ਭਾਜਪਾ ਦੀ ‘ਮੈਂ ਵੀ ਚੌਕੀਦਾਰ’ ਮੁਹਿੰਮ ਜਨਤਾ ਦਾ ਪੇਟ ਭਰਨ ਜਾਂ ਨੌਕਰੀਆਂ ਦੇਣ ਵਾਲੀ ਨਹੀਂ : ਅਮਰਿੰਦਰ ਸਿੰਘ

03/19/2019 1:44:36 AM

ਜਲੰਧਰ, (ਧਵਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਵਿਚ ਸ਼ੁਰੂ ਕੀਤੀ ਗਈ ‘ਮੈਂ ਵੀ ਚੌਕੀਦਾਰ’ ਚੋਣ ਮੁਹਿੰਮ ਜਨਤਾ ਦਾ ਪੇਟ ਭਰਨ ਵਾਲੀ ਨਹੀਂ ਹੈ ਤੇ ਨਾ ਹੀ ਇਹ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇ ਸਕਦੀ ਹੈ। ਉਨ੍ਹਾਂ ਇਸ ਨੂੰ ਮੋਦੀ ਦਾ ਇਕ ਹੋਰ ਜੁਮਲਾ ਕਰਾਰ ਦਿੰਦਿਆਂ ਕਿਹਾ ਕਿ ਅਸਲ ਸਮੱਸਿਆਵਾਂ ਦਾ ਗਿਆਨ ਭਾਜਪਾ ਨੂੰ ਨਹੀਂ ਹੈ। ਪਿਛਲੇ 5 ਸਾਲਾਂ ਵਿਚ ਉਨ੍ਹਾਂ ਹਰ ਵਾਰ ਨਵਾਂ ਨਾਅਰਾ ਦੇ ਕੇ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਹੁਣ ਅਜਿਹੇ ਨਾਅਰੇ ਕਿਸੇ ਕੰਮ ਦੇ ਨਹੀਂ ਹਨ ਤੇ ਨਾ ਹੀ ਇਹ ਜਨਤਾ ਨੂੰ ਕੁਝ ਦੇ ਸਕਦੇ ਹਨ। ਜਨਤਾ ਰੋਜ਼ਗਾਰ ਚਾਹੁੰਦੀ ਹੈ, ਕਿਸਾਨ ਆਪਣਾ ਕਰਜ਼ਾ ਮੁਆਫ ਕਰਵਾਉਣਾ ਚਾਹੁੰਦੇ ਹਨ ਅਤੇ ਜਨਤਾ ਦੇਸ਼ ਵਿਚ ਅਮਨ ਤੇ ਸ਼ਾਂਤੀ ਚਾਹੁੰਦੀ ਹੈ। ਮੁੱਖ ਮੰਤਰੀ ਨੇ ਅੱਜ ਪਹਿਲਾਂ ਪਟਿਆਲਾ ਅਤੇ ਫਿਰ ਹੋਰ ਹਲਕਿਆਂ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਚੋਣਾਂ ਸਬੰਧੀ ਫੀਡਬੈਕ ਲਿਆ। ਮੀਟਿੰਗ ਵਿਚ ਵਿਧਾਇਕਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਜ਼ੋਨ ਇੰਚਾਰਜ ਅਤੇ ਫਰੰਟਲ ਸੰਗਠਨਾਂ ਦੇ ਮੁਖੀਆਂ ਨੇ ਹਿੱਸਾ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਜੁਮਲਾ ਪਾਰਟੀ ਭਾਜਪਾ ਨੇ 2014 ਵਿਚ ਜੋ ਚੋਣ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇਕ ਵੀ  ਪੂਰਾ ਨਹੀਂ ਕੀਤਾ।  ਦੇਸ਼ ਦੀ ਜਨਤਾ ਹੁਣ ਜਾਗਰੂਕ ਹੈ ਅਤੇ ਹੁਣ ਗੁੰਮਰਾਹ ਹੋਣ ਵਾਲੀ ਨਹੀਂ। ਜਨਤਾ ਕਾਂਗਰਸ ਦੇ ਹੱਕ ਵਿਚ ਫਤਵਾ ਦੇਵੇਗੀ ਤੇ ਉਸ ਤੋਂ ਬਾਅਦ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦੀ ਅਗਵਾਈ ਵਿਚ ਸਰਕਾਰ ਬਣੇਗੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਕਾਂਗਰਸ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਕਾਂਗਰਸ ਸੂਬੇ ਵਿਚ ਮਜ਼ਬੂਤ ਸਥਿਤੀ ਵਿਚ ਹੈ ਅਤੇ ਉਸ ਨੂੰ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀ ਲੋੜ ਨਹੀਂ ਹੈ। ਕਾਂਗਰਸ ਆਪਣੇ ਦਮ ’ਤੇ ਹੀ ਚੋਣਾਂ ਲੜੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਏਅਰ ਫੋਰਸ ਵਲੋਂ ਮਕਬੂਜ਼ਾ ਕਸ਼ਮੀਰ ਵਿਚ ਕੀਤੇ ਗਏ ਹਵਾਈ ਹਮਲੇ ਨਾਲ ਭਾਜਪਾ ਸਰਕਾਰ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ ਕਿਉਂਕਿ ਕੇਂਦਰ ’ਚ ਸੱਤਾ ਵਿਚ ਹੋਣ ਕਾਰਨ ਹਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਤਵਾਦੀ ਹਮਲਿਆਂ ਦਾ ਮੂੰਹਤੋੜ ਜਵਾਬ ਦੁਸ਼ਮਣ ਦੇਸ਼ ਨੂੰ ਦੇਵੇ। ਅਤੀਤ ਵਿਚ ਕਾਂਗਰਸ ਇੰਝ ਹੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੇਵਾਮੁਕਤ ਫੌਜੀਆਂ ਦੇ ਮਸਲਿਆਂ ਦਾ ਨਿਪਟਾਰਾ ਨਹੀਂ ਕਰ ਸਕਦੀ।
ਅਕਾਲੀਆਂ ਵਲੋਂ ਪਟਿਆਲਾ ’ਚ ਪਰਨੀਤ ਕੌਰ ਦਾ ਘਿਰਾਓ ਕਰਨ ਦੀ ਧਮਕੀ  ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪੂਰੇ ਪੰਜਾਬ ਵਿਚ ਅਕਾਲੀਆਂ ਦਾ ਘਿਰਾਓ ਕਰੇਗੀ ਅਤੇ ਅਕਾਲੀਆਂ ਨੂੰ ਕਿਤੇ ਵੀ ਲੁਕਣ ਦੀ ਥਾਂ ਨਹੀਂ ਮਿਲੇਗੀ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਨ੍ਹਾਂ ਦੋ ਵਾਰ ਪਟਿਆਲਾ ਲੋਕ ਸਭਾ ਸੀਟ ਦਾ ਦੌਰਾ ਵੀ ਕੀਤਾ ਹੈ।  ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਕਈ ਵਿਧਾਇਕਾਂ ਨੇ ਵੀ ਹਿੱਸਾ ਲਿਆ।
 


Bharat Thapa

Content Editor

Related News