ਕਰਿਆਨੇ ਦੀ ਦੁਕਾਨ ਤੋਂ ਸਾਮਾਨ ਸਮੇਤ ਨਕਦੀ ਚੋਰੀ

Sunday, Dec 19, 2021 - 01:21 PM (IST)

ਕਰਿਆਨੇ ਦੀ ਦੁਕਾਨ ਤੋਂ ਸਾਮਾਨ ਸਮੇਤ ਨਕਦੀ ਚੋਰੀ

ਜਲੰਧਰ (ਮਾਹੀ) : ਥਾਣਾ ਮਕਸੂਦਾਂ ਦੇ ਇਲਾਕੇ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਚੋਰ ਬੜੀ ਸਫਾਈ ਨਾਲ ਦੁਕਾਨਾਂ ਅਤੇ ਘਰਾਂ 'ਚੋਂ ਚੋਰੀ ਕਰਦੇ ਹਨ ਅਤੇ ਪੁਲਸ ਚੋਰਾਂ ਨੂੰ ਲੱਭਣ 'ਚ ਨਾਕਾਮ ਸਾਬਤ ਹੋ ਰਹੀ ਹੈ। ਇਸ ਦੀ ਉਦਾਹਰਣ ਥਾਣਾ ਮਕਸੂਦਾ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਰਸੂਲਪੁਰ ਅੱਡਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਹਜ਼ਾਰਾਂ ਦਾ ਸਾਮਾਨ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਕਰਿਆਨਾ ਸਟੋਰ ਦੇ ਮਾਲਕ ਸੁਰਜੀਤ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਅਤੇ ਜਦੋਂ ਸਵੇਰੇ ਦੁਕਾਨ ’ਤੇ ਵਾਪਸ ਆਇਆ ਤਾਂ ਦੁਕਾਨ ਦਾ ਟੁੱਟਿਆ ਸ਼ਟਰ ਦੇਖ ਕੇ ਹੈਰਾਨ ਰਹਿ ਗਿਆ।  ਉਸ ਨੇ ਤੁਰੰਤ ਇਸ ਦੀ ਸੂਚਨਾ ਪਹਿਲਾਂ ਪੰਚਾਇਤ ਮੈਂਬਰਾਂ ਨੂੰ ਦਿੱਤੀ ਅਤੇ ਪੰਚਾਇਤ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ।  ਸੂਚਨਾ ਤੋਂ ਬਾਅਦ ਥਾਣਾ ਮਕਸੂਦਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ।

ਸੁਰਜੀਤ ਨੇ ਦੱਸਿਆ ਕਿ ਚੋਰੀ ਹੋਣ ਕਾਰਨ ਉਸ ਨੂੰ ਬਹੁਤ ਨੁਕਸਾਨ ਹੋਇਆ ਹੈ, ਜਿਸ ਵਿੱਚ ਸਰ੍ਹੋਂ ਦੇ ਤੇਲ ਦੀਆਂ ਡੱਬੀਆਂ, ਨਾਰੀਅਲ ਦਾ ਤੇਲ, ਬੀੜੀਆਂ, ਸਿਗਰਟ, ਗੁਟਖਾ ਅਤੇ ਨਕਦੀ ਸ਼ਾਮਲ ਹੈ।  ਪਿੰਡ ਵਾਸੀਆਂ ਨੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਵਿੱਚ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰਾਂ ਅਤੇ ਲੁਟੇਰਿਆਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ। ਰਾਏਪੁਰ ਰਸੂਲਪੁਰ 'ਚ 2 ਅਣਪਛਾਤੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਸ ਨੇ ਰਾਏਪੁਰ ਖੇਤਰ ਲਈ 4 ਟੀਮਾਂ ਬਣਾਈਆਂ ਸਨ ਪਰ ਇਸ ਦੇ ਬਾਵਜੂਦ ਪਿੰਡ ਰਾਏਪੁਰ ਅੱਡੇ 'ਚ ਹੋ ਰਹੀਆਂ ਚੋਰੀਆਂ ਪੁਲਸ ਦੀ ਭਰੋਸੇਯੋਗਤਾ ’ਤੇ ਦਾਗ ਲਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹੁਣ ਇੱਥੇ ਬਣਾਈਆਂ ਗਈਆਂ 4 ਟੀਮਾਂ ਵਿੱਚੋਂ ਕੋਈ ਵੀ ਟੀਮ ਗਸ਼ਤ ਨਹੀਂ ਕਰ ਰਹੀ।

ਇਹ ਵੀ ਪੜ੍ਹੋ : 21000 ਟਾਈਮ ਮਿਸ ਹੋਣ ਨਾਲ ਵਿਭਾਗ ਨੂੰ 22 ਕਰੋੜ ਦਾ ਟਰਾਂਜੈਕਸ਼ਨ ਲਾਸ

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਪ੍ਰਸ਼ਾਂਤ ਗੰਭੀਰ ਨੇ ਕਿਹਾ ਕਿ ਮਕਸੂਦਾਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਇਲਾਕੇ ਵਿਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ’ਚ ਵਾਧਾ ਹੋਇਆ ਹੈ ਜਿਸ ਨੂੰ ਮਕਸੂਦਾਂ ਪੁਲਸ ਰੋਕਣ ’ਚ ਨਾਕਾਮ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਇਸ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਕਾਇਮ ਰੱਖਣਾ ਚਾਹੀਦਾ ਹੈ।


author

Gurminder Singh

Content Editor

Related News