ਸਕੂਲੀ ਬੱਸਾਂ ''ਚ CCTV ਤੋਂ ਲੈ ਕੇ ਦਸਤਾਵੇਜ਼ਾਂ ਤੇ ਬੱਚਿਆਂ ਦੀ ਸਕਿਓਰਿਟੀ ਦੀ ਚੈਕਿੰਗ

09/28/2019 11:29:39 AM

ਜਲੰਧਰ (ਜ.ਬ.)— ਬੱਚਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਨਾਕਾਬੰਦੀ ਕਰਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਨਾਕਿਆਂ 'ਤੇ ਰੋਕੀਆਂ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ, ਡੀ. ਵੀ. ਆਰ., ਦਸਤਾਵੇਜ਼ਾਂ ਸਣੇ ਬੱਚਿਆਂ ਦੀ ਸਕਿਓਰਿਟੀ ਨੂੰ ਲੈ ਕੇ ਹਰ ਤਰ੍ਹਾਂ ਦੀ ਚੈਕਿੰਗ ਹੋਈ। ਟ੍ਰੈਫਿਕ ਪੁਲਸ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਦੀ ਅਗਵਾਈ 'ਚ ਨਾਕਾਬੰਦੀ ਕੀਤੀ। ਨਾਕੇ ਦੌਰਾਨ ਲੰਘਣ ਵਾਲੀ ਹਰ ਸਕੂਲੀ ਬੱਸ ਤੇ ਆਟੋ ਨੂੰ ਰੋਕਿਆ ਗਿਆ। ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਗਏ, ਦਸਤਾਵੇਜ਼ ਵੀ ਖੰਗਾਲੇ ਗਏ ਅਤੇ ਜਿਨ੍ਹਾਂ ਬੱਸਾਂ 'ਚ ਬੱਚਿਆਂ ਦੀ ਦੇਖ-ਭਾਲ ਲਈ ਲੇਡੀ ਕਰਮਚਾਰੀ ਨਹੀਂ ਸੀ, ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ। 

PunjabKesari

ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੀਤੀ ਗਈ ਇਸ ਚੈਕਿੰਗ ਵਿਚ ਕੁਲ 23 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਜੋ ਡਰਾਈਵਰ ਬਿਨਾਂ ਸੀਟ ਬੈਲਟ ਦੇ ਸਨ, ਬਿਨਾਂ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬੱਸਾਂ ਅਤੇ ਦਸਤਾਵੇਜ਼ ਨਾ ਹੋਣ 'ਤੇ ਇਨ੍ਹਾਂ ਸਾਰੀਆਂ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਸਕੂਲੀ ਆਟੋਜ਼ 'ਤੇ ਵੀ ਟ੍ਰੈਫਿਕ ਪੁਲਸ ਨੇ ਆਪਣਾ ਸ਼ਿਕੰਜਾ ਕੱਸਿਆ। ਪੁਲਸ ਨੇ ਕੁੱਲ 9 ਆਟੋਜ਼ ਦਾ ਚਲਾਨ ਕੱਟਿਆ। ਇਹ ਆਟੋਜ਼ ਬਿਨਾਂ ਦਸਤਾਵੇਜ਼ਾਂ ਤੇ ਤੈਅ ਕੀਤੀ ਗਈ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾ ਕੇ ਲਿਜਾ ਰਹੇ ਸਨ। ਉਥੇ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਸਕੂਲੀ ਆਟੋ ਚਾਲਕਾਂ ਨੂੰ ਹੁਕਮ ਦਿੱਤੇ ਕਿ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਆਟੋਜ਼ ਦੀਆਂ ਦੋਵਾਂ ਸਾਈਡਾਂ 'ਤੇ ਰਾਡ ਲਗਾਈ ਜਾਵੇ ਤਾਂ ਜੋ ਬੱਚੇ ਝਟਕਾ ਲੱਗਣ ਨਾਲ ਆਟੋ ਤੋਂ ਬਾਹਰ ਨਾ ਡਿੱਗ ਸਕਣ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਸਮਰਥਾ ਅਨੁਸਾਰ ਹੀ ਆਟੋਜ਼ ਵਿਚ ਬਿਠਾਇਆ ਜਾਵੇ।


shivani attri

Content Editor

Related News