ਅਫ਼ਸਰਸ਼ਾਹੀ ਦੀ ਲਾਪਰਵਾਹੀ ਕਾਰਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਸ਼ਹਿਰ ਦੇ ਹਾਲਾਤ, ਅਜੇ ਨਿਗਮ ਚੋਣਾਂ ਦੇ ਕੋਈ ਚਾਂਸ ਨਹੀਂ

Wednesday, Sep 04, 2024 - 11:16 AM (IST)

ਅਫ਼ਸਰਸ਼ਾਹੀ ਦੀ ਲਾਪਰਵਾਹੀ ਕਾਰਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਸ਼ਹਿਰ ਦੇ ਹਾਲਾਤ, ਅਜੇ ਨਿਗਮ ਚੋਣਾਂ ਦੇ ਕੋਈ ਚਾਂਸ ਨਹੀਂ

ਜਲੰਧਰ (ਖੁਰਾਣਾ)–ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਇਸ ਦੇ ਬਾਵਜੂਦ ਸੱਤਾ ਧਿਰ ਦੇ ਆਗੂਆਂ ਤੋਂ ਅਫ਼ਸਰਸ਼ਾਹੀ ਕੰਟਰੋਲ ਨਹੀਂ ਹੋ ਰਹੀ। ਜਲੰਧਰ ਨਗਰ ਨਿਗਮ ਦੀ ਹੀ ਗੱਲ ਕਰੀਏ ਤਾਂ ਇਥੇ ਕੌਂਸਲਰ ਹਾਊਸ ਦਾ ਕਾਰਜਕਾਲ ਪਿਛਲੇ ਸਾਲ 24 ਜਨਵਰੀ ਨੂੰ ਖ਼ਤਮ ਹੋ ਚੁੱਕਾ ਹੈ ਅਤੇ ਲੱਗਭਗ ਡੇਢ ਸਾਲ ਤੋਂ ਜਲੰਧਰ ਨਿਗਮ ’ਤੇ ਅਫ਼ਸਰਾਂ ਦਾ ਹੀ ਕਬਜ਼ਾ ਹੈ। ਅੱਜ ਹਾਲਾਤ ਇਹ ਹਨ ਕਿ ਅਫ਼ਸਰਸ਼ਾਹੀ ਦੀ ਨਾਲਾਇਕੀ ਅਤੇ ਲਾਪਰਵਾਹੀ ਕਾਰਨ ਅੱਜ ਸ਼ਹਿਰ ਬਦ ਤੋਂ ਬਦਤਰ ਹਾਲਤ ਵਿਚ ਪਹੁੰਚ ਚੁੱਕਾ ਹੈ। ਨਗਰ ਨਿਗਮ ਵਿਚ ਆਮ ਲੋਕਾਂ ਦੀ ਸੁਣਵਾਈ ਬਿਲਕੁਲ ਬੰਦ ਹੋ ਕੇ ਰਹਿ ਗਈ ਹੈ। ਸ਼ਹਿਰ ਵਿਚ ਸਮੱਸਿਆਵਾਂ ਦੀ ਭਰਮਾਰ ਹੈ, ਜਿਸ ਪਾਸੇ ਨਗਰ ਨਿਗਮ ਦੇ ਵਧੇਰੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ।

ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ ਤੋਂ ਸ਼ਹਿਰ ਨਿਵਾਸੀ ਬਹੁਤ ਪ੍ਰੇਸ਼ਾਨ ਹਨ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨਿਆਂ ਵਿਚ ਵੀ ਨਿਗਮ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਸੱਤਾ ਧਿਰ ਅਜਿਹਾ ਕੋਈ ਰਿਸਕ ਨਹੀਂ ਲੈਣ ਜਾ ਰਹੀ। ਇਸ ਸਮੇਂ ਸ਼ਹਿਰ ਵਿਚ ਸਾਰੇ ਵਿਕਾਸ ਕਾਰਜ ਠੱਪ ਪਏ ਹਨ ਅਤੇ ਨਗਰ ਨਿਗਮ ਦੇ ਠੇਕੇਦਾਰਾਂ ਨੇ ਦਰਜਨਾਂ ਕੰਮ ਲਟਕਾ ਕੇ ਛੱਡੇ ਹੋਏ ਹਨ। ਨਗਰ ਨਿਗਮ ਦੀ ਆਰਥਿਕ ਹਾਲਤ ਵੀ ਵਧੀਆ ਨਹੀਂ ਹੈ ਅਤੇ ਜੀ. ਐੱਸ. ਟੀ. ਸ਼ੇਅਰ ਦੇ ਰੂਪ ਵਿਚ ਪੰਜਾਬ ਸਰਕਾਰ ਤੋਂ ਜਿਹੜਾ ਪੈਸਾ ਆਉਂਦਾ ਹੈ, ਉਹ ਨਗਰ ਨਿਗਮ ਦੇ ਕਰਮਚਾਰੀਆਂ ਦੀ ਤਨਖ਼ਾਹ ਆਦਿ ’ਤੇ ਹੀ ਖ਼ਰਚ ਹੋ ਜਾਂਦਾ ਹੈ। ਨਿਗਮ ਚੋਣਾਂ ਲੜਨ ਦੇ ਇੱਛੁਕ ਆਗੂ ਵੀ ਠੰਢੇ ਹੋ ਕੇ ਬੈਠ ਗਏ ਹਨ ਅਤੇ ਅਫ਼ਸਰਾਂ ਦੇ ਅੱਗੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ। ਸ਼ਹਿਰ ਦੇ ਅਕਾਲੀ-ਭਾਜਪਾ ਅਤੇ ਕਾਂਗਰਸੀ ਆਗੂ ਨਗਰ ਨਿਗਮ ਦੀ ਨਾਲਾਇਕੀ ਨੂੰ ਮੁੱਦਾ ਬਣਾ ਰਹੇ ਹਨ ਪਰ ‘ਆਪ’ ਆਗੂ ਕੁਝ ਨਹੀਂ ਕਰ ਪਾ ਰਹੇ।

PunjabKesari

ਇਹ ਵੀ ਪੜ੍ਹੋ-ਨਸ਼ਾ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਗੌਰਵ ਯਾਦਵ ਸਖ਼ਤ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ

ਬਹੁਤ ਜ਼ਿਆਦਾ ਵਧ ਚੁੱਕੀ ਹੈ ਕੂੜੇ ਦੀ ਸਮੱਸਿਆ, ਕਈ ਜੁਰਮਾਨੇ ਲੱਗੇ
ਪਿਛਲੇ ਲਗਭਗ 2-3 ਸਾਲਾਂ ਤੋਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਚੁੱਕੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੂੜੇ ਦੇ ਮਾਮਲੇ ਵਿਚ ਪੰਜਾਬ ਸਰਕਾਰ ’ਤੇ 1000 ਕਰੋੜ ਰੁਪਏ ਤੋਂ ਵੱਧ ਦਾ ਜੋ ਵਾਤਾਵਰਣ ਹਰਜਾਨਾ ਲਾਇਆ ਹੈ, ਉਸ ਵਿਚ ਜਲੰਧਰ ਨਿਗਮ ਦਾ ਯੋਗਦਾਨ ਹੀ ਲਗਭਗ 270 ਕਰੋੜ ਰੁਪਏ ਹੈ। ਇਸ ਦੇ ਇਲਾਵਾ ਰਮੇਸ਼ ਮਹਿੰਦਰੂ ਕੇਸ ਵਿਚ ਐੱਨ. ਜੀ. ਟੀ. ਵੱਲੋਂ ਜਲੰਧਰ ਨਿਗਮ ਨੰ 2.70 ਕਰੋੜ ਦਾ ਹਰਜਾਨਾ ਠੋਕਿਆ ਜਾ ਚੁੱਕਾ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਵੀ ਕੂੜੇ ਦੇ ਮਾਮਲੇ ਵਿਚ ਜਲੰਧਰ ਨਿਗਮ ’ਤੇ 4.50 ਕਰੋੜ ਦਾ ਜੁਰਮਾਨਾ ਠੋਕ ਕੇ ਰੱਖ ਦਿੱਤਾ ਹੈ।

ਇੰਨਾ ਸਭ ਹੋਣ ਦੇ ਬਾਵਜੂਦ ਜਲੰਧਰ ਨਿਗਮ ਸਿਰਫ਼ ਕਾਗਜ਼ੀ ਕਾਰਵਾਈ ਕਰੀ ਜਾ ਰਿਹਾ ਹੈ ਅਤੇ ਖਾਨਾਪੂਰਤੀ ਦੇ ਸਿਵਾਏ ਕੂੜੇ ਦੇ ਮਾਮਲੇ ਵਿਚ ਕੁਝ ਨਹੀਂ ਹੋ ਰਿਹਾ। ਵਰਿਆਣਾ ਡੰਪ ’ਤੇ ਕੂੜੇ ਦੇ ਪਹਾੜ ਵਧਦੇ ਜਾ ਰਹੇ ਹਨ ਅਤ ਪ੍ਰੋਸੈਸਿੰਗ ਦਾ ਕੰਮ ਅਜੇ ਚਾਲੂ ਨਹੀਂ ਹੋਇਆ। ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਦਰਜਨਾਂ ਨਾਜਾਇਜ਼ ਡੰਪ ਬਣੇ ਹੋਏ ਹਨ ਅਤੇ ਸਾਰੇ ਮੇਨ ਸੜਕਾਂ ’ਤੇ ਕੂੜਾ ਹੀ ਕੂੜਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਲੋਕ ਨਗਰ ਨਿਗਮ ਤੋਂ ਬਹੁਤ ਪ੍ਰੇਸ਼ਾਨ ਹਨ।

PunjabKesari

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ

ਹਜ਼ਾਰਾਂ ਸਟਰੀਟ ਲਾਈਟਾਂ ਬੰਦ, ਨਿਗਮ ਬੇਵੱਸ
ਸਮਾਰਟ ਐੱਲ. ਈ. ਡੀ. ਸਟਰੀਟ ਲਾਈਟ ਸਿਸਟਮ ’ਤੇ 60 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਇਸ ਸਮੇਂ ਅੱਧਾ ਜਲੰਧਰ ਸ਼ਹਿਰ ਹਨੇਰੇ ਵਿਚ ਡੁੱਬਾ ਹੋਇਆ ਹੈ ਅਤੇ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ। ਇਸ ਬਾਬਤ ਆਈਆਂ ਹਜ਼ਾਰਾਂ ਸ਼ਿਕਾਇਤਾਂ ਦੇ ਆਧਾਰ ’ਤੇ ਵੀ ਨਿਗਮ ਕੋਈ ਕਾਰਵਾਈ ਨਹੀਂ ਕਰ ਪਾ ਰਿਹਾ ਕਿਉਂਕਿ ਸਟਰੀਟ ਲਾਈਟ ਮੇਨਟੀਨੈਂਸ ਕਰਨ ਵਾਲਾ ਸਟਾਫ਼ ਹੜਤਾਲ ’ਤੇ ਚੱਲ ਰਿਹਾ ਹੈ ਅਤੇ ਕੰਪਨੀ ਨੇ ਕੰਮ ਕਰਨਾ ਛੱਡ ਦਿੱਤਾ ਹੈ। ਬੰਦ ਪਈਆਂ ਹਜ਼ਾਰਾਂ ਸਟਰੀਟ ਲਾਈਟਾਂ ਕਾਰਨ ਚੋਰੀ-ਡਕੈਤੀ ਅਤੇ ਸਨੈਚਿੰਗ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਵੀ ਨਿਗਮ ਤੋਂ ਪ੍ਰੇਸ਼ਾਨ ਹੈ ਅਤੇ ਆਮ ਲੋਕਾਂ ਦੀ ਨਾਰਾਜ਼ਗੀ ਵਧਦੀ ਹੀ ਜਾ ਰਹੀ ਹੈ।

PunjabKesari

ਬੰਦ ਸੀਵਰ ਤੋਂ ਪ੍ਰੇਸ਼ਾਨ ਰਾਮ ਨਗਰ ਨਿਵਾਸੀਆਂ ਨੇ ਨਿਗਮ ਦਾ ਜ਼ੋਨ ਆਫਿਸ ਘੇਰਿਆ
ਜਲੰਧਰ ਨਾਰਥ ਅਧੀਨ ਪੈਂਦੇ ਰਾਮ ਨਗਰ ਵਿਚ ਬੰਦ ਸੀਵਰੇਜ ਦੀ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਅਤੇ ਨਗਰ ਨਿਗਮ ਦੇ ਅਧਿਕਾਰੀ ਇਸ ਬਾਬਤ ਕੁਝ ਨਹੀਂ ਕਰ ਰਹੇ। ਮੰਗਲਵਾਰ ਰਾਮ ਨਗਰ ਨਿਵਾਸੀਆਂ ਨੇ ਬੰਦ ਸੀਵਰ ਤੋਂ ਪ੍ਰੇਸ਼ਾਨ ਹੋ ਕੇ ਨਿਗਮ ਦੇ ਦਾਦਾ ਕਾਲੋਨੀ ਜ਼ੋਨ ਦਾ ਘਿਰਾਓ ਕੀਤਾ, ਜਿਸ ਕਾਰਨ ਨਿਗਮ ਅਧਿਕਾਰੀ ਆਪਣੇ ਦਫ਼ਤਰਾਂ ਨੂੰ ਛੱਡ ਕੇ ਬਾਹਰ ਚਲੇ ਗਏ। ਲੋਕਾਂ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਧਰਨਾ-ਪ੍ਰਦਰਸ਼ਨ ਕਰ ਕੇ ਸਮੱਸਿਆ ਬਾਰੇ ਨਿਗਮ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਹੁਣ ਵੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਰੇਲਵੇ ਲਾਈਨ ਜਾਂ ਹਾਈਵੇ ’ਤੇ ਧਰਨਾ ਲਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ ਤੋਂ ਲਾਸ਼ ਬਣ ਪਰਤਿਆ ਇਕਲੌਤਾ ਪੁੱਤ, ਰੋਂਦੇ ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

PunjabKesari

5 ਸਾਲਾਂ ਤੋਂ ਗੰਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਝੱਲ ਰਹੇ ਹਨ ਗਾਜ਼ੀਗੁੱਲਾ ਪ੍ਰਭਾਤ ਨਗਰ ਨਿਵਾਸੀ

ਹੁਣ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ
ਪਿਛਲੇ 5 ਸਾਲਾਂ ਤੋਂ ਗੰਦੇ ਪਾਣੀ ਅਤੇ ਬੰਦ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਗਾਜ਼ੀਗੁੱਲਾ ਨਿਵਾਸੀਆਂ ਨੇ ਨਵੀਂ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ। ਨਵ-ਨਿਯੁਕਤ ਪ੍ਰਧਾਨ ਬਿੰਨੂ ਹੀਰ ਨੇ ਦੱਸਿਆ ਕਿ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ, ਵਿਧਾਇਕ ਬਾਵਾ ਹੈਨਰੀ, ਕੇ. ਡੀ. ਭੰਡਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਕਾਲੀ ਨਾਲ ਵੀ ਸਮੱਸਿਆ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਪਰ ਕੋਈ ਵੀ ਹੱਲ ਨਹੀਂ ਨਿਕਲਿਆ।
ਇਲਾਕੇ ਵਿਚ ਜਗ੍ਹਾ-ਜਗ੍ਹਾ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਕਾਰਨ ਲੋਕਾਂ ਦੇ ਪੈਰਾਂ ’ਤੇ ਚਮੜੀ ਦੀ ਬੀਮਾਰੀ ਹੋ ਰਹੀ ਹੈ ਅਤੇ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਕਾਰਨ ਡਾਇਰੀਆ ਵੀ ਫੈਲ ਸਕਦਾ ਹੈ। ਗੰਭੀਰ ਬੀਮਾਰੀਆਂ ਪੈਦਾ ਹੋਣ ਦੇ ਖਦਸ਼ੇ ਕਾਰਨ ਇਲਾਕੇ ਦੇ ਲੋਕਾਂ ਨੇ ਆਉਣ ਵਾਲੀਆਂ ਚੋਣਾਂ ਿਵਚ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਲਾਕੇ ਵਿਚ ਸਾਰੀਆਂ ਪਾਰਟੀਆਂ ਦੇ ਬਾਈਕਾਟ ਸਬੰਧੀ ਹੋਰਡਿੰਗ ਵੀ ਲਾਏ ਜਾਣਗੇ। ਚੇਅਰਮੈਨ ਜੋਗਿੰਦਰ ਪਾਲ ਨੇ ਦੱਸਿਆ ਕਿ ਗਾਜ਼ੀਗੁੱਲਾ ਵੈੱਲਫੇਅਰ ਐਸੋਸੀਏਸ਼ਨ ਦਾ ਗਠਨ ਕਰ ਕੇ ਅਮਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਸੈਕਟਰੀ, ਮਨਜੀਤ ਿਸੰਘ ਤੇ ਸੰਜੀਵ ਨੂੰ ਕੈਸ਼ੀਅਰ, ਬਬਲੂ ਤੇ ਇੰਦਰ ਨੂੰ ਵਾਈਸ ਇੰਚਾਰਜ, ਹਰੀਸ਼ ਨੂੰ ਪ੍ਰੈੱਸ ਇੰਚਾਰਜ ਬਣਾਇਆ ਗਿਆ ਹੈ। ਚੇਅਰਮੈਨ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਹੱਲੇ ਵਿਚ ਸੀਵਰੇਜ ਬੈਕ ਮਾਰ ਰਿਹਾ ਹੈ, ਜਿਸ ਕਾਰਨ ਘਰਾਂ ਦੇ ਅੰਦਰ ਗੰਦਾ ਪਾਣੀ ਭਰ ਜਾਂਦਾ ਹੈ। ਇਸ ਤੋਂ ਦੁਖੀ ਹੋ ਕੇ 80-90 ਘਰਾਂ ਦੇ ਨਿਵਾਸੀਆਂ ਨੇ ਆਪਣੇ-ਆਪਣੇ ਘਰਾਂ ਦੇ ਫਰਸ਼ ਤੁੜਵਾ ਕੇ 2-2 ਫੁੱਟ ਉੱਚੇ ਕਰਵਾ ਲਏ ਹਨ।
 

ਇਹ ਵੀ ਪੜ੍ਹੋ- ਅਮਰੀਕਾ ਤੋਂ ਪੰਜਾਬ ਪਰਤੀ 3 ਮਹੀਨਿਆਂ ਦੀ ਗਰਭਵਤੀ ਨੂੰਹ 'ਤੇ ਸਹੁਰਿਆਂ ਨੇ ਢਾਇਆ ਤਸ਼ੱਦਦ, ਢਿੱਡ 'ਚ ਮਾਰੀਆਂ ਲੱਤਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News