ਥਾਣੇ ''ਚ ਭਾਜਪਾ ਨੇਤਾ ਨਾਲ ਹੋਈ ਕੁੱਟਮਾਰ ਦਾ ਮਾਮਲਾ, ਡੀ. ਸੀ. ਪੀ. ਨੂੰ ਸੌਂਪੀ ਜਾਂਚ

06/06/2019 7:15:06 PM

ਜਲੰਧਰ,(ਮਹੇਸ਼) : ਥਾਣਾ ਰਾਮਾਮੰਡੀ ਦੇ ਪੁਲਸ ਮੁਲਾਜ਼ਮਾਂ 'ਤੇ ਭਾਜਪਾ ਦੇ ਨੇਤਾ ਰਾਕੇਸ਼ ਕੁਮਾਰ ਕੌਲ ਨੂੰ ਥਾਣੇ 'ਚ ਹੀ ਬੇਰਹਿਮੀ ਨਾਲ ਕੁੱਟੇ ਜਾਣ ਦੇ ਦੋਸ਼ਾਂ ਕਾਰਨ ਅੱਜ ਪੰਜਾਬ ਭਾਜਪਾ ਦੇ ਕਾਰਜਕਾਰਣੀ ਮੈਂਬਰ ਅਸ਼ੋਕ ਗਾਂਧੀ, ਪੰਡਿਤ ਦੀਨ ਦਿਆਲ ਉਪਾਧਿਆਏ ਸਮਿਤੀ ਮੰਚ ਪੰਜਾਬ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਤੇ ਮੰਡਲ ਭਾਜਪਾ ਪ੍ਰਧਾਨ ਡਾ. ਵਿਨੀਤ ਤੇ ਰਾਜਿੰਦਰ ਸ਼ਰਮਾ ਮੰਡਲ ਪ੍ਰਧਾਨ, ਭਾਜਪਾ ਨੇਤਾ ਦੇਵਿੰਦਰ ਕਲੇਰ ਦੀ ਅਗਵਾਈ 'ਚ ਸ਼ਹਿਰ ਦੇ ਧਾਰਮਕ ਤੇ ਸਮਾਜਕ ਸੰਗਠਨਾਂ ਦੇ ਪ੍ਰਤੀਨਿਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਦਫਤਰ 'ਚ ਮਿਲੇ ਤੇ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਕਿਸ਼ਨ ਲਾਲ ਸ਼ਰਮਾ ਨੇ ਸ਼ਿਕਾਇਤਕਰਤਾ ਰਾਕੇਸ਼ ਕੌਲ ਨੂੰ ਨਾਲ ਲੈ ਕੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨਾਲ ਵੀ ਮੁਲਾਕਾਤ ਕੀਤੀ ਸੀ। ਅੱਜ ਸੀ. ਪੀ. ਨੇ ਪੂਰੇ ਮਾਮਲੇ ਤੋਂ ਜਾਣੂ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ । ਸੀ. ਪੀ. ਨੇ ਭਰੋਸਾ ਦਿੱਤਾ ਹੈ ਕਿ ਰਾਕੇਸ਼ ਕੌਲ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। 
ਇਸ ਦੌਰਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਇਕ ਸਟੇਟ ਪੱਧਰ ਦੇ ਨੇਤਾ ਨੂੰ ਥਾਣੇ 'ਚ ਪੁਲਸ ਵਲੋਂ ਕੁੱਟੇ ਜਾਣ ਦੀ ਇਹ ਪਹਿਲੀ ਘਟਨਾ ਦੇਖਣ ਨੂੰ ਮਿਲੀ ਹੈ, ਜਿਸ ਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਕਿ ਪੰਜਾਬ ਪੁਲਸ ਦੇ ਮੁਲਾਜ਼ਮਾਂ ਵਲੋਂ ਆਮ ਜਨਤਾ 'ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ 'ਤੇ ਨਕੇਲ ਕੱਸੀ ਜਾਵੇ ਤਾਂ ਹੀ ਆਮ ਲੋਕਾਂ ਨੂੰ ਇਨਸਾਫ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ 2-3 ਦਿਨਾਂ 'ਚ ਰਾਕੇਸ਼ ਕੌਲ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਸ ਸਬੰਧੀ ਭਾਰਤ ਦੇ ਗ੍ਰਹਿ ਮੰਤਰੀ ਤੇ ਡੀ. ਜੀ. ਪੀ. ਪੰਜਾਬ ਦੇ ਨਾਂ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਜਾਵੇਗਾ, ਜਿਸ 'ਚ ਦੱਸਿਆ ਜਾਵੇਗਾ ਕਿ ਜਲੰਧਰ ਪੁਲਸ ਪ੍ਰਸ਼ਾਸਨ ਭਾਜਪਾ ਦੇ ਨੇਤਾ ਨੂੰ ਇਨਸਾਫ ਦਿਲਵਾਉਣ ਦੀ ਬਜਾਏ ਆਪਣੇ ਮੁਲਾਜ਼ਮਾਂ ਦਾ ਪੱਖ ਲੈਂਦੇ ਹੋਏ ਧੱਕਾ ਕਰ ਰਿਹਾ ਹੈ। ਇਸ ਮੌਕੇ ਅਸ਼ੋਕ ਗਾਂਧੀ ਨੇ ਕਿਹਾ ਕਿ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਜਲਦੀ ਹੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਨਤਾ ਦਾ ਪੁਲਸ 'ਤੇ ਵਿਸ਼ਵਾਸ ਬਣਿਆ ਰਹੇ। ਮੰਡਲ ਪ੍ਰਧਾਨ ਡਾ. ਵਿਨੀਤ ਤੇ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਭਾਜਪਾ ਨੇਤਾ ਦੀ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ 'ਤੇ ਆ ਕੇ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਇਨਸਾਫ ਨਾ ਮਿਲਣ 'ਤੇ ਭੁੱਖ ਹੜਤਾਲ 'ਤੇ ਬੈਠਾਂਗਾ
ਥਾਣੇ 'ਚ ਪੁਲਸ ਦੀ ਕੁੱਟ-ਮਾਰ ਦਾ ਸ਼ਿਕਾਰ ਹੋਏ ਭਾਜਪਾ ਐੱਸ. ਸੀ. ਮੋਰਚਾ ਪੰਜਾਬ ਦੇ ਸਕੱਤਰ ਰਾਕੇਸ਼ ਕੁਮਾਰ ਕੌਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਮਾਮਲੇ ਤੋਂ ਭਾਜਪਾ ਐੱਸ. ਸੀ. ਮੋਰਚੇ ਦੀ ਪ੍ਰਦੇਸ਼ ਕਾਰਜਕਾਰਣੀ ਨੂੰ ਜਾਣੂ ਕਰਵਾ ਦਿੱਤਾ ਹੈ। ਰਾਕੇਸ਼ ਨੇ ਕਿਹਾ ਕਿ ਉਹ ਇਨਸਾਫ ਨਾ ਮਿਲਣ 'ਤੇ ਪੁਲਸ ਕਮਿਸ਼ਨਰ ਦਫਤਰ ਦੇ ਅੱਗੇ ਭੁੱਖ ਹੜਤਾਲ 'ਤੇ ਬੈਠਣਗੇ। ਐੱਸ. ਸੀ. ਮੋਰਚਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੇ ਵੀ ਹਰ ਮੋੜ 'ਤੇ ਰਾਕੇਸ਼ ਕੌਲ ਦਾ ਸਾਥ ਦੇਣ ਦੀ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਇਕ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਥਾਣੇ ਗਏ ਆਪਣੇ ਪਾਰਟੀ ਵਰਕਰ ਨਾਲ ਧੱਕਾ ਬਰਦਾਸ਼ਤ ਨਹੀਂ ਕਰਨਗੇ । ਕੌਲ ਨੇ ਰਾਮਾ ਮੰਡੀ ਦੇ ਐੱਸ. ਐੱਚ .ਓ. ਸਮੇਤ 2 ਹੋਰ ਮੁਲਾਜ਼ਮਾਂ ਜਰਮਨ ਸਿੰਘ ਤੇ ਮਾਈਕਲ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ।

ਡੀ. ਸੀ. ਪੀ. ਨੇ ਕੀਤੀ ਜਾਂਚ ਸ਼ੁਰੂ
ਰਾਕੇਸ਼ ਕੌਲ ਦੇ ਮਾਮਲੇ 'ਚ ਪੁਲਸ ਕਮਿਸ਼ਨਰ ਕੋਲ ਗਈ ਸ਼ਿਕਾਇਤ ਕਾਰਨ ਡੀ. ਸੀ. ਪੀ.ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਉਸ ਨੂੰ ਥਾਣੇ 'ਚ ਕੁੱਟਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਤਕ ਇਸ ਮਾਮਲੇ 'ਚ ਆਪਣੀ ਜਾਂਚ ਪੂਰੀ ਕਰ ਕੇ ਸੀ. ਪੀ. ਨੂੰ ਰਿਪੋਰਟ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਰਾਕੇਸ਼ ਕੌਲ ਦੇ ਮਾਮਲੇ 'ਚ ਜੋ ਵੀ ਪੁਲਸ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ , ਉਸ 'ਤੇ ਬਣਦੀ ਕਾਰਵਾਈ ਹਰ ਹਾਲ 'ਚ ਕੀਤੀ ਜਾਵੇਗੀ।


Related News