ਬੁਲੇਟ ''ਤੇ ਪਟਾਕੇ ਮਾਰਨ ਵਾਲਿਆਂ ''ਤੇ ਕੱਸਿਆ ਸ਼ਿਕੰਜਾ
Saturday, Mar 14, 2020 - 03:51 PM (IST)

ਜਲੰਧਰ (ਵਰੁਣ)— ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਟ੍ਰੈਫਿਕ ਪੁਲਸ ਨੇ ਵੱਖ ਵੱਖ ਚੌਰਾਹਿਆਂ 'ਤੇ ਨਾਕਾਬੰਦੀ ਕਰ ਕੇ ਮੋਟਰਸਾਈਕਲਾਂ ਦੇ ਚਲਾਨ ਕੱਟੇ। ਇਸ ਕਾਰਵਾਈ 'ਚ ਪੁਲਸ ਵਾਲਿਆਂ ਤੋਂ ਲੈ ਕੇ ਆਰਮੀ ਵਾਲਿਆਂ ਤਕ ਦੇ ਬੇਟਿਆਂ ਨੇ ਵੀ ਪਟਾਕਾ ਮਾਰਨ ਵਾਲੇ ਸਾਇਲੈਂਸਰ ਲਗਾ ਰੱਖੇ ਸਨ।
ਟ੍ਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹੀ ਗੁਰੂ ਨਾਨਕ ਮਿਸ਼ਨ ਚੌਕ, ਗੁਰੂ ਅਮਰ ਦਾਸ ਚੌਕ ਅਤੇ ਬੀ. ਐੱਮ. ਸੀ. ਚੌਕ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉਥੋਂ ਨਿਕਲਣ ਵਾਲੇ ਬੁਲੇਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ। ਪੁਲਸ ਨੇ ਕਰੀਬ 50 ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ, ਜਦਕਿ 5 ਬੁਲੇਟ ਮੋਟਰਸਾਈਕਲਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਪੁਲਸ ਦੀ ਇਸ ਕਾਰਵਾਈ 'ਚ ਪੁਲਸ ਅਤੇ ਆਰਮੀ ਦੇ ਜਵਾਨਾਂ ਦੇ ਬੇਟਿਆਂ ਦੇ ਬੁਲੇਟ ਵੀ ਸ਼ਾਮਲ ਸਨ, ਜਦਕਿ 2 ਪੁਲਸ ਦੇ ਜਵਾਨਾਂ ਦੇ ਬੁਲੇਟ ਇੰਪਾਊਂਡ ਕੀਤੇ ਗਏ। ਇਸ ਸਾਰੀ ਕਾਰਵਾਈ ਦੀ ਏ. ਸੀ. ਪੀ. ਟਰੈਫਿਕ ਹਰਬਿੰਦਰ ਸਿੰਘ ਭੱਲਾ ਅਗਵਾਈ ਕਰ ਰਹੇ ਸਨ।