26 ਸਾਲ ਦੇ ਭਵਨੀਸ਼ ਨੇ ਦੁਕਾਨ ’ਤੇ ਜਾ ਕੇ ਲਿਆ ਫਾਹ, ਵੱਡੇ ਭਰਾ ਨੇ ਕਿਹਾ-ਪਿਤਾ ਦੀ ਮੌਤ ਤੋਂ ਪ੍ਰੇਸ਼ਾਨ ਸੀ ਮ੍ਰਿਤਕ
Wednesday, Oct 24, 2018 - 06:00 AM (IST)

ਜਲੰਧਰ, (ਮਹੇਸ਼)- 26 ਸਾਲ ਦੇ ਭਵਨੀਸ਼ ਰੱਲ ਨੇ ਨੰਗਲਸ਼ਾਮਾ ਸਥਿਤ ਆਪਣੇ ਕਰਿਆਨਾ ਸਟੋਰ ਵਿਚ ਛੱਤ ’ਤੇ ਲੱਗੇ ਹੋਏ ਰੌਸ਼ਨਦਾਨ ਨਾਲ ਰੱਸੀ ਲਟਕਾ ਕੇ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਵੱਡਾ ਭਰਾ ਸੰਦੀਪ ਰੱਲ ਜਦ ਕਿਸੇ ਕੰਮ ਨਾਲ ਸਵੇਰੇ 6.30 ਵਜੇ ਦੁਕਾਨ ’ਤੇ ਗਿਆ ਤਾਂ ਭਵਨੀਸ਼ ਰੱਸੀ ਨਾਲ ਲਟਕ ਰਿਹਾ ਸੀ। ਉਸ ਨੂੰ ਥੱਲੇ ਉਤਾਰ ਕੇ ਜਦੋਂ ਜੌਹਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭਰਾ ਸੰਦੀਪ ਨੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਏ. ਐੱਸ. ਆਈ. ਸੁਖਦੇਵ ਰਾਜ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਭਵਨੀਸ਼ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ 6 ਵਜੇ ਦੁਕਾਨ ’ਤੇ ਗਿਆ ਸੀ। ਉਸ ਸਮੇਂ ਉਹ ਬਿਲਕੁਲ ਠੀਕ ਸੀ ਪਰ ਕਰੀਬ ਇਕ ਸਾਲ ਪਹਿਲਾਂ ਪਿਤਾ ਬਲਵੀਰ ਚੰਦ ਦੀ ਹਾਰਟ ਅਟੈਕ ਨਾਲ ਹੋਈ ਮੌਤ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਸ਼ਾਇਦ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਫਾਹ ਲੈ ਲਿਆ।
ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਭਵਨੀਸ਼ ਰੱਲ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਪੜ੍ਹਿਆ-ਲਿਖਿਆ ਅਤੇ ਸਮਝਦਾਰ ਸੀ। ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਪਰਿਵਾਰ ਵਾਲਿਆਂ ਅਨੁਸਾਰ ਉਸ ਨੇ ਜਲਦਬਾਜ਼ੀ ਵਿਚ ਇਹ ਕਦਮ ਚੁੱਕ ਲਿਆ। ਉਸ ਦੀ ਮੌਤ ਨੂੰ ਲੈ ਕੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ।