ਹੁਕਮਾਂ ਦੀਆਂ ਉੱਡੀਆਂ ਧੱਜੀਆਂ, ਲੋਕਾਂ ਨੇ ਸ਼ਰੇਆਮ ਉਡਾਏ ਚਾਈਨਾ ਡੋਰ ਨਾਲ ਪਤੰਗ

01/15/2020 4:04:59 PM

ਕਪੂਰਥਲਾ (ਮਹਾਜਨ)— ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਚਾਈਨਾ ਡੋਰ ਖਿਲਾਫ ਚਲਾਈ ਗਈ ਮੁਹਿੰਮ ਪੂਰੀ ਤਰ੍ਹਾਂ ਫੇਲ ਸਾਬਤ ਹੋਈ। ਹਾਲਾਤ ਇਹ ਹੋਏ ਕਿ ਮੰਗਲਵਾਰ ਨੂੰ ਲੋਹੜੀ ਅਤੇ ਮਾਘੀ ਮੌਕੇ ਪ੍ਰਸ਼ਾਸਨ ਦੇ ਹੁਕਮਾਂ ਦੀ ਧੱਜੀਆਂ ਉਡਾਉਂਦੇ ਹੋਏ ਲੋਕਾਂ ਨੇ ਜੰਮ ਕੇ ਚਾਈਨਾ ਡੋਰ ਨਾਲ ਪਤੰਗ ਉਡਾਏ। ਦੁਕਾਨਦਾਰਾਂ ਨੇ ਧੜੱਲੇ ਨਾਲ ਚਾਈਨਾ ਡੋਰ ਦੀ ਵਿਕਰੀ ਕੀਤੀ।

ਜ਼ਿਕਰਯੋਗ ਹੈ ਕਿ ਡੀ. ਸੀ. ਕਪੂਰਥਲਾ ਨੇ ਚਾਈਨਾ ਡੋਰ ਨੂੰ ਵੇਚਣ, ਖਰੀਦਣ ਤੇ ਸਟੋਰ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ ਪਰ ਇਸ ਪਾਬੰਦੀ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਸਾਰਿਆਂ ਦੇ ਹੱਥਾਂ 'ਚ ਚਾਈਨਾ ਡੋਰ ਦੇ ਗੱਟੂ ਹੀ ਨਜ਼ਰ ਆਏ। ਹਾਲਾਂਕਿ ਕੁੱਝ ਪੁਲਸ ਅਧਿਕਾਰੀਆਂ ਵੱਲੋਂ ਚਾਈਨਾ ਡੋਰ ਖਿਲਾਫ ਮੁਹਿੰਮ ਵੀ ਚਲਾਈ ਸੀ ਪਰ ਉਨ੍ਹਾਂ ਨੂੰ ਕੋਈ ਪੂਰੀ ਸਫਲਤਾ ਨਹੀਂ ਮਿਲੀ ਸੀ, ਉਥੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਦਕਿ ਸਮੂਹ ਪੁਲਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਚਾਈਨਾ ਡੋਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉਦੋਂ ਤਕ ਇਸ ਡੋਰ ਦਾ ਸਫਾਇਆ ਨਹੀਂ ਹੋ ਸਕਦਾ।

ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਇਸ ਲਈ ਵੀ ਬੇਖੌਫ ਹੋ ਜਾਂਦੇ ਹਨ, ਕਿਉਂਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ 'ਤੇ ਧਾਰਾ 188 ਤਹਿਤ ਮਾਮਲਾ ਦਰਜ ਹੋ ਜਾਂਦਾ ਹੈ, ਜਿਸ ਦੀ ਥਾਣੇ 'ਚ ਹੀ ਜ਼ਮਾਨਤ ਹੋ ਜਾਂਦੀ ਹੈ। ਐਡਵੋਕੇਟ ਪਿਊਸ਼ ਮਨਚੰਦਾ ਅਤੇ ਪ੍ਰਸਿੱਧ ਸਮਾਜ ਸੇਵਕ ਵਿਕਾਸ ਗੁਪਤਾ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਉਸ ਦਾ ਪ੍ਰਯੋਗ ਤਾਂ ਹੀ ਰੁਕ ਸਕਦਾ ਹੈ, ਜਦੋਂ ਚਾਈਨਾ ਡੋਰ 'ਤੇ ਸਖਤ ਕਾਨੂੰਨ ਬਣੇ। ਉਨ੍ਹਾਂ ਨੇ ਕਿਹਾ ਕਿ ਸਖਤ ਕਾਨੂੰਨ ਨਾਲ ਖੂਨੀ ਡੋਰ ਵੇਚਣ ਵਾਲੇ ਨੂੰ ਕਾਨੂੰਨ ਦਾ ਖੌਫ ਪੈਦਾ ਹੋਵੇਗਾ। ਉਨ੍ਹਾਂ ਨੇ ਅਦਾਲਤਾਂ 'ਚ ਕੰਮ ਕਰਨ ਵਾਲੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਵਾਲਿਆਂ ਦੀ ਜ਼ਮਾਨਤ ਨਾ ਹੋਣ ਦੇਣ।

ਇਹ ਹੋਏ ਜ਼ਖਮੀ
ਅੰਮ੍ਰਿਤ ਬਾਜ਼ਾਰ 'ਚ ਸਕੂਟਰ ਸਵਾਰ ਪਿੰਡ ਝੱਲ ਬੀਬੜੀ ਦੇ ਫੁੱਮਣ ਸਿੰਘ ਅਤੇ ਬਚਨ ਸਿੰਘ ਕਿਸੇ ਕੰਮ ਲਈ ਕਪੂਰਥਲਾ ਆਏ ਹੋਏ ਸਨ, ਜਦੋਂ ਉਹ ਬਾਜ਼ਾਰ 'ਚੋਂ ਨਿਕਲ ਰਹੇ ਸਨ ਤਾਂ ਚਾਈਨਾ ਡੋਰ ਇਕਦਮ ਉਨ੍ਹਾਂ ਦੇ ਕੰਨ 'ਚ ਲੱਗ ਗਈ, ਜਿਸ ਨਾਲ ਉਨ੍ਹਾਂ ਨੂੰ ਮਾਮੂਲੀ ਸੱਟ ਲੱਗ ਗਈ। ਇਕ ਹੋਰ ਔਰਤ ਜੋ ਬਾਜ਼ਾਰ 'ਚੋਂ ਖਰੀਦਦਾਰੀ ਕਰਨ ਲਈ ਜਾ ਰਹੀ ਸੀ, ਉਸਦੇ ਗਲੇ 'ਚ ਵੀ ਚਾਈਨਾ ਡੋਰ ਫਸਣ ਨਾਲ ਕੱਟ ਲੱਗਾ। ਉਕਤ ਔਰਤ ਨੇ ਨਿੱਜੀ ਹਸਪਤਾਲ ਤੋਂ ਦਵਾਈ ਲਈ ਤੇ ਘਰ ਚਲੀ ਗਈ। ਇਸ ਦੇ ਇਲਾਵਾ ਕੁਝ ਸਥਾਨਾਂ 'ਤੇ ਬੇਜ਼ੁਬਾਨ ਪੰਛੀ ਵੀ ਇਸ ਚਾਈਨਾ ਡੋਰ ਦਾ ਸ਼ਿਕਾਰ ਹੁੰਦੇ ਦੇਖੇ ਗਏ। ਗੌਰਤਲਬ ਹੈ ਕਿ ਪਿਛਲੇ ਸਾਲ ਵੀ ਕਈ ਵਿਅਕਤੀਆਂ ਦੇ ਚਾਈਨਾ ਡੋਰ ਦੇ ਕਾਰਣ ਜ਼ਖਮੀ ਹੋਣ ਅਤੇ ਕਰੰਟ ਲੱਗਣ ਦੀਆਂ ਖਬਰਾਂ ਮਿਲੀਆਂ ਸਨ।

ਆਸਮਾਨ 'ਚ ਬਹੁਤ ਘੱਟ ਨਜ਼ਰ ਆਏ ਪੰਛੀ
ਮਕਰ ਸੰਕ੍ਰਾਂਤੀ ਦੇ ਦਿਨ ਆਸਮਾਨ 'ਚ ਚਾਰੇ-ਪਾਸੇ ਪਤੰਗ ਦੇ ਨਾਲ ਚਾਈਨਾ ਡੋਰ ਕੀ ਉੱਡੀ ਪੰਛੀ ਵੀ ਉਡਾਨ ਨਹੀਂ ਭਰ ਸਕੇ, ਕਿਉਂਕਿ ਪਲਾਸਟਿਕ ਨਾਲ ਬਣੀ ਇਹ ਡੋਰ ਜਦੋਂ ਕਿਸੇ ਪੰਛੀ ਦੇ ਪੰਖਾਂ 'ਚ ਫਸ ਜਾਂਦੀ ਹੈ ਤਾਂ ਉਸ ਦੀ ਤੜਪ-ਤੜਪ ਕੇ ਮੌਤ ਹੁੰਦੀ ਹੈ। ਵਾਤਾਵਰਣ ਪ੍ਰੇਮੀਆਂ ਨੇ ਇਸ ਚਾਈਨਾ ਡੋਰ ਖਿਲਾਫ ਯਾਚਿਕਾ ਵੀ ਦਾਇਰ ਕੀਤੀ ਹੋਈ ਹੈ ਤੇ ਇਸ ਚਾਈਨਾ ਡੋਰ 'ਤੇ ਬੈਨ ਵੀ ਹੈ ਪਰ ਫਿਰ ਵੀ ਲੋਕ ਵੱਡੀ ਮਾਤਰਾ 'ਚ ਪਤੰਗ ਉਡਾਉਣ ਲਈ ਇਸ ਡੋਰ ਦਾ ਪ੍ਰਯੋਗ ਕਰ ਰਹੇ ਹਨ।

ਚਾਈਨਾ ਡੋਰ 'ਤੇ ਲਾਈ ਗਈ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਇਸ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। -ਦੀਪਤੀ ਉੱਪਲ, ਡਿਪਟੀ ਕਮਿਸ਼ਨਰ।


shivani attri

Content Editor

Related News