ਕਾਰ ਚਾਲਕ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਔਰਤ ਸਣੇ ਦੋ ਦੀ ਮੌਤ, 3 ਜ਼ਖ਼ਮੀ
Saturday, Feb 08, 2025 - 06:38 PM (IST)
![ਕਾਰ ਚਾਲਕ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਔਰਤ ਸਣੇ ਦੋ ਦੀ ਮੌਤ, 3 ਜ਼ਖ਼ਮੀ](https://static.jagbani.com/multimedia/2025_2image_16_14_178181151accident.jpg)
ਬਲਾਚੌਰ (ਵਿਨੋਦ ਬੈਂਸ/ ਬ੍ਰਹਮਪੁਰੀ)- ਬਲਾਚੌਰ-ਨਵਾਂਸ਼ਹਿਰ ਮਾਰਗ 'ਤੇ ਸਥਿਤ ਰਾਣਾ ਢਾਬਾ ਕੋਲ ਉਸ ਵੇਲੇ ਵੱਡਾ ਹਾਦਸਾ ਸਵੇਰੇ ਵਾਪਰਿਆ ਜਦੋਂ ਇਕ ਮੋਟਰਸਾਈਕਲ ਚਾਲਕ ਕੁੰਦਨ ਲਾਲ ਆਪਣੀ ਮਾਤਾ ਕਮਲੇਸ਼ ਰਾਣੀ ਨਾਲ ਮੋਟਰਸਾਈਕਲ 'ਤੇ ਆਪਣੇ ਪਿੰਡ ਗੋਰਖਪੁਰ ਤੋਂ ਰੋਪੜ ਸਾਈਡ ਨੂੰ ਜਾ ਰਹੇ ਸੀ। ਜਦੋਂ ਉਹ ਰਾਣਾ ਢਾਬਾ ਕੋਲ ਪੁੱਲ ਤੋਂ ਥੋੜ੍ਹਾ ਅੱਗੇ ਗਏ ਤਾਂ ਪਿੱਛੋਂ ਇਕ ਮਹਿੰਦਰਾ ਐਕਸ. ਯੂ. ਵੀ. ਕਾਰ ਚਾਲਕ ਪੀ. ਬੀ. 65 ਬੀ. ਬੀ-8586 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਔਰਤ ਕਮਲੇਸ਼ ਰਾਣੀ ਪਤਨੀ ਸਵ. ਜਰਨੈਲ ਰਾਮ ਪਿੰਡ ਗੋਰਖਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਨਾਲ ਮੌਕੇ 'ਤੇ ਔਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਇਸ ਹਾਦਸੇ ਦੌਰਾਨ ਕਾਰ ਚਾਲਕ ਨੇ ਇਕ ਹੋਰ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਚਾਲਕ ਗੁਰਮੁਖ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਜ਼ਖ਼ਮੀ ਹੋ ਗਏ ਮੌਕੇ 'ਤੇ ਸਿਟੀ ਬਲਾਚੌਰ ਦੀ ਪੁਲਸ ਹਾਦਸੇ ਦੀ ਖ਼ਬਰ ਸੁਣਦੇ ਸਾਰ ਹੀ ਪਹੁੰਚੀ ਅਤੇ ਉਨ੍ਹਾਂ ਨੇ ਕਾਰ ਚਾਲਕ ਡਾਕਟਰ ਰਾਜੀਵ ਕੁਮਾਰ ਕੁੰਦਰਾ ਵਾਸੀ ਖਰੜ ਨੂੰ ਮੌਕੇ 'ਤੇ ਕਾਬੂ ਕਰ ਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਟੀ ਬਲਾਚੌਰ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਕਾਰ ਚਾਲਕ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਅਤੇ ਇਸ ਨੇ ਬੜੀ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਨਾਲ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਕਾਰ ਉਨ੍ਹਾਂ ਨੇ ਕਬਜ਼ੇ ਵਿੱਚ ਲੈ ਲਈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਸਿਟੀ ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ ਕਾਰਵਾਈ ਵਿੱਚ ਰੁੱਝੇ ਹੋਏ ਸਨ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e