ਕੋਰੋਨਾ ਦੀ ਜੰਗ ''ਤੇ ਫਤਿਹ ਹਾਸਲ ਕਰਨ ਲਈ ਪੁਲਸ ਕਮਿਸ਼ਨਰ ਨੇ ਕੀਤੀ ਅਰਦਾਸ

5/2/2020 1:18:35 AM

ਜਲੰਧਰ, (ਸੁਧੀਰ)— ਕੋਰੋਨਾ ਦੀ ਜੰਗ 'ਤੇ ਜਿੱਤ ਹਾਸਲ ਕਰਨ ਲਈ ਪੁਲਸ ਕਮਿਸ਼ਨਰ ਗੁਰਮੀਤ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਡੇ ਸ਼ਹਿਰ ਨੂੰ ਕੋਰੋਨਾ ਤੋਂ ਜਲਦ ਨਿਜਾਤ ਦੇਵੇ ਤੇ ਸਾਡਾ ਸ਼ਹਿਰ ਖੁਸ਼ਹਾਲ ਰਹੇ। ਉਨ੍ਹਾਂ ਦੱਸਿਆ ਕਿ ਕੋਰੋਨਾ ਵਰਗੀ ਬੀਮਾਰੀ ਤੋਂ ਨਿਜਾਤ ਹਾਸਲ ਕਰਨ ਲਈ ਤੇ ਆਪ੍ਰੇਸ਼ਨ ਫਤਹਿ 'ਤੇ ਜਿੱਤ ਹਾਸਲ ਕਰਨ ਲਈ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਲੋਕ ਇਕ ਗੱਲ ਦਾ ਧਿਆਨ ਰੱਖਣ ਕਿ ਆਪਣੇ ਹੱਥ ਨੂੰ ਆਪਣੇ ਚਿਹਰੇ, ਅੱਖਾਂ ਅਤੇ ਨੱਕ 'ਤੇ ਨਾ ਲਾਉਣ ਤੇ ਲੋਕ ਮਾਸਕ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਦੱਸਿਆ ਕਿ ਜਾਨ ਹੈ ਤਾਂ ਜਹਾਨ ਹੈ। ਇਸ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੁਲਸ ਅਤੇ ਪ੍ਰਸ਼ਾਸਨ 24 ਘੰਟੇ ਲਗਾਤਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹਜ਼ੂਰ ਸਾਹਿਬ ਤੋਂ ਆਏ ਲੋਕਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਕੁਆਰੰਟਾਈਨ ਕੀਤਾ ਗਿਆ ਹੈ, ਜਿਸ ਕਾਰਨ 20 ਤੋਂ 22 ਪੁਲਸ ਮੁਲਾਜ਼ਮਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਤਾਇਨਾਤ ਕੀਤਾ ਗਿਆ ਹੈ।
ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਸਿਰਫ ਰਿਹਾਇਸ਼ੀ ਇਲਾਕਿਆਂ ਵਿਚ ਕੰਟੋਨਮੈਂਟ ਨੂੰ ਛੱਡ ਕੇ ਛੋਟੀਆਂ ਦੁਕਾਨਾਂ ਨੂੰ ਸਵੇਰੇ 7 ਤੋਂ 11 ਵਜੇ ਤਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਦਾ ਇਸ ਮੁਹਿੰਮ ਵਿਚ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਲਸ ਕਰਮਚਾਰੀ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਸੜਕਾਂ 'ਤੇ ਡਿਊਟੀ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਆਪਣੀ ਵਰਦੀ ਧੋਣ ਤਕ ਦਾ ਸਮਾਂ ਨਹੀਂ ਹੈ, ਜਿਸ ਕਾਰਨ ਉਹ ਮੁਲਾਜ਼ਮਾਂ ਨੂੰ ਨਵੀਆਂ ਵਰਦੀਆਂ ਵੀ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਰ ਸ਼ਾਮ ਸ਼ਹਿਰ ਦੇ ਕੰਟੋਨਮੈਂਟ ਜ਼ੋਨਾਂ ਅਤੇ ਹੋਰ ਹਿੱਸਿਆਂ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਫਲੈਗ ਮਾਰਚ ਕੱਢ ਕੇ ਸ਼ਹਿਰ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਮਿਸ਼ਨਰੇਟ ਪੁਲਸ ਲਗਾਤਾਰ ਸਖਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਲੋਕ ਕਰਫਿਊ ਨਿਯਮਾਂ ਦੀ ਪਾਲਣਾ ਕਰ ਕੇ ਆਪਣੇ ਘਰਾਂ ਵਿਚ ਹੀ ਰਹਿਣ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਇਸ ਮੁਹਿੰਮ ਵਿਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਗੇ ਤਾਂ ਅਸੀਂ ਸਭ ਆਪ੍ਰੇਸ਼ਨ ਫਤਹਿ 'ਤੇ ਜਲਦ ਕਾਮਯਾਬੀ ਹਾਸਲ ਕਰ ਸਕਾਂਗੇ।


KamalJeet Singh

Content Editor KamalJeet Singh