ਸ਼ਰਾਬ ਸਮੱਗਲਿੰਗ ਦਾ ਟਰੈਪ ਲਾਉਣ ਗਈ ਕਮਿਸ਼ਨਰੇਟ ਪੁਲਸ ਦਿਹਾਤੀ ਪੁਲਸ ਦੇ ਟਰੈਪ ’ਚ ਫਸੀ

Sunday, Aug 20, 2023 - 02:06 PM (IST)

ਜਲੰਧਰ (ਵਰੁਣ)–ਟਰੈਪ ਲਾ ਕੇ ਜੰਡੂਸਿੰਘਾ ਨੇੜੇ ਪਹੁੰਚੀ ਜਲੰਧਰ ਕਮਿਸ਼ਨਰੇਟ ਪੁਲਸ ਦਿਹਾਤੀ ਪੁਲਸ ਦੇ ਟਰੈਪ ਵਿਚ ਫਸ ਗਈ। ਮੁਖਬਰ ਦੇ ਕਹਿਣ ’ਤੇ ਸ਼ਰਾਬ ਦੀਆਂ 200 ਪੇਟੀਆਂ ਦੀ ਡੀਲ ਕਰਨ ਤੋਂ ਬਾਅਦ ਡਿਲਿਵਰੀ ਲੈਣ ਪਹੁੰਚੀ ਕਮਿਸ਼ਨਰੇਟ ਪੁਲਸ ਦੀ ਟੀਮ ਨੂੰ ਸਮੱਗਲਰ ਸਮਝ ਕੇ ਦਿਹਾਤੀ ਪੁਲਸ ਵੀ ਟਰੈਪ ਲਾ ਕੇ ਖੜ੍ਹੀ ਸੀ। ਜਿਉਂ ਹੀ ਕਮਿਸ਼ਨਰੇਟ ਪੁਲਸ ਦਾ ਇਕ ਮੁਲਾਜ਼ਮ ਅਤੇ ਮੁਖਬਰ ਸ਼ਰਾਬ ਦੇ ਠੇਕੇਦਾਰ ਕੋਲ ਡਿਲਿਵਰੀ ਲੈਣ ਪੁੱਜੇ ਤਾਂ ਦਿਹਾਤੀ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਬਾਅਦ ਵਿਚ ਪਤਾ ਲੱਗਾ ਕਿ ਦਿਹਾਤੀ ਪੁਲਸ ਦੇ ਅਧਿਕਾਰੀਆਂ ਨੂੰ ਬਿਨਾਂ ਸੂਚਨਾ ਦਿੱਤੇ ਕਮਿਸ਼ਨਰੇਟ ਪੁਲਸ ਦੀ ਟੀਮ ਆਪਣੇ ਇਲਾਕੇ ਤੋਂ ਬਾਹਰ ਅਤੇ ਕਥਿਤ ਤੌਰ ’ਤੇ ਸ਼ਰਾਬ ਸਮੱਗਲਿੰਗ ਕਰਨ ਆਏ ਠੇਕੇਦਾਰ ਨੂੰ ਚੁੱਕਣ ਆਈ ਸੀ।

ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਕੁਝ ਬੋਲਣ ਨੂੰ ਤਿਆਰ ਨਹੀਂ ਹਨ ਕਿਉਂਕਿ ਕਿਰਕਿਰੀ ਤਾਂ ਆਖਿਰ ਪੁਲਸ ਦੀ ਹੀ ਹੋਈ ਹੈ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਕੁਝ ਸਮਾਂ ਪਹਿਲਾਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਵਾਉਣ ਵਾਲੇ ਮੁਖਬਰ ਨੇ ਕਮਿਸ਼ਨਰੇਟ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਹ 200 ਪੇਟੀਆਂ ਸ਼ਰਾਬ ਹੋਰ ਬਰਾਮਦ ਕਰਵਾ ਸਕਦਾ ਹੈ। ਅਜਿਹੇ ਵਿਚ ਮੁਖਬਰ ਨੇ ਇਕ ਸੈੱਲ ਦੀ ਟੀਮ ਨਾਲ ਸੈਟਿੰਗ ਕੀਤੀ। ਸੈੱਲ ਦੀ ਟੀਮ 200 ਪੇਟੀਆਂ ਸ਼ਰਾਬ ਦੀ ਡੀਲ ਕਰਨ ਲਈ ਸਾਢੇ 3 ਲੱਖ ਰੁਪਏ ਗੱਡੀ ਵਿਚ ਪਾ ਕੇ ਲੈ ਗਈ। ਪਹਿਲਾਂ ਤਾਂ ਸ਼ਰਾਬ ਦੇ ਠੇਕੇਦਾਰ ਨੇ ਜਲੰਧਰ ਡਿਲਿਵਰੀ ਦੇਣ ਨੂੰ ਕਿਹਾ ਪਰ ਬਾਅਦ ਵਿਚ ਉਸ ਨੇ ਸ਼ਰਾਬ ਦੀ ਡੀਲ ਕਰਨ ਵਾਲਿਆਂ ਨੂੰ ਜੰਡੂਸਿੰਘਾ ਬੁਲਾ ਲਿਆ। ਠੇਕੇਦਾਰ ਨੂੰ ਪਤਾ ਨਹੀਂ ਸੀ ਕਿ ਮੁਖਬਰ ਦੇ ਨਾਲ ਪੁਲਸ ਉਸ ਨਾਲ ਡੀਲ ਕਰ ਰਹੀ ਹੈ। ਠੇਕੇਦਾਰ ਨੇ ਉਨ੍ਹਾਂ ਨੂੰ ਸਮੱਗਲਰ ਸਮਝ ਕੇ ਥਾਣਾ ਆਦਮਪੁਰ ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਨਾਲ ਕੋਈ ਸਮੱਗਲਰ 200 ਪੇਟੀਆਂ ਸ਼ਰਾਬ ਦੀ ਡੀਲ ਕਰ ਕੇ ਗਏ ਹਨ, ਜਿਹੜੇ ਡਿਲਿਵਰੀ ਲੈਣ ਲਈ ਜੰਡੂਸਿੰਘਾ ਨੇੜੇ ਆ ਰਹੇ ਹਨ। ਥਾਣਾ ਆਦਮਪੁਰ ਦੀ ਪੁਲਸ ਵੀ ਸ਼ਰਾਬ ਸਮੱਗਲਰ ਨੂੰ ਕਾਬੂ ਕਰਨ ਲਈ ਟਰੈਪ ਲਾ ਕੇ ਬੈਠ ਗਈ। ਮੁਖਬਰ ਅਤੇ ਇਕ ਮੁਲਾਜ਼ਮ ਨੇ ਠੇਕੇਦਾਰ ਕੋਲੋਂ ਡਿਲਿਵਰੀ ਲਈ 200 ਪੇਟੀਆਂ ਲੋਡ ਕਰਵਾਉਣੀਆਂ ਸਨ, ਜਦੋਂ ਕਿ ਆਲੇ-ਦੁਆਲੇ ਹੋਰ ਮੁਲਾਜ਼ਮ ਗੱਡੀ ਬੈਠੇ ਸਨ।

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ

ਜਿਉਂ ਹੀ ਕਮਿਸ਼ਨਰੇਟ ਪੁਲਸ ਦਾ ਮੁਖਬਰ ਅਤੇ ਮੁਲਾਜ਼ਮ ਸ਼ਰਾਬ ਦੇ ਠੇਕੇਦਾਰ ਪਹੁੰਚੇ ਤਾਂ ਆਦਮਪੁਰ ਪੁਲਸ ਇਸ਼ਾਰਾ ਸਮਝਦੇ ਹੀ ਬਾਹਰ ਨਿਕਲ ਆਈ। ਠੇਕੇਦਾਰ ਨੇ ਪਹਿਲਾਂ ਤਾਂ ਮੁਖਬਰ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਪਰ ਮੁਲਾਜ਼ਮ ਨੇ ਜਦੋਂ ਆਪਣੇ ਬਾਰੇ ਦੱਸਿਆ ਅਤੇ ਕਮਿਸ਼ਨਰੇਟ ਪੁਲਸ ਦੇ ਬਾਕੀ ਦੇ ਮੁਲਾਜ਼ਮ ਵੀ ਸਾਹਮਣੇ ਆ ਗਏ ਤਾਂ ਫਿਰ ਜਾ ਕੇ ਪਤਾ ਲੱਗਾ ਕਿ ਦੋਵੇਂ ਇਕ-ਦੂਜੇ ਦੇ ਟਰੈਪ ਵਿਚ ਹੀ ਫਸ ਗਏ ਹਨ, ਹਾਲਾਂਕਿ ਆਦਮਪੁਰ ਦੀ ਪੁਲਸ ਨੇ ਿਕਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਦੂਜੇ ਪਾਸੇ ਥਾਣਾ ਆਦਮਪੁਰ ਦੇ ਇੰਚਾਰਜ ਮਨਜੀਤ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਬੀ ਆਵਾਜ਼ ਵਿਚ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜ਼ਾਹਰ ਹੈ ਕਿ ਕਮਿਸ਼ਨਰੇਟ ਪੁਲਸ ਟੀਮ ਦੀ ਲਾਪ੍ਰਵਾਹੀ ਕਾਰਨ ਹੋਈ ਕਿਰਕਿਰੀ ਨੂੰ ਲੁਕਾਉਣ ਲਈ ਪੁਲਸ, ਪੁਲਸ ਦਾ ਹੀ ਸਾਥ ਦੇਵੇਗੀ।

ਹੰਗਾਮੇ ਦਾ ਫਾਇਦਾ ਉਠਾ ਕੇ ਮੁਖਬਰ ਨੇ ਹੀ ਖੇਡ ਦਿੱਤੀ ਗੇਮ
ਕਮਿਸ਼ਨਰੇਟ ਪੁਲਸ ਦਾ ਮੁਖਬਰ ਪੁਲਸ ਟੀਮ ਦੇ ਨਾਲ ਹੀ ਗੇਮ ਖੇਡ ਗਿਆ। ਜਿਵੇਂ ਹੀ ਹੰਗਾਮਾ ਹੋਇਆ ਤਾਂ ਮੁਖਬਰ ਨੇ ਸਭ ਤੋਂ ਪਹਿਲਾਂ ਗੱਡੀ ਵਿਚ ਰੱਖੇ ਸਾਢੇ 3 ਲੱਖ ਰੁਪਏ ਕਾਰ ਦੀ ਸੀਟ ਦੇ ਹੇਠਾਂ ਬਣੇ ਬਾਕਸ ਵਿਚ ਲੁਕੋ ਦਿੱਤੇ। ਹੰਗਾਮਾ ਸ਼ਾਂਤ ਹੋਇਆ ਤਾਂ ਪੁਲਸ ਨੂੰ ਸਾਢੇ 3 ਲੱਖ ਰੁਪਏ ਗੱਡੀ ਵਿਚੋਂ ਨਹੀਂ ਮਿਲੇ। ਮੁਖਬਰ ਨੇ ਦੋਸ਼ ਲਾਇਆ ਕਿ ਕਿਤੇ ਠੇਕੇਦਾਰ ਨੇ ਹੀ ਪੈਸੇ ਨਾ ਕੱਢ ਲਏ ਹੋਣ ਪਰ ਅਜਿਹਾ ਨਹੀਂ ਸੀ। ਪੈਸੇ ਗਾਇਬ ਹੋਏ ਤਾਂ ਇਕ ਹੋਰ ਟੈਨਸ਼ਨ ਵਧ ਗਈ। ਕਮਿਸ਼ਨਰੇਟ ਪੁਲਸ ਦੇ ਇਕ ਮੁਲਾਜ਼ਮ ਨੂੰ ਸ਼ੱਕ ਹੋਇਆ ਤਾਂ ਉਸਨੇ ਗੱਡੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਸਾਰਾ ਕੈਸ਼ ਸੀਟ ਦੇ ਹੇਠਾਂ ਬਣੇ ਬਾਕਸ ਵਿਚੋਂ ਮਿਲ ਗਿਆ। ਪਤਾ ਲੱਗਾ ਹੈ ਕਿ ਹੰਗਾਮੇ ਦੌਰਾਨ ਮੁਖਬਰ ਹੀ ਗੱਡੀ ਦੇ ਨੇੜੇ ਗਿਆ ਸੀ ਅਤੇ ਉਸੇ ਨੇ ਪੈਸੇ ਚੋਰੀ ਕਰਨ ਦੇ ਚੱਕਰ ਵਿਚ ਸਾਰੀ ਗੇਮ ਖੇਡੀ ਹੈ। ਅਜਿਹੇ ਵਿਚ ਪਹਿਲਾਂ ਤਾਂ ਦੋਸ਼ਾਂ ਵਿਚ ਘੇਰੇ ਠੇਕੇਦਾਰ ਅਤੇ ਉਸਦੇ ਸਾਥੀਆਂ ਨੇ ਮੁਖਬਰ ਨਾਲ ਕੁੱਟਮਾਰ ਕੀਤੀ ਅਤੇ ਫਿਰ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ਨੇ ਉਸ ਨੂੰ ਕੁੱਟਿਆ। ਬਾਅਦ ਵਿਚ ਕਮਿਸ਼ਨਰੇਟ ਪੁਲਸ ਨੇ ਮੁਖਬਰ ਦਾ ਮੋਬਾਇਲ ਵੀ ਜ਼ਬਤ ਕਰ ਲਿਆ, ਜਿਹੜਾ ਦੁਪਹਿਰ ਤਕ ਉਸ ਨੂੰ ਨਹੀਂ ਮੋੜਿਆ ਗਿਆ ਸੀ।

ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News