ਚਲਦੀ ਕਾਰ ਨੂੰ ਲੱਗੀ ਅੱਗ, 3 ਸਵਾਰ ਵਾਲ-ਵਾਲ ਬਚੇ

Friday, Feb 28, 2020 - 06:07 PM (IST)

ਚਲਦੀ ਕਾਰ ਨੂੰ ਲੱਗੀ ਅੱਗ, 3 ਸਵਾਰ ਵਾਲ-ਵਾਲ ਬਚੇ

ਲਾਂਬੜਾ (ਵਰਿੰਦਰ)— ਵੀਰਵਾਰ ਦੀ ਦੇਰ ਰਾਤ ਨੂੰ ਇਕ ਚਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਸਮੇਂ ਸਿਰ 3 ਕਾਰ ਸਵਾਰ ਕਾਰ ਵਿਚੋਂ ਬਾਹਰ ਨਿਕਲਣ 'ਚ ਸਫਲ ਹੋ ਗਏ, ਜਦਕਿ ਕਾਰ ਪੂਰੀ ਨਾਲ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

ਇਸ ਸਬੰਧੀ ਐਲਡੀਕੋ ਗ੍ਰੀਨ ਨਜ਼ਦੀਕ ਖਾਂਬਰਾ ਦੇ ਵਸਨੀਕ ਸੁਨੀਲ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਆਪਣੀ ਸਕੋਡਾ ਕਾਰ ਨੰ. ਪੀ. ਬੀ. 10. ਸੀ. ਯੂ. 6060 ਰਾਹੀਂ ਆਪਣੇ ਹੋਰ 2 ਦੋਸਤਾਂ ਦੇ ਨਾਲ ਘਰੋਂ ਲਾਂਬੜਾ ਬਾਜ਼ਾਰ ਵੱਲ ਜਾ ਰਹੇ ਸਨ। ਰਸਤੇ 'ਚ ਪਿੰਡ ਬਾਦਸ਼ਾਹਪੁਰ ਨੇੜੇ ਉਨ੍ਹਾਂ ਨੂੰ ਪਹਿਲਾਂ ਕਾਰ ਦੇ ਇੰਜਣ 'ਚੋਂ ਕੁਝ ਬਦਬੂ ਆਉਣ ਦਾ ਅਹਿਸਾਸ ਹੋਇਆ। ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੇ ਇੰਜਣ 'ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਸਮੇਂ ਸਿਰ ਉਹ ਤਿੰਨੋਂ ਦੋਸਤ ਕਾਰ 'ਚੋਂ ਬਾਹਰ ਕੁੱਦ ਗਏ। ਦੇਖਦੇ ਹੀ ਦੇਖਦੇ ਭਿਆਨਕ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਦ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ।


author

shivani attri

Content Editor

Related News