ਵਰਿਆਣਾ ਡੰਪ ਸਾਈਟ ’ਤੇ ਕੂੜਾ ਸੁੱਟਣ ਖ਼ਿਲਾਫ਼ NGT ’ਚ ਦਾਖ਼ਲ ਹੋਇਆ ਕੇਸ

Sunday, Oct 26, 2025 - 04:36 PM (IST)

ਵਰਿਆਣਾ ਡੰਪ ਸਾਈਟ ’ਤੇ ਕੂੜਾ ਸੁੱਟਣ ਖ਼ਿਲਾਫ਼ NGT ’ਚ ਦਾਖ਼ਲ ਹੋਇਆ ਕੇਸ

ਜਲੰਧਰ (ਖੁਰਾਣਾ)–ਸ਼ਹਿਰ ਦੇ ਮੰਨੇ-ਪ੍ਰਮੰਨੇ ਸਮਾਜਿਕ ਅਤੇ ਵਾਤਾਵਰਣ ਵਰਕਰ ਤੇਜਸਵੀ ਮਿਨਹਾਸ ਨੇ ਜਲੰਧਰ ਨਗਰ ਨਿਗਮ ਵੱਲੋਂ ਵਰਿਆਣਾ ਡੰਪ ਸਾਈਟ ’ਤੇ ਲਗਾਤਾਰ ਬਿਨਾਂ ਸੈਗਰੀਗੇਟ ਕੀਤਾ ਕੂੜਾ ਸੁੱਟਣ ਖ਼ਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ , ਪ੍ਰਿੰਸੀਪਲ ਬੈਂਚ ਨਵੀਂ ਦਿੱਲੀ ਵਿਚ ਕੇਸ ਦਾਖ਼ਲ ਕੀਤਾ ਹੈ।
ਮਿਨਹਾਸ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਵਰਿਆਣਾ ਡੰਪ ਸਾਈਟ ਜਲੰਧਰ ਦੀ ਸਭ ਤੋਂ ਪੁਰਾਣੀ ਸਾਈਟ ਹੈ, ਜਿੱਥੇ ਹੁਣ ਤਕ ਲਗਭਗ 20 ਲੱਖ ਮੀਟ੍ਰਿਕ ਟਨ ‘ਲੀਗੇਸੀ ਵੇਸਟ’ (ਪੁਰਾਣਾ ਕੂੜਾ) ਜਮ੍ਹਾ ਹੋ ਚੁੱਕਾ ਹੈ। ਨਗਰ ਨਿਗਮ ਰੋਜ਼ਾਨਾ ਲਗਭਗ 500 ਤੋਂ 700 ਟਨ ਤਕ ਦਾ 100 ਫ਼ੀਸਦੀ ਬਿਨਾਂ ਛਾਂਟਿਆ ਕੂੜਾ ਇਥੇ ਸੁੱਟ ਰਿਹਾ ਹੈ, ਜਿਸ ਨਾਲ ਇਹ ਥਾਂ ਹੁਣ ਕੂੜੇ ਦੇ ਪਹਾੜ ਵਿਚ ਬਦਲ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ

PunjabKesari

ਮਿਨਹਾਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਦਾ ਉਲੰਘਣ ਹੈ। ਵਰਿਆਣਾ ਸਾਈਟ ’ਤੇ ਘਰੇਲੂ, ਕਾਰੋਬਾਰੀ, ਗਿੱਲਾ-ਸੁੱਕਾ, ਰੀ-ਸਾਈਕਲੇਬਲ, ਨਾਨ-ਰੀਸਾਈਕਲੇਬਲ, ਮੈਡੀਕਲ ਅਤੇ ਬਾਇਓ ਹੈਜ਼ਰਡਸ ਹਰ ਤਰ੍ਹਾਂ ਦਾ ਕੂੜਾ ਇਕੱਠਾ ਸੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਕੂੜਾ ਢੋਣ ਵਾਲੇ ਟਰੱਕ ਵੀ ਬਿਨਾਂ ਕਿਸੇ ਕੰਪਾਰਟਮੈਂਟ ਅਤੇ ਕਵਰ ਦੇ ਚੱਲਦੇ ਹਨ, ਜਿਨ੍ਹਾਂ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਹਿਲਾਂ ਵੀ ਕਈ ਵਾਰ ਇਤਰਾਜ਼ ਦਰਜ ਕਰਵਾ ਚੁੱਕਾ ਹੈ।

ਇਹ ਵੀ ਪੜ੍ਹੋ: ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ

ਪਟੀਸ਼ਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਡੰਪ ਸਾਈਟ ਵਾਤਾਵਰਣ ਅਤੇ ਜਨਤਕ ਸਿਹਤ ਦੋਵਾਂ ਲਈ ਗੰਭੀਰ ਖਤਰਾ ਬਣ ਚੁੱਕੀ ਹੈ। ਇਥੋਂ ਨਿਕਲਣ ਵਾਲਾ ਲੀਚੇਟ (ਕੂੜੇ ਦਾ ਜ਼ਹਿਰੀਲਾ ਤਰਲ) ਅਤੇ ਧੂੰਆਂ-ਮਿੱਟੀ, ਜ਼ਮੀਨ ਹੇਠਲਾ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ, ਨਾਲ ਹੀ ਇਲਾਕੇ ਵਿਚ ਕੀੜੇ-ਮਕੌੜਿਆਂ ਅਤੇ ਚੂਹਿਆਂ ਦੀ ਭਰਮਾਰ ਹੋ ਚੁੱਕੀ ਹੈ, ਜਿਸ ਨਾਲ ਨੇੜਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਤੇਜਸਵੀ ਮਿਨਹਾਸ ਨੇ ਐੱਨ. ਜੀ. ਟੀ. ਤੋਂ ਮੰਗ ਕੀਤੀ ਕਿ ਵਰਿਆਣਾ ਡੰਪ ਸਾਈਟ ’ਤੇ ਕਿਸੇ ਵੀ ਤਰ੍ਹਾਂ ਦਾ ਨਵਾਂ ਕੂੜਾ ਸੁੱਟਣਾ ਤੁਰੰਤ ਬੰਦ ਕੀਤਾ ਜਾਵੇ, ਉਥੇ ਪਏ ਪੁਰਾਣੇ ਕੂੜੇ ਨੂੰ ਵਿਗਿਆਨਿਕ ਅਤੇ ਸਮਾਂਬੱਧ ਢੰਗ ਨਾਲ ਪ੍ਰੋਸੈੱਸ ਕੀਤਾ ਜਾਵੇ ਅਤੇ ਆਲੇ-ਦੁਆਲੇ ਦੇ ਨਿਵਾਸੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਅਦਾਲਤ ਇਸ ਪੂਰੇ ਮਾਮਲੇ ਵਿਚ ਸ਼ਾਮਲ ਅਧਿਕਾਰੀਆਂ ਦੀ ਜਾਂਚ ਕਰ ਕੇ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਭਵਿੱਖ ਵਿਚ ਅਜਿਹੇ ਵਾਤਾਵਰਣ ਵਿਰੋਧੀ ਕਦਮ ਦੁਬਾਰਾ ਨਾ ਚੁੱਕੇ ਜਾਣ। ਮਿਨਹਾਸ ਦਾ ਕਹਿਣਾ ਹੈ ਕਿ ਜਲੰਧਰ ਵਰਗੇ ਵੱਡੇ ਸ਼ਹਿਰ ਵਿਚ ਆਧੁਨਿਕ ਕੂੜਾ ਪ੍ਰਬੰਧਨ ਪ੍ਰਣਾਲੀ ਲਾਗੂ ਕਰਨ ਦੇ ਬਾਵਜੂਦ ਨਿਗਮ ਦੀ ਲਾਪ੍ਰਵਾਹੀ ਕਾਰਨ ਅੱਜ ਵੀ ਲੋਕ ਜ਼ਹਿਰੀਲੀ ਹਵਾ ਅਤੇ ਪ੍ਰਦੂਸ਼ਿਤ ਪਾਣੀ ਵਿਚ ਜਿਊਣ ਨੂੰ ਮਜਬੂਰ ਹਨ। ਉਨ੍ਹਾਂ ਉਮੀਦ ਜਤਾਈ ਕਿ ਐੱਨ. ਜੀ. ਟੀ. ਇਸ ਮਾਮਲੇ ਵਿਚ ਜਲਦ ਸਖ਼ਤ ਕਦਮ ਚੁੱਕੇਗਾ ਅਤੇ ਸ਼ਹਿਰ ਨੂੰ ਵਰਿਆਣਾ ਵਰਗੇ ਖਤਰਨਾਕ ਡੰਪ ਤੋਂ ਰਾਹਤ ਦਿਵਾਏਗਾ।

ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News