ਕਮੇਟੀ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ ਕੇਸ ਦਰਜ
Friday, Aug 11, 2023 - 06:21 PM (IST)

ਗੜ੍ਹਸ਼ੰਕਰ (ਭਾਰਦਵਾਜ) : ਗੜ੍ਹਸ਼ੰਕਰ ਪੁਲਸ ਨੇ ਕਮੇਟੀ ਦੇ ਨਾਂ ’ਤੇ ਠੱਗੀ ਮਾਰਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪਤੀ-ਪਤਨੀ ਦੇ ਖਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਇਸ ਦੀ ਸ਼ਿਕਾਇਤ ਰਾਜੇਸ਼ ਕੁਮਾਰ ਪੁੱਤਰ ਛੱਜੂ ਰਾਮ ਵਾਸੀ ਪੱਦੀ ਸੂਰਾ ਸਿੰਘ, ਜੀਤ ਰਾਮ ਪੁੱਤਰ ਕਰਤਾਰ ਸਿੰਘ, ਸੁਨੀਤਾ ਰਾਣੀ ਪਤਨੀ ਰਾਜ ਪਾਲ, ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ ਅਤੇ ਗਾਇਤਰੀ ਦੇਵੀ ਪਤਨੀ ਸੁਭਾਸ਼ ਚੰਦ ਵਾਸੀਆਨ ਪਿੰਡ ਰਾਮਪੁਰ ਬਿਲੜੋ ਨੇ 7 ਅਗਸਤ ਨੂੰ ਐੱਸ. ਐੱਚ. ਓ. ਗੜ੍ਹਸ਼ੰਕਰ ਨੂੰ ਦਿੱਤੀ ਸੀ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਪੰਮੀ ਪੁੱਤਰ ਪਾਖਰ ਸਿੰਘ ਅਤੇ ਉਸਦੀ ਪਤਨੀ ਵੀਨਾ ਦੇਵੀ ਉਰਫ ਭੋਲੀ ਦੋਵੇਂ ਪਤੀ-ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ 20 ਮੈਂਬਰੀ ਕਮੇਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਹੈ, ਅਸੀਂ ਵੀਨਾ ਦੇਵੀ ਦੇ ਕਹਿਣ ’ਤੇ ਆਪਣੀਆਂ ਕਮੇਟੀਆਂ ਵੀ ਉਨ੍ਹਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਟਸਐਪ ਗਰੁੱਪ ’ਤੇ ਕਮੇਟੀ ਦੀ ਜਾਣਕਾਰੀ ਦੇਣ ਦਾ ਭਰੋਸਾ ਦਿਵਾਇਆ ਸੀ। ਸ਼ਿਕਾਇਤ ਵਿਚ ਦੱਸਿਆ ਕਿ ਕਮੇਟੀ ਦੀ ਬੋਲੀ ਮੌਕੇ ਪਤੀ-ਪਤਨੀ ਹੀ ਹੁੰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਪੈਸੇ ਉਨ੍ਹਾਂ ਦੇ ਘਰ ਜਾ ਕੇ ਦਿੰਦੇ ਸੀ। ਉਨ੍ਹਾਂ ਕਿਹਾ ਕਿ ਦੋਹਾਂ ਪਤੀ-ਪਤਨੀ ਨੇ 15 ਫਰਵਰੀ 2021 ਨੂੰ ਕਮੇਟੀ ਬੰਦ ਕਰ ਦਿੱਤੀ ਤਾਂ ਉਨ੍ਹਾਂ ਵੱਲੋਂ ਇਸ ਦਾ ਕੋਈ ਉੱਤਰ ਨਹੀਂ ਦਿੱਤਾ ਗਿਆ ਤੇ ਨਾ ਹੀ ਸਾਡੇ ਪੈਸੇ ਮੋੜਨ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਵਾਪਸ ਮੰਗਣ ’ਤੇ ਪਤੀ-ਪਤਨੀ ਧਮਕੀਆਂ ਦੇਣ ਲੱਗ ਪਏ ਅਤੇ ਉਨ੍ਹਾਂ ਕਿਹਾ ਕਿ ਤੁਸੀ ਜੋ ਕਰਨਾ ਹੈ, ਕਰ ਲਵੋ।
ਇਹ ਵੀ ਪੜ੍ਹੋ : ਟਮਾਟਰ ਤੇ ਆਲੂ ਪਿਆ ਨਰਮ, ਹੁਣ ਪਿਆਜ਼ ਦੀਆਂ ਕੀਮਤਾਂ ਨੇ ਫੜੀ ਤੇਜ਼ੀ
ਉਨ੍ਹਾਂ ਕਿਹਾ ਕਿ ਰਾਕੇਸ਼ ਕੁਮਾਰ ਪਹਿਲਾਂ ਪੁਲਸ ਦੀ ਨੌਕਰੀ ਕਰਦਾ ਸੀ ਤੇ ਹੁਣ ਰਿਟਾਇਰ ਹੋ ਚੁੱਕਾ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਰਾਜੇਸ਼ ਕੁਮਾਰ ਨੇ ਤਿੰਨ ਲੱਖ ਦਸ ਹਜ਼ਾਰ ਰੁਪਏ, ਜੀਤ ਰਾਮ ਨੇ ਇਕ ਲੱਖ ਅਠਵੰਜਾ ਹਜ਼ਾਰ ਤਿੰਨ ਸੌ ਬਾਈ ਰੁਪਏ, ਸੁਨੀਤਾ ਰਾਣੀ ਨੇ ਸਤਵੰਜਾ ਹਜ਼ਾਰ ਛੇ ਸੌ ਵੀਹ ਰੁਪਏ, ਕਮਲਜੀਤ ਕੌਰ ਨੇ ਪੰਤਾਲੀ ਹਜ਼ਾਰ ਪੰਜ ਸੌ ਪਝੱਤਰ ਰੁਪਏ ਅਤੇ ਗਾਇਤਰੀ ਦੇਵੀ ਨੇ ਪੰਤਾਲੀ ਹਜ਼ਾਰ ਪੰਜ ਸੌ ਪਝੱਤਰ ਰੁਪਏ ਹੜੱਪ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਸਾਡੇ ਪਾਸੋਂ ਤਕਰੀਬਨ ਤਿੰਨ ਚਾਰ ਮਹੀਨੇ ਬਿਨਾਂ ਬੋਲੀ ਤੋਂ ਹੀ ਕਮੇਟੀਆਂ ਦੀ ਰਕਮ ਲੈਂਦੀ ਰਹੀ ਅਤੇ ਉਕਤ ਕੁੱਲ ਰਕਮ ਛੇ ਲੱਖ ਸਤਾਰਾਂ ਹਜ਼ਾਰ ਨਿਅਾਨਵੇਂ ਰੁਪਏ ਦੀ ਧੋਖਾਦੇਹੀ ਕੀਤੀ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਪੈਸੇ ਮੰਗਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ ਤੇ ਦੋਵੇਂ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਹਨ। ਸ਼ਿਕਾਇਤਕਰਤਾਵਾਂ ਨੇ ਗੁਹਾਰ ਲਗਾਈ ਕਿ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਰਕਮ ਸਾਨੂੰ ਵਾਪਸ ਦਿਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ਦੇ ਪਾਸਪੋਰਟ ਵੀ ਕਬਜ਼ੇ ਵਿਚ ਲਏ ਜਾਣ ਤਾਂ ਜੋ ਇਹ ਵਿਦੇਸ਼ ਨਾ ਭੱਜ ਸਕਣ। ਪੁਲਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਰਾਕੇਸ਼ ਕੁਮਾਰ ਉਰਫ ਪੰਮੀ ਪੁੱਤਰ ਪਾਖਰ ਸਿੰਘ ਅਤੇ ਉਸਦੀ ਪਤਨੀ ਵੀਨਾ ਰਾਣੀ ਉਰਫ ਭੋਲੀ ਦੇ ਖਿਲਾਫ ਕਮੇਟੀਆਂ ਦੀ ਆੜ ਹੇਠ ਹੇਰਾਫੇਰੀ ਤੇ ਬੇਈਮਾਨੀ ਨਾਲ ਕੁੱਲ ਰਕਮ 6,17,092 ਰੁਪਏ ਹੜੱਪਣ ਦੇ ਦੋਸ਼ ਹੇਠ ਧਾਰਾ 420, 34, 406 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8