3 ਦਿਨਾਂ ਲਈ ਕਾਲਾ ਬੱਕਰਾ ਤੇ ਭੋਗਪੁਰ ਸਰਕਲ 2 ਵਿਚਲੇ ਸ਼ਰਾਬ ਦੇ ਸਾਰੇ ਠੇਕੇ ਸੀਲ

08/17/2019 4:44:28 PM

ਭੋਗਪੁਰ (ਸੂਰੀ) : ਆਬਕਾਰੀ ਅਤੇ ਕਰ ਵਿਭਾਗ ਜਲੰਧਰ ਦੇ ਮੋਬਾਇਲ ਵਿੰਗ ਅਤੇ ਜਲੰਧਰ ਦਫਤਰ ਵੱਲੋਂ ਬੀਤੇ ਦਿਨੀਂ ਕਾਲਾ ਬੱਕਰਾ ਅਤੇ ਭੋਗਪੁਰ ਸਰਕਲ 2 ਦੇ ਠੇਕਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਤੋਂ ਬਾਅਦ ਦੋਵਾਂ ਸਰਕਲਾਂ ਦੇ ਸਾਰੇ ਠੇਕੇ 3 ਦਿਨ ਲਈ ਬੰਦ ਕਰ ਦਿੱਤੇ ਗਏ ਹਨ। ਆਬਕਾਰੀ ਵਿਭਾਗ ਦੀ ਇਸ ਕਾਰਵਾਈ ਦੇ ਸਬੰਧ ਵਿਚ ਈ.ਟੀ.ਓ. ਨਵਜੋਤ ਭਾਰਤੀ ਨੇ ਦੱਸਿਆ ਹੈ ਕਿ ਇਸ ਕਾਰਵਾਈ ਦੇ ਹੁਕਮ ਡੀ.ਟੀ.ਸੀ. ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਹੈ ਕਿ ਆਬਕਾਰੀ ਵਿੰਗ ਜਲੰਧਰ ਦੇ ਮੋਬਾਇਲ ਵਿੰਗ ਅਤੇ ਜਲੰਧਰ ਦਫਤਰ ਵੱਲੋਂ ਵੱਖ-ਵੱਖ ਤੌਰ 'ਤੇ ਕਾਲਾ ਬੱਕਰਾ ਅਤੇ ਭੋਗਪੁਰ ਸਰਕਲ 2 ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ ਸੀ। ਇਸ ਚੈਕਿੰਗ ਦੌਰਾਨ ਵਿਭਾਗ ਨੂੰ ਇਨ੍ਹਾਂ ਦੋਵਾਂ ਸਰਕਲਾਂ ਦੇ ਠੇਕਿਆਂ ਵਿਚ ਕੁਝ ਕਮੀਆਂ ਮਿਲੀਆਂ ਸਨ, ਜਿਨ੍ਹਾਂ ਕਾਰਨ ਵਿਭਾਗ ਨੇ ਕਾਲਾ ਬੱਕਰਾ ਅਤੇ ਭੋਗਪੁਰ ਸਰਕਲ 2 ਦੇ ਸ਼ਰਾਬ ਦੇ ਸਾਰੇ ਠੇਕੇ ਮਿਤੀ 16 ਅਗਸਤ ਤੋਂ 19 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਦੇ ਚਲਦਿਆਂ ਦੋਵਾਂ ਸਰਕਲਾਂ ਦੇ ਸ਼ਰਾਬ ਦੇ ਸਾਰੇ ਠੇਕੇ ਸੀਲ ਕਰ ਦਿੱਤੇ ਗਏ ਹਨ। ਇਹ ਸਾਰੇ ਠੇਕੇ 20 ਅਗਸਤ ਦੀ ਸਵੇਰ ਨੂੰ ਖੋਲ੍ਹੇ ਜਾਣਗੇ।

PunjabKesari

ਵਿਭਾਗ ਨੇ ਰੰਜਿਸ਼ ਤਹਿਤ ਕੀਤੀ ਕਾਰਵਾਈ : ਪਨੂੰ
ਭੋਗਪੁਰ ਸਰਕਲ 2 ਦੇ ਸਾਰੇ ਠੇਕੇ ਤਿੰਨ ਦਿਨਾਂ ਲਈ ਬੰਦ ਕਰਕੇ ਸੀਲ ਕੀਤੇ ਜਾਣ ਸਬੰਧੀ ਜਦੋਂ ਭੋਗਪੁਰ ਸਰਕਲ 2 ਦੇ ਸੰਚਾਲਕ ਮਾਝਾ ਗਰੁੱਪ ਦੇ ਮਾਲਕ ਨਵਦੀਪ ਸਿੰਘ ਪਨੂੰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭੋਗਪੁਰ ਸਰਕਲ 2 ਅਤੇ ਕਾਲਾ ਬੱਕਰਾ ਸਰਕਲ ਦੇ ਕੁੱਲ 32 ਦੇ ਕਰੀਬ ਠੇਕੇ ਵਿਭਾਗ ਨੇ 3 ਦਿਨਾਂ ਲਈ ਸੀਲ ਕੀਤੇ ਹਨ। ਉਨ੍ਹਾਂ ਕਿਹਾ ਕਿ ਭੋਗਪੁਰ ਸਰਕਲ 2 ਦੇ ਠੇਕਿਆਂ 'ਤੇ ਜੋ ਕਾਰਵਾਈ ਕੀਤੀ ਗਈ ਹੈ ਉਹ ਵਿਭਾਗ ਵੱਲੋਂ ਰੰਜਿਸ਼ ਤਹਿਤ ਕੀਤੀ ਗਈ ਕਾਰਵਾਈ ਦਾ ਨਤੀਜਾ ਹੈ ਅਤੇ ਵਿਭਾਗ ਦੇ ਕਿਸੇ ਖਾਸ ਸ਼ਰਾਬ ਠੇਕੇਦਾਰ ਵੱਲੋਂ ਦਿੱਤੀ ਗਈ ਇਕ ਗੁੰਮਨਾਮ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ। ਆਬਕਾਰੀ ਵਿਭਾਗ ਦੇ ਮੋਬਇਲ ਵਿੰਗ ਨੇ ਸਾਡੇ ਸਰਕਲ ਦੇ ਸਾਰੇ ਠੇਕਿਆਂ ਦੀ ਚੈਕਿੰਗ ਕੀਤੀ ਪਰ ਵਿੰਗ ਨੂੰ ਕੋਈ ਕਮੀ ਨਾ ਮਿਲ ਸਕੀ। ਉਸ ਤੋਂ ਬਾਅਦ ਵਿੰਗ ਦੀ ਟੀਮ ਵੱਲੋਂ ਸਾਰੇ ਠੇਕਿਆਂ ਦਾ ਆਡਿਟ ਕਰਕੇ ਠੇਕਿਆਂ ਵਿਚ ਸ਼ਰਾਬ ਜ਼ਿਆਦਾ ਹੋਣ ਦਾ ਬਾਹਾਨਾ ਬਣਾ ਕੇ ਸ਼ਰਾਬ ਦੀਆਂ 300 ਦੇ ਕਰੀਬ ਪੇਟੀਆਂ ਜ਼ਬਤ ਕਰ ਲਈਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਮੀਆਂ ਦਾ ਬਹਾਨਾ ਬਣਾ ਕੇ ਸਾਡੇ ਸਰਕਲ ਦੇ ਠੇਕੇ ਸੀਲ ਕੀਤੇ ਗਏ ਹਨ ਜੇਕਰ ਵਿਭਾਗ ਸਾਰੇ ਪੰਜਾਬ ਦੇ ਠੇਕਿਆਂ ਦੀ ਚੈਕਿੰਗ ਕਰੇ ਤਾਂ ਹਰ ਠੇਕੇ ਵਿਚ ਇਹ ਕਮੀਆਂ ਮਿਲਣਗੀਆਂ। ਕੀ ਵਿਭਾਗ ਪੰਜਾਬ ਦੇ ਬਾਕੀ ਠੇਕਿਆਂ ਖਿਲਾਫ ਵੀ ਕਾਰਵਾਈ ਕਰੇਗਾ? ਇਕ ਪਾਸੇ ਸ਼ਰਾਬ ਠੇਕੇਦਾਰਾਂ ਨੂੰ ਹਰ ਮਹੀਨੇ ਦਾ ਬਣਦਾ ਸ਼ਰਾਬ ਕੌਟਾ ਜ਼ਬਰਦਸਤੀ ਵਿਭਾਗ ਵੱਲੋਂ ਚੁੱਕਵਾਇਆ ਜਾਂਦਾ ਹੈ ਜੇਕਰ ਸ਼ਰਾਬ ਦੀ ਵਿੱਕਰੀ ਘੱਟ ਹੁੰਦੀ ਹੈ ਤਾਂ ਠੇਕੇਦਾਰ ਬਕਾਇਆ ਸਟਾਕ ਕਿੱਥੇ ਰੱਖੇਗਾ।


cherry

Content Editor

Related News