10 ਕਰੋੜ ਦੀ ਲਾਗਤ ਦਾ 66 ਫੁੱਟ ਰੋਡ ’ਤੇ ਲੱਗੇਗਾ ਸ਼ਹਿਰ ਦਾ ਪਹਿਲਾ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ

01/25/2024 4:19:58 PM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਜੇਕਰ ਵਿਜ਼ਨ ਤੋਂ ਕੰਮ ਲਿਆ ਅਤੇ ਕਿਤਿਓਂ ਸਿਆਸੀ ਦਬਾਅ ਨਾ ਪਿਆ ਤਾਂ ਆਉਣ ਵਾਲੇ ਸਮੇਂ ਵਿਚ ਜਲੰਧਰ ਦੇ ਕੂੜੇ ਦੀ ਸਮੱਸਿਆ ਦਾ ਕੁਝ ਹੱਦ ਤਕ ਹੱਲ ਸੰਭਵ ਹੋਣ ਜਾ ਰਿਹਾ ਹੈ। ਜਲੰਧਰ ਨਗਰ ਨਿਗਮ ਨੇ ਸ਼ਹਿਰ ਦਾ ਪਹਿਲਾ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ 66 ਫੁੱਟ ਰੋਡ ’ਤੇ ਸਥਿਤ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਲਗਾਉਣ ਦਾ ਪਲਾਨ ਲਗਭਗ ਫਾਈਨਲ ਕਰ ਲਿਆ ਹੈ, ਜਿਸ ਨੂੰ ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤਕ ਮਿਲ ਚੁੱਕੀ ਹੈ ਅਤੇ ਇਸ ਪਲਾਂਟ ਲਈ ਨਿਗਮ ਦੇ ਖਜ਼ਾਨੇ ਵਿਚ 8 ਕਰੋੜ 40 ਲੱਖ ਰੁਪਏ ਦੀ ਰਾਸ਼ੀ ਵੀ ਜਮ੍ਹਾ ਹੋ ਚੁੱਕੀ ਹੈ। ਕੁਝ ਹੱਦ ਤਕ ਮਸ਼ੀਨਰੀ ਦੀ ਖ਼ਰੀਦ ਵੀ ਹੋਈ ਹੈ ਅਤੇ ਜਲਦ ਹੀ ਫੋਲੜੀਵਾਲ ਪਲਾਂਟ ਦੇ ਅੰਦਰ ਇਸ ਕਾਰਖਾਨੇ ਲਈ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਕਾਰਖਾਨੇ ਵਿਚ ਆਸ-ਪਾਸ ਦੇ ਇਲਾਕੇ ਦੇ ਲਗਭਗ ਇਕ ਲੱਖ ਘਰਾਂ ਦਾ ਕੂੜਾ ਲਿਆਂਦਾ ਜਾਵੇਗਾ ਅਤੇ ਉਸ ਨੂੰ ਡਰੰਮ ਕੰਪੋਸਟਿੰਗ ਪ੍ਰਕਿਰਿਆ ਨਾਲ ਪ੍ਰੋਸੈੱਸ ਕਰਕੇ ਉਸ ਤੋਂ ਖਾਦ ਆਦਿ ਬਣਾਈ ਜਾਵੇਗੀ। ਕੂੜੇ ਵਿਚੋਂ ਜੋ ਵੇਸਟ ਪਲਾਸਟਿਕ ਨਿਕਲੇਗਾ, ਉਸ ਨਾਲ ਟਾਈਲਾਂ ਬਣਾਉਣ ਦੀ ਪਲਾਨਿੰਗ ਹੈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 66 ਫੁੱਟ ਰੋਡ ’ਤੇ ਲੱਗਣ ਜਾ ਰਿਹਾ ਇਹ ਕਾਰਖਾਨਾ ਪਾਇਲਟ ਪ੍ਰਾਜੈਕਟ ਹੋਵੇਗਾ ਅਤੇ ਇਸ ਤੋਂ ਬਾਅਦ ਸ਼ਹਿਰ ਵਿਚ ਕੁਝ ਹੋਰ ਸਥਾਨਾਂ ’ਤੇ ਵੀ ਅਜਿਹੇ ਕਾਰਖਾਨੇ ਲਗਾਏ ਜਾਣਗੇ। ਨਿਗਮ ਅਧਿਕਾਰੀਆਂ ਮੁਤਾਬਕ ਇਹ ਪਲਾਂਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਲਗਾਇਆ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਮੁਤਾਬਕ ਐੱਨ. ਜੀ. ਟੀ. ਨੇ ਪ੍ਰਦੂਸ਼ਣ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਕਿ ਐਨਵਾਇਰਮੈਂਟ ਕੰਪਨਸੇਸ਼ਨ ਫੰਡ ਵਜੋਂ ਜਲੰਧਰ ਨਿਗਮ ਨੂੰ 12 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚੋਂ 70 ਫ਼ੀਸਦੀ ਰਾਸ਼ੀ ਭਾਵ 8 ਕਰੋੜ 40 ਲੱਖ ਰੁਪਏ ਪਹਿਲਾਂ ਹੀ ਨਿਗਮ ਨੂੰ ਿਦੱਤੇ ਜਾ ਚੁੱਕੇ ਹਨ, ਜਿਸ ਨਾਲ ਫੋਲੜੀਵਾਲ ਪਲਾਂਟ ਦੇ ਅੰਦਰ ਪਹਿਲਾ ਕਾਰਖਾਨਾ ਜਲਦ ਹੀ ਲੱਗਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚਾਵਾਂ ਨਾਲ ਅਮਰੀਕਾ ਤੋਂ 5 ਸਾਲਾ ਪੁੱਤ ਸਣੇ ਸਹੁਰੇ ਘਰ ਆਈ ਸੀ ਔਰਤ, ਹੁਣ ਕਮਰੇ 'ਚੋਂ ਮਿਲੀ ਲਾਸ਼

PunjabKesari

ਹਰ ਰੋਜ਼ 10 ਟਨ ਗਿੱਲਾ ਕੂੜਾ ਅਤੇ 2000 ਕਿਲੋ ਵੇਸਟ ਪਲਾਸਟਿਕ ਪ੍ਰੋਸੈੱਸ ਹੋਵੇਗਾ
ਫੋਲੜੀਵਾਲ ਪਲਾਂਟ ਵਿਚ ਲੱਗਣ ਜਾ ਰਿਹਾ ਸ਼ਹਿਰ ਦਾ ਪਹਿਲਾ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਕੋਈ ਛੋਟਾ ਨਹੀਂ, ਸਗੋਂ ਇਥੇ ਹਰ ਰੋਜ਼ 10 ਟਨ ਗਿੱਲਾ ਕੂੜਾ ਪ੍ਰੋਸੈੱਸ ਹੋਵੇਗਾ, ਜਿਸ ਨੂੰ ਮਸ਼ੀਨਾਂ ਨਾਲ ਖਾਦ ਆਦਿ ਵਿਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਇਸ ਕਾਰਖਾਨੇ ਅੰਦਰ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦਾ ਵੀ ਸਿਸਟਮ ਹੋਵੇਗਾ, ਜੋ ਕਨਵੇਅਰ ਬੈਲਟ ਰਾਹੀਂ ਚੱਲੇਗਾ। ਇਥੇ ਹਰ ਰੋਜ਼ ਲਗਭਗ 2000 ਕਿਲੋ ਵੇਸਟ ਪਲਾਸਟਿਕ ਨੂੰ ਪ੍ਰੋਸੈੱਸ ਕਰ ਕੇ ਉਸ ਤੋਂ ਟਾਈਲਾਂ ਆਦਿ ਬਣਾਈਆਂ ਜਾਣਗੀਆਂ। ਡੀ. ਪੀ. ਆਰ. ਮੁਤਾਬਕ ਕੂੜੇ ਤੋਂ ਨਿਕਲਣ ਵਾਲੇ ਖਾਦ ਅਤੇ ਪਲਾਸਟਿਕ ਤੋਂ ਬਣਨ ਵਾਲੀਆਂ ਟਾਈਲਾਂ ਆਦਿ ਦਾ ਸਾਰਾ ਹਿਸਾਬ ਨਗਰ ਨਿਗਮ ਦੇ ਅਧਿਕਾਰੀ ਰੱਖਣਗੇ।

ਪਹਿਲਾਂ ਪਰਗਟ ਅਤੇ ਜਗਬੀਰ ਨੇ ਕੀਤਾ ਸੀ ਵਿਰੋਧ, ਹੁਣ ਇਕ ਵਿਰੋਧੀ ਧਿਰ ’ਚ ਤਾਂ ਦੂਜਾ ਸਰਕਾਰ ’ਚ
ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਦਾ ਸ਼ਾਸਨ ਸੀ, ਉਦੋਂ ਜਲੰਧਰ ਦੇ ਜਮਸ਼ੇਰ ਪਿੰਡ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲਗਾਉਣ ਦੀ ਪਲਾਨਿੰਗ ਤਿਆਰ ਕੀਤੀ ਗਈ ਸੀ ਅਤੇ ਜਿੰਦਲ ਕੰਪਨੀ ਨੂੰ ਇਹ ਕੰਮ ਅਲਾਟ ਵੀ ਕਰ ਿਦੱਤਾ ਗਿਆ ਸੀ। ਜਿੰਦਲ ਕੰਪਨੀ ਨੇ ਮੌਕੇ ’ਤੇ ਕੰਮ ਵੀ ਸ਼ੁਰੂ ਕਰ ਿਦੱਤਾ ਸੀ ਅਤੇ ਜਦੋਂ ਜਮਸ਼ੇਰ ਪਿੰਡ ਵਿਚ ਅਜਿਹਾ ਕਾਰਖਾਨਾ ਲੱਗਣ ਲੱਗਾ ਤਾਂ ਉਸ ਸਮੇਂ ਦੇ ਵਿਧਾਇਕ ਪਰਗਟ ਸਿੰਘ ਵਿਰੋਧ ’ਤੇ ਉਤਰ ਆਏ ਸਨ ਤਦ ਇਸੇ ਛਾਉਣੀ ਹਲਕੇ ਵਿਚ ਸਰਗਰਮ ਨੇਤਾ ਜਗਬੀਰ ਿਸੰਘ ਬਰਾੜ ਨੇ ਵੀ ਇਸ ਕਾਰਖਾਨੇ ਦਾ ਜੰਮ ਕੇ ਵਿਰੋਧ ਕੀਤਾ ਸੀ। ਹੁਣ ਇਹ ਕਾਰਖਾਨਾ ਦੋਵਾਂ ਨੇਤਾਵਾਂ ਦੇ ਵਿਧਾਨ ਸਭਾ ਹਲਕੇ ਵਿਚ ਲੱਗਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮੰਤਰੀ ਖ਼ਿਲਾਫ਼ ਜਾਖੜ ਵੱਲੋਂ ਰਾਜਪਾਲ ਤੋਂ ਨਿਰਪੱਖ ਜਾਂਚ ਦੀ ਮੰਗ

ਹੁਣ ਦਿੱਕਤ ਇਹ ਹੈ ਕਿ ਪਰਗਟ ਸਿੰਘ ਕਾਂਗਰਸ ਪਾਰਟੀ ਤੋਂ ਵਿਧਾਇਕ ਹਨ ਅਤੇ ਵਿਰੋਧੀ ਧਿਰ ਵਿਚ ਹੋਣ ਕਾਰਨ ਉਨ੍ਹਾਂ ਦਾ ਵਿਰੋਧ ਕਾਮਯਾਬ ਹੁੰਦਾ ਵੀ ਹੈ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਗਬੀਰ ਬਰਾੜ ਦੀ ਗੱਲ ਕਰੀਏ ਤਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਇਸ ਸਮੇਂ ਮੌਜੂਦਾ ਸਰਕਾਰ ਵਿਚ ਹਨ। ਉਹ ਆਪਣੀ ਹੀ ਸਰਕਾਰ ਦੇ ਹੁੰਦੇ ਹੋਏ ਆਪਣੇ ਨਿਗਮ ਦੇ ਫੈਸਲੇ ਦਾ ਕਿਸ ਹੱਦ ਤਕ ਵਿਰੋਧ ਕਰਨਗੇ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।

ਪਹਿਲਾਂ ਹੀ ਆਸ-ਪਾਸ ਦੇ ਲੋਕ ਸੀਵਰ ਦੀ ਬਦਬੂ ਤੋਂ ਪ੍ਰੇਸ਼ਾਨ
ਮੰਨਿਆ ਜਾ ਰਿਹਾ ਹੈ ਕਿ ਨਿਗਮ ਅਧਿਕਾਰੀਆਂ ਵੱਲੋਂ ਲਏ ਗਏ ਇਸ ਫੈਸਲੇ ਨਾਲ 66 ਫੁੱਟ ਰੋਡ ’ਤੇ ਰਹਿਣ ਵਾਲੇ ਹਜ਼ਾਰਾਂ-ਲੱਖਾਂ ਲੋਕਾਂ ’ਤੇ ਦੋਹਰੀ ਮਾਰ ਪੈ ਸਕਦੀ ਹੈ ਕਿਉਂਕਿ ਪਹਿਲਾਂ ਇਸ ਇਲਾਕੇ ਨੂੰ ਟਰੀਟਮੈਂਟ ਪਲਾਂਟ ਨੇ ਪ੍ਰੇਸ਼ਾਨ ਕਰ ਰੱਖਿਆ ਹੈ। ਹੁਣ ਟਰੀਟਮੈਂਟ ਪਲਾਂਟ ਤੋਂ ਉੱਠਦੀ ਬਦਬੂਦਾਰ ਹਵਾ ਵਿਚ ਜੇਕਰ ਕੂੜੇ ਦੀ ਬਦਬੂ ਵੀ ਸ਼ਾਮਲ ਹੋ ਜਾਂਦੀ ਹੈ ਤਾਂ ਆਸ-ਪਾਸ ਸਥਿਤ ਹਾਊਸਿੰਗ ਸੋਸਾਇਟੀਆਂ ਵਿਚ ਰਹਿਣ ਵਾਲੇ ਲੋਕਾਂ ਅਤੇ ਕਾਲੋਨੀਆਂ ਵਿਚ ਫਲੈਟਾਂ ਅਤੇ ਆਲੀਸ਼ਾਨ ਘਰ ਬਣਾ ਕੇ ਬੈਠੇ ਨਾਗਰਿਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਫੋਲੜੀਵਾਲ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਹੁਣ ਚਾਰੇ ਪਾਸਿਓਂ ਸੰਘਣੀ ਆਬਾਦੀ ਨਾਲ ਘਿਰ ਚੁੱਕਾ ਹੈ ਅਤੇ ਇਸਨੂੰ ਪਹਿਲਾਂ ਹੀ ਸ਼ਿਫਟ ਕਰਨ ਦੀ ਮੰਗ ਜ਼ੋਰਾਂ ਨਾਲ ਉੱਠ ਰਹੀ ਹੈ। ਸੀਵਰੇਜ ਟਰੀਟਮੈਂਟ ਪਲਾਂਟ ਤੋਂ ਉੱਠਦੀ ਬਦਬੂ ਕਾਰਨ ਲੰਮੇ ਸਮੇਂ ਤਕ ਇਸ ਇਲਾਕੇ ਦੀ ਪ੍ਰਾਪਰਟੀ ਮਾਰਕੀਟ ਪ੍ਰਭਾਵਿਤ ਰਹੀ ਸੀ ਪਰ ਹੁਣ ਇਹ ਇਲਾਕਾ ਕਾਫ਼ੀ ਵਿਕਸਿਤ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਟਰੀਟਮੈਂਟ ਪਲਾਂਟ ਦਾ ਹੱਲ ਲੱਭਣਾ ਹੋਵੇਗਾ ਪਰ ਸਰਕਾਰ ਇਥੇ ਕੂੜੇ ਦਾ ਕਾਰਖਾਨਾ ਵੀ ਲਗਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਈ ਫੁੱਲ ਡਰੈੱਸ ਰਿਹਰਸਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News