ਲੜਕੀ ਦੇ ਬਚਾਅ ਲਈ ਆਏ ਕੰਡਕਟਰ ''ਤੇ ਨੌਜਵਾਨਾਂ ਨੇ ਕੀਤਾ ਹਮਲਾ
Wednesday, Mar 13, 2019 - 07:20 PM (IST)
ਗੁਰਾਇਆ, (ਮੁਨੀਸ਼ ਕੌਸ਼ਲ) : ਮੁੱਖ ਚੌਂਕ ਗੁਰਾਇਆ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋ ਇਕ ਨਿੱਜੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ । ਜਿਸ ਨੂੰ ਜ਼ਖਮੀ ਹਾਲਤ 'ਚ ਲੋਕਾਂ ਵਲੋਂ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੇ ਮੱਥੇ 'ਚ 3 ਟਾਂਕੇ ਲੱਗੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਤਲੁਜ ਕੰਪਨੀ ਦੇ ਬੱਸ ਕੰਡਕਟਰ ਕੁਲਵੰਤ ਸਿੰਘ ਬੰਟੀ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ। ਬੱਸ ਜਦੋਂ ਗੁਰਾਇਆ ਮੁੱਖ ਚੌਂਕ 'ਚ ਸਵਾਰੀਆਂ ਲੈਣ ਨੂੰ ਖੜੀ ਕੀਤੀ ਤਾਂ ਇੱਕ ਲੜਕੀ ਉਨ੍ਹਾਂ ਦੀ ਬੱਸ 'ਚ ਭੱਜਦੀ ਹੋਈ ਆਈ ਜੋ ਕਾਫ਼ੀ ਸਹਿਮੀ ਹੋਈ ਸੀ, ਜਿਸ ਦੇ ਪਿੱਛੇ 2 ਲੜਕੇ ਲੱਗੇ ਹੋਏ ਸਨ ਜੋ ਉਸ ਨੂੰ ਗ਼ਲਤ ਸ਼ਬਦਾਵਲੀ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉੱਥੋਂ ਬੱਸ ਤੋਰ ਲਈ ਤਾਂ ਉਕਤ ਦੋਵਾਂ ਨੌਜਵਾਨਾਂ ਨੇ ਬੱਸ ਪਿੱਛੇ ਮੋਟਰਸਾਈਕਲ ਲੱਗਾ ਲਿਆ ਤੇ ਬੱਸ ਅੱਗੇ ਮੋਟਰਸਾਈਕਲ ਲੱਗਾ ਕੇ ਬੱਸ ਰੋਕ ਲਈ, ਇਸ ਦੌਰਾਨ ਉਕਤ ਨੌਜਵਾਨ ਬੱਸ 'ਚ ਆ ਵੜੇ, ਜਦ ਕੰਡਕਟਰ ਲੜਕੀ ਦੇ ਬਚਾਅ ਲਈ ਅੱਗੇ ਆਇਆ ਤਾਂ ਉਕਤ ਨੌਜਵਾਨਾਂ ਨੇ ਕੰਡਕਟਰ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਨਾਲ ਉਸ ਦੇ ਖ਼ੂਨ ਨਿਕਲਣ ਲੱਗ ਪਿਆ। ਲੋਕਾਂ ਨੇ ਇਹ ਹੁੰਦਾ ਵੇਖ ਗੁਰਾਇਆ ਪੁਲਸ ਨੂੰ ਸੂਚਨਾ ਦਿੱਤੀ ਜਦ ਉਕਤ ਨੌਜਵਾਨਾਂ ਨੇ ਪੁਲਸ ਨੂੰ ਆਉਂਦੇ ਦੇਖਿਆ ਤਾਂ ਦੋਵੇਂ ਲੜਕੇ ਮੌਕੇ ਤੋਂ ਭੱਜ ਗਏ। ਜਿਨ੍ਹਾਂ ਦਾ ਪਿੱਛਾ ਪੁਲਸ ਨੇ ਕੀਤਾ ਪਰ ਉਹ ਹੱਥ ਨਹੀਂ ਆਏ।ਪੁਲਸ ਵੱਲੋਂ ਉਕਤ ਦੋਵਾਂ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ।ਬੱਸ ਕੰਡਕਟਰ ਵਲੋਂ ਗੁਰਾਇਆ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਦੋਵੇਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ।