ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) 25 ਨੂੰ ਕਰੇਗੀ ਸਕੱਤਰੇਤ ਦਾ ਘਿਰਾਓ
Saturday, Sep 15, 2018 - 12:52 AM (IST)

ਰੂਪਨਗਰ, (ਵਿਜੇ)- ਕਿਸਾਨੀ ਦੌਰਾਨ ਆ ਰਹੀਆਂ ਸਮੱਸਿਆਵਾਂ ਕਾਰਨ ਸੂਬੇ ਦੇ ਕਿਸਾਨਾਂ ਦੀ ਹਾਲਤ ਡਾਵਾਂਡੋਲ ਹੋਣ ਕਾਰਨ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪੰਜਾਬ ਵੱਲੋਂ 25 ਸਤੰਬਰ ਨੂੰ ਚੰਡੀਗਡ਼੍ਹ ਵਿਖੇ ਸਕੱਤਰੇਤ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਸਬੰਧੀ ਯੂਨੀਅਨ ਵੱਲੋਂ ਇਥੇ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਜਾਰੀ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਕਿਹਾ ਕਿ ਖੇਤੀ ਕਿੱਤਾ ਘਾਟੇ ਵਾਲਾ ਬਣ ਚੁੱਕਾ ਹੈ, ਜਦਕਿ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਇਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ।
ਇਸ ਮੌਕੇ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਮਿਹਰ ਸਿੰਘ, ਪ੍ਰਗਟ ਸਿੰਘ ਰੌਲੂ ਮਾਜਰਾ, ਜਗਜੀਤ ਸਿੰਘ, ਬਹਾਦਰ ਸਿੰਘ ਕਲਾਰਾਂ, ਗੁਰਮੀਤ ਸਿੰਘ ਭੋਜੇਮਾਜਰਾ, ਅਮਰਜੀਤ ਸਿੰਘ ਤੇ ਗੁਰਮੀਤ ਸਿੰਘ ਮੁੱਖ ਰੂਪ ’ਚ ਹਾਜ਼ਰ ਸਨ।
ਇਹ ਹਨ ਮੰਗਾਂ
1. ਉਨ੍ਹਾਂ ਮੰਗ ਕਰਦੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ’ਚ ਪਰਾਲੀ (ਨਾਡ਼ ਆਦਿ) ਖਤਮ ਕਰਨ ਲਈ 200 ਰੁ. ਪ੍ਰਤੀ ਕੁਇੰਟਲ ਜਾਂ 5 ਹਜ਼ਾਰ ਰੁ. ਪ੍ਰਤੀ ਏਕਡ਼ ਮੁਆਵਜ਼ਾ ਦਿੱਤਾ ਜਾਵੇ।
2. ਝੋਨੇ ਦਾ ਰੇਟ ਵਧਾ ਕੇ 1790 ਰੁ. ਦਿੱਤਾ ਜਾਵੇ, ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਸਮੁੱਚੀ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਵੇ।
3. ਪੰਜਾਬ ਸਰਕਾਰ ਮਿੱਥੇ ਰੇਟਾਂ ’ਤੇ ਫਸਲ ਖਰੀਦਣ ਦਾ ਪ੍ਰਬੰਧ ਕਰੇ।
4. ਪੰਜਾਬ ਦੇ ਕਿਸਾਨਾਂ ਦਾ ਗੰਨਾ ਮਿੱਲਾਂ ਵੱਲ 6 ਕਰੋਡ਼ ਤੋਂ ਵੱਧ ਰੁ. ਬਕਾਇਆ ਪਿਆ ਹੈ, ਇਕ ਪਾਸੇ ਪੰਜਾਬ ਸਰਕਾਰ ਕਰੋਡ਼ਾਂ ਰੁਪਏ ਖਰਚ ਕਰ ਰਹੀ ਹੈ ਕਿ ਕਣਕ-ਝੋਨੇ ਦੇ ਚੱਕਰ ਨੂੰ ਬਦਲੋ, ਜੋ ਕਿਸਾਨਾਂ ਨੇ ਇੱਸ ਚੱਕਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਹੀ ਆਰਥਿਕ ਘਾਟੇ ’ਚ ਆ ਗਏ। ਇਸ ਲਈ ਗੰਨੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ।
5. ਬੇਸਹਾਰਾ ਪਸ਼ੂ ਕਿਸਾਨਾਂ ਦਾ ਹਜ਼ਾਰਾਂ ਏਕਡ਼ ਫਸਲਾਂ ਦਾ ਨੁਕਸਾਨ ਕਰ ਰਹੇ ਹਨ, ਦੂਜੇ ਪਾਸੇ ਸਡ਼ਕੀ ਦੁਰਘਟਨਾਵਾਂ ਪ੍ਰਤੀ ਦਿਨ ਵਧ ਰਹੀਆਂ ਹਨ, ਜਦਕਿ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਪਸ਼ੂ ਮੰਡੀਆਂ ਦੀ ਖਰੀਦ/ਵੇਚ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਸਰਕਾਰ ਆਪ ਕਰੇ ਕਿਉਂਕਿ ਠੇਕੇਦਾਰੀ ਸਿਸਟਮ ’ਚ ਪਸ਼ੂ ਪਾਲਕਾਂ ’ਤੇ ਭਾਰੀ ਆਰਥਿਕ ਬੋਝ ਪਾਇਆ ਜਾਂਦਾ ਹੈ।