮੰਤਰੀ ਇਹ ਕਹਿਣ ਦੀ ਸਥਿਤੀ ’ਚ ਹੋਣਗੇ ਕਿ ਮੀਡੀਆ ’ਚ ਜਾ ਕੇ ਜਨਤਕ ਰੂਪ ਨਾਲ ਬਿਆਨਬਾਜ਼ੀ ਵਿਰੋਧੀ ਧੜੇ ਵੱਲੋਂ ਕੀਤੀ ਜਾ ਰਹੀ ਹੈ। ਇਸ ਸੰਬੰਧ ’ਚ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਮੀਡੀਆ ’ਚ ਕੀਤੀ ਗਈ ਗੱਲਬਾਤ ਦਾ ਸਾਰਾ ਰਿਕਾਰਡ ਇਕੱਠਾ ਕਰ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ

ਹਰੀਸ਼ ਰਾਵਤ ਦਾ ਇੰਤਜ਼ਾਰ
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਤੋਂ ਜਦੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਅਗਲੇ ਕੁਝ ਦਿਨਾਂ ’ਚ ਮੁਲਾਕਾਤ ਕਰਨਗੇ ਤਾਂ ਉਹ ਉਨ੍ਹਾਂ ਵੱਲੋਂ ਉਨ੍ਹਾਂ ਦੇ ਸਾਹਮਣੇ ਵਿਰੋਧੀ ਧੜੇ ਦੇ ਨੇਤਾਵਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਮਾਮਲਾ ਰੱਖਦੇ ਹੋਏ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਸਕਦੇ ਹਨ। ਕਾਂਗਰਸ ਹਲਕਿਆਂ ’ਚ ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਵੀ ਵਿਰੋਧੀ ਧੜੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਆਪਣੀ ਰਿਪੋਰਟ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ :ਸ਼੍ਰੋਮਣੀ ਕਮੇਟੀ 'ਚ ਹੋਈਆਂ ਭਰਤੀਆਂ ਦਾ ਮੁੱਦਾ ਭਖਿਆ, ਸੰਤ ਜੱਸੋਵਾਲ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਬਾਗ਼ੀਆਂ ਖ਼ਿਲਾਫ਼ ਕੈਪਟਨ ਦੀ ਤਿਆਰੀ
ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ’ਚ ਨਵਜੋਤ ਸਿੱਧੂ ਅਤੇ ਕੁਝ ਹੋਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੋ ਨਿੱਜੀ ਹਮਲੇ ਕੀਤੇ ਗਏ ਹਨ, ਉਸ ਦੀ ਸਾਰੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿਆਰ ਕਰ ਲਈ ਹੈ । ਕਾਂਗਰਸ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰੀਸ਼ ਰਾਵਤ ਦੇ ਪੰਜਾਬ ਦੌਰੇ ਤੋਂ ਬਾਅਦ ਉਹ ਆਪਣੀ ਰਿਪੋਰਟ ਹੁਣ ਜਦੋਂ ਕਾਂਗਰਸ ਲੀਡਰਸ਼ਿਪ ਨੂੰ ਸੌਂਪਣਗੇ ਤਾਂ ਉਸ ਤੋਂ ਬਾਅਦ ਸੋਨੀਆ ਗਾਂਧੀ ਵੱਲੋਂ ਕਾਂਗਰਸ ਦੇ ਸਾਰੇ ਵੱਡੇ ਨੇਤਾਵਾਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਜਾ ਸਕਦਾ ਹੈ। ਕਾਂਗਰਸ ਲੀਡਰਸ਼ਿਪ ਵੱਲੋਂ ਪੰਜਾਬ ਮਾਮਲੇ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਕਿਸੇ ਦੀ ਵੀ ਟੀਕਾ-ਟਿੱਪਣੀ ਦਾ ਜਵਾਬ ਨਹੀਂ ਦੇ ਰਹੇ ਹਨ।
 

ਨੋਟ: ਕੀ ਬੇਅਦਬੀ ਦੇ ਮੁੱਦੇ 'ਤੇ ਕੈਪਟਨ ਸਰਕਾਰ  ਘਿਰਦੀ ਨਜ਼ਰ ਆ ਰਹੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News