ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਨੇ ਘੇਰੀ ਐੱਸ. ਐੱਸ. ਪੀ. ਦੀ ਕੋਠੀ

10/06/2019 6:47:51 PM

ਹੁਸ਼ਿਆਰਪੁਰ (ਅਮਰਿੰਦਰ)— ਪਿੰਡ ਨੰਦਨ ਵਿਖੇ ਫਾਇਨੈਂਸਰ ਵੱਲੋਂ ਕਥਿਤ ਤੌਰ 'ਤੇ ਮਿਲੀਆਂ ਧਮਕੀਆਂ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਮਨਦੀਪ ਕੁਮਾਰ (29) ਦੇ ਪਰਿਵਾਰ ਨਾਲ ਪਿੰਡ ਦੇ ਸਰਪੰਚ ਪਵਨ ਕੁਮਾਰ ਅਤੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੰਦਨ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਨਿਵਾਸ ਦੇ ਸਾਹਮਣੇ ਧਰਨੇ 'ਤੇ ਬੈਠ ਗਏ। ਧਰਨੇ 'ਤੇ ਬੈਠਣ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅੱਤਰੀ ਅਤੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਸਮੇਤ ਥਾਣੇ ਦੇ ਸਾਰੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨੂੰ ਧਰਨਾ ਖਤਮ ਕਰਕੇ ਥਾਣੇ ਆਉਣ ਲਈ ਕਿਹਾ। ਥਾਣਾ ਸਦਰ 'ਚ ਦੋਸ਼ੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰਕ ਮੈਂਬਰ ਸਹਿਮਤ ਹੋ ਗਏ।

PunjabKesari

ਕੀ ਸੀ ਮਾਮਲਾ
ਐੱਸ. ਐੱਸ. ਪੀ. ਨਿਵਾਸ ਦੇ ਬਾਹਰ ਮ੍ਰਿਤਕ ਮਨਦੀਪ ਕੁਮਾਰ ਦੇ ਪਰਿਵਾਰ ਸਮੇਤ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਬਜਵਾੜਾ 'ਚ ਪ੍ਰਾਪਰਟੀ ਦਾ ਕੰਮ ਕਰਦਾ ਸੀ। ਇਸ ਸਮੇਂ ਦੌਰਾਨ ਉਸ ਨੇ ਖਾਨਪੁਰੀ ਗੇਟ 'ਤੇ ਰਹਿਣ ਵਾਲੇ ਫਾਇਨੈਂਸਰ ਤੋਂ 20 ਹਜ਼ਾਰ ਰੁਪਏ ਦਾ ਕਰਜ਼ਾ ਲਿਆ। ਹੌਲੀ-ਹੌਲੀ ਉਹ ਕਰਜ਼ਾ ਵੀ ਅਦਾ ਕਰ ਰਿਹਾ ਸੀ, ਪਰ 2 ਦਿਨ ਪਹਿਲਾਂ ਫਾਇਨੈਂਸਰ ਨੇ ਉਸ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਕਿ ਜੇ ਉਸਨੇ ਬਕਾਇਆ ਰਕਮ ਵਾਪਸ ਨਾ ਕੀਤੀ ਤਾਂ ਉਹ ਤੁਹਾਡੇ ਨਾਲ ਪਰਿਵਾਰ ਨੂੰ ਨੁਕਸਾਨ ਪਹੁੰਚਾਏਗਾ। ਇਸ ਤੋਂ ਪ੍ਰੇਸ਼ਾਨ ਹੋ ਕੇ ਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਮਨਦੀਪ ਕੁਮਾਰ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਥਾਣਾ ਸਦਰ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।

PunjabKesari

ਦੋਵੇਂ ਮੁਲਜ਼ਮ ਜਲਦ ਗ੍ਰਿਫਤਾਰ ਕੀਤੇ ਜਾਣਗੇ : ਡੀ. ਐੱਸ. ਪੀ.
ਮੌਕੇ 'ਤੇ ਮੌਜੂਦ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਪੁਲਸ ਨੇ ਸੋਨੂੰ ਨਿਵਾਸੀ ਜਲੰਧਰ ਅਤੇ ਨੰਨਾ ਨਿਵਾਸੀ ਖਾਨਪੁਰੀ ਗੇਟ ਦੇ ਵਿਰੁੱਧ ਧਾਰਾ 306 ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਇਕ ਟੀਮ ਬਣਾਈ ਗਈ ਹੈ। ਪੁਲਸ ਜਲਦੀ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।


shivani attri

Content Editor

Related News