''ਭਾਜਪਾ ਪੰਜਾਬ ਮਿਸ਼ਨ 2022'' ''ਤੇ ਕਾਲੇ ਪਰਛਾਵੇਂ ਬਣੇ ਪੰਜਾਬ ਤੇ ਹਰਿਆਣਾ ਦੇ ਚੋਣ ਨਤੀਜੇ

10/25/2019 3:00:27 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਦੇਸ਼ ਭਰ 'ਚ ਮੋਦੀ ਲਹਿਰ ਦੇ ਪ੍ਰਭਾਵ ਦੇ ਮੱਦੇਨਜ਼ਰ ਸਿਆਸੀ ਗਲਿਆਰਿਆਂ 'ਚ ਇਹ ਪ੍ਰਭਾਵ ਕਬੂਲਿਆ ਜਾ ਰਿਹਾ ਸੀ ਕਿ ਕੇਂਦਰ 'ਚ ਮੁੜ ਐਂਟਰੀ ਤੇ ਕੁਝ ਹੋਰ ਰਾਜਾਂ 'ਚ ਜਿੱਤ ਹਾਸਲ ਕਰਨ ਮਗਰੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਭਾਜਪਾ-ਅਕਾਲੀ ਦਲ ਨਾਲ ਦੋ ਦਹਾਕਿਆਂ ਪੁਰਾਣੀ ਸਿਆਸੀ ਸਾਂਝ ਤੋੜ ਕੇ ਇਕੱਲੇ ਲੜੇਗੀ। ਹਾਲ 'ਚ ਹੋਈਆਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਮੁੜ ਆਮਦ ਦਾ ਆਧਾਰ ਮੰਨ ਕੇ ਭਾਜਪਾ ਇਸ ਤੋਂ ਅਗਲੀ ਲੜਾਈ ਪੰਜਾਬ 'ਚ ਲੜਨ ਦੀ ਤਿਆਰੀ ਵਿੱਢ ਰਹੀ ਸੀ। ਮੰਨਿਆ ਜਾ ਰਿਹਾ ਸੀ ਕਿ ਕੁਝ ਸਿੱਖਾਂ ਦੇ ਨਾਂ ਕਾਲੀ ਸੂਚੀ 'ਚੋਂ ਬਾਹਰ ਕਰਨ ਵਰਗੇ ਪੰਥਕ ਮਸਲਿਆਂ ਪ੍ਰਤੀ ਗੰਭੀਰਤਾ ਦਿਖਾਉਣਾ ਸੂਬੇ ਦੀ ਸਿਆਸੀ ਫਿਜ਼ਾ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਥਕ ਕੇਡਰ ਨੂੰ ਕੈਸ਼ ਕਰਨ ਦਾ ਇਕ ਸਿਆਸੀ ਏਜੰਡਾ ਹੈ।

ਹਰਿਆਣੇ ਅੰਦਰ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ 'ਚ ਪਈਆਂ ਤਰੇੜਾਂ ਨੂੰ ਇਸੇ ਰਣਨੀਤੀ ਦਾ ਸੰਕੇਤ ਮੰਨਿਆ ਜਾ ਰਿਹਾ ਸੀ ਪਰ ਹਰਿਆਣਾ ਦੀਆਂ ਕੁੱਲ 90 ਅਤੇ ਪੰਜਾਬ ਦੀਆਂ 4 ਵਿਧਾਨ ਸਭਾ ਚੋਣਾਂ ਦੇ ਆਏ ਨਤੀਜੇ ਭਾਜਪਾ ਦੇ ਇਸ ਮਨੋਰਥ ਲਈ ਅਸ਼ੁੱਭ ਮੰਨੇ ਜਾ ਰਹੇ ਹਨ। ਹਰਿਆਣਾ ਅੰਦਰ 75 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ ਮਹਿਜ਼ 40 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ, ਜਦੋਂ ਕਿ ਬੀਤੀਆਂ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤੀਆਂ ਪੰਜਾਬ ਦੀਆਂ 2 ਵਿਧਾਨ ਸਭਾ ਸੀਟਾਂ ਫਗਵਾੜਾ ਅਤੇ ਮੁਕੇਰੀਆਂ 'ਚ ਭਾਜਪਾ ਹਾਰ ਗਈ। ਅਜਿਹੀ ਸਥਿਤੀ 'ਚ ਭਾਜਪਾ ਦਾ ਮਿਸ਼ਨ 2022 ਪੰਜਾਬ ਅੰਦਰ ਫਲਾਪ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਨਾਲ ਭਵਿੱਖ 'ਚ ਭਾਈਵਾਲੀ ਬਰਕਰਾਰ ਰੱਖਣਾ ਭਾਜਪਾ ਦੀ ਸਿਆਸੀ ਮਜਬੂਰੀ ਬਣ ਸਕਦਾ ਹੈ।

ਜਨਵਰੀ 'ਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਜਿੱਥੇ ਹਰਿਆਣਾ ਚੋਣਾਂ ਦੇ ਪ੍ਰਭਾਵ ਨੇ ਅਸਰਦਾਰ ਹੋਣਾ ਸੀ ਉਥੇ ਉਸ ਪ੍ਰਭਾਵ ਨੂੰ ਭਾਜਪਾ ਵਲੋਂ ਪੰਜਾਬ ਦੀ ਸਿਆਸਤ ਦਾ ਆਧਾਰ ਬਣਾਉਣਾ ਸੀ ਪਰ ਇਸ ਸਮੁੱਚੇ ਸਿਲਸਿਲੇ 'ਤੇ ਫਿਲਹਾਲ ਵਿਰਾਮ ਲੱਗਾ ਨਜ਼ਰ ਆ ਰਿਹਾ ਹੈ।


rajwinder kaur

Content Editor

Related News