ਇਲੈਕਸ਼ਨ ਮੋਡ ''ਚ ਆਏ ਸ਼ਹਿਰ ਦੇ ਚਾਰੇ ਕਾਂਗਰਸੀ ਵਿਧਾਇਕ

02/11/2020 5:26:54 PM

ਜਲੰਧਰ (ਖੁਰਾਣਾ)— ਪੰਜਾਬ 'ਚ ਕਾਂਗਰਸ ਨੂੰ ਸੱਤਾ ਵਿਚ ਆਏ 3 ਸਾਲ ਦਾ ਸਮਾਂ ਹੋਣ ਵਾਲਾ ਹੈ ਅਤੇ ਸਿਰਫ 2 ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਸ਼ਹਿਰ ਦੇ ਚਾਰੇ ਕਾਂਗਰਸੀ ਵਿਧਾਇਕ ਇਨ੍ਹੀਂ ਦਿਨੀਂ ਇਲੈਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸੈਂਟਰਲ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਨੇ ਨਗਰ ਨਿਗਮ ਨਾਲ ਸਬੰਧਤ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦਾ ਕਰੀਬ ਰੋਜ਼ ਹੀ ਇਕ ਚੱਕਰ ਨਿਗਮ ਲੱਗ ਜਾਂਦਾ ਹੈ। ਹੁਣ ਵਿਧਾਇਕ ਪਰਗਟ ਸਿੰਘ ਨੇ ਵੀ ਹਰ ਸੋਮਵਾਰ ਸਵੇਰੇ 11 ਤੋਂ 1 ਵਜੇ ਤੱਕ ਭਾਵ ਹਫਤੇ ਵਿਚ 2 ਘੰਟੇ ਨਿਗਮ ਆਉਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਜੋ ਛਾਉਣੀ ਹਲਕੇ ਨਾਲ ਸਬੰਧਤ ਸਮੱਸਿਆਵਾਂ ਨੂੰ ਨਿਗਮ ਅਧਿਕਾਰੀਆਂ ਸਾਹਮਣੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਦਾ ਹੱਲ ਕਰਵਾਇਆ ਜਾ ਸਕੇ।

ਵਿਧਾਇਕ ਬਾਵਾ ਹੈਨਰੀ ਨੇ ਵੀ ਹਾਲ ਹੀ 'ਚ 2-3 ਵੱਡੇ ਪ੍ਰਾਜੈਕਟ ਸ਼ੁਰੂ ਕਰਵਾਏ ਅਤੇ ਉਹ ਸਮਾਰਟ ਸਿਟੀ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਵੀ ਕਰ ਰਹੇ ਹਨ। ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੇ ਡ੍ਰੀਮ ਪ੍ਰਾਜੈਕਟਾਂ ਦੇ ਤੌਰ 'ਤੇ ਜਿਥੇ ਬੂਟਾ ਮੰਡੀ ਵਿਚ ਸਰਕਾਰੀ ਕਾਲਜ ਫਾਰ ਗਰਲਜ਼ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਪਰ ਉਥੇ 120 ਫੁੱਟੀ ਰੋਡ 'ਤੇ ਪਾਏ ਜਾਣ ਵਾਲੇ ਸਟਾਰਮ ਸੀਵਰੇਜ ਦਾ ਕੰਮ ਵੀ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਧਾਇਕ ਰਿੰਕੂ ਨੇ 120 ਫੁੱਟੀ ਰੋਡ 'ਤੇ ਹੀ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੇ ਪ੍ਰਾਜੈਕਟ ਨੂੰ ਵੀ ਮੁੱਖ ਮੰਤਰੀ ਕੋਲੋਂ ਪਾਸ ਕਰਵਾ ਲਿਆ ਹੈ ਅਤੇ ਹੁਣ ਉਹ ਉਸ ਲਈ ਗ੍ਰਾਂਟਾਂ ਲੈਣ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ।

ਪਰਗਟ ਨੇ 12 ਪਿੰਡਾਂ ਦੇ ਸੀਵਰ ਦਾ ਮੁੱਦਾ ਉਠਾਇਆ
ਵਿਧਾਇਕ ਪਰਗਟ ਸਿੰਘ ਨੇ ਬੀਤੇ ਦਿਨ ਨਿਗਮ ਆ ਕੇ ਮੇਅਰ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨਿਗਮ ਦੇ ਏਰੀਏ ਵਿਚ ਆਏ ਕੈਂਟ ਹਲਕੇ ਦੇ 12 ਪਿੰਡਾਂ 'ਚ ਸੀਵਰ ਦੀ ਸਹੂਲਤ ਦੇਣ ਦਾ ਮੁੱਦਾ ਉਠਾਇਆ। ਇਸ ਕੰਮ ਵਿਚ ਹੋ ਰਹੀ ਦੇਰ ਨੂੰ ਲੈ ਕੇ ਵਿਧਾਇਕ ਕੁਝ ਨਾਰਾਜ਼ ਵੀ ਦਿਸੇ। ਜ਼ਿਕਰਯੋਗ ਹੈ ਕਿ 66 ਕਰੋੜ ਰੁਪਏ ਦਾ ਇਹ ਕੰਮ ਅਮਰੁਤ ਯੋਜਨਾ ਦੇ ਤਹਿਤ ਕਰਵਾਇਆ ਜਾਵੇਗਾ, ਜਿਸ ਨੂੰ ਜਲਦੀ ਚਾਲੂ ਕਰਵਾਉਣ ਦਾ ਭਰੋਸਾ ਨਿਗਮ ਅਧਿਕਾਰੀਆਂ ਨੇ ਦਿੱਤਾ ਹੈ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 12 ਪਿੰਡਾ ਤੋਂ ਜੋ 10-12 ਐੱਮ. ਐੱਲ. ਡੀ. ਸੀਵਰ ਨਿਕਲੇਗਾ, ਉਸ ਨੂੰ ਟ੍ਰੀਟਮੈਂਟ ਲਈ ਫੋਲੜੀਵਾਲ ਅਤੇ ਬੰਬੀਆਂਵਾਲ ਪਲਾਂਟ ਵਿਚ ਭੇਜਿਆ ਜਾਵੇਗਾ। ਇਨ੍ਹਾਂ ਪਿੰਡਾਂ ਤੋਂ ਵਾਟਰ ਟੈਕਸ ਦੀ ਵਸੂਲੀ ਲਈ ਵੀ ਸਕੀਮ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਕੰਮ ਇਕ ਸਾਲ ਤੋਂ ਲਟਕਿਆ ਹੋਇਆ ਹੈ ਅਤੇ ਵਿਧਾਇਕ ਇਸ ਨੂੰ ਜਲਦੀ ਸ਼ੁਰੂ ਕਰਵਾਉਣਾ ਚਾਹੁੰਦੇ ਹਨ।


shivani attri

Content Editor

Related News