ਪਰਚੇ ਦੇ ਡਰੋਂ ਭਾਜਪਾਈਆਂ ਨੇ ਪਟਵਾਰੀ ਖਿਲਾਫ ਲਾਇਆ ਧਰਨਾ ਕੁਝ ਮਿੰਟਾਂ ''ਚ ਹਟਾਇਆ

06/27/2019 11:10:18 AM

ਜਲੰਧਰ (ਪੁਨੀਤ)— ਪਟਵਾਰੀ ਵੱਲੋਂ ਫੋਨ ਨਾ ਚੁੱਕਣ ਅਤੇ ਕੰਮ ਨੂੰ ਬਿਨਾਂ ਵਜ੍ਹਾ ਲਟਕਾਉਣ ਦੀ ਗੱਲ ਦਾ ਦੋਸ਼ ਲਾਉਂਦਿਆਂ ਹੋਇਆ ਭਾਜਪਾਈਆਂ ਨੇ ਬੀਤੇ ਦਿਨ ਡੀ. ਸੀ. ਆਫਿਸ 'ਚ ਪਹਿਲੀ ਮੰਜ਼ਿਲ 'ਤੇ ਪਟਵਾਰੀਆਂ ਦੇ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਮੌਕੇ ਕਿਸੇ ਨੇ ਇਹ ਗੱਲ ਉਡਾ ਦਿੱਤੀ ਕਿ ਜੇਕਰ ਜਲਦੀ ਧਰਨਾ ਨਾ ਚੁੱਕਿਆ ਗਿਆ ਤਾਂ ਪਰਚਾ ਦਰਜ ਹੋ ਸਕਦਾ ਹੈ, ਫਿਰ ਕੀ ਸੀ ਕੁਝ ਹੀ ਮਿੰਟਾਂ ਬਾਅਦ ਧਰਨਾ ਹਟਾ ਲਿਆ ਗਿਆ।
ਅਸਲ 'ਚ ਬੀਤੇ ਦਿਨੀਂ ਡੀ. ਸੀ. ਵੱਲੋਂ ਜ਼ਿਲੇ 'ਚ ਸ਼ਾਂਤਮਈ ਧਰਨਾ ਦੇਣ ਲਈ 8 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਡੀ. ਸੀ. ਆਫਿਸ ਨਹੀਂ ਆਉਂਦਾ। ਜਿਸ ਨੇ ਧਰਨਾ ਦੇਣਾ ਹੋਵੇ ਉਹ ਡੀ. ਸੀ. ਆਫਿਸ ਦੇ ਸਾਹਮਣੇ ਸਥਿਤ ਪੁੱਡਾ ਕੰਪਲੈਕਸ 'ਚ ਧਰਨਾ ਦੇ ਸਕਦਾ ਹੈ। ਤੈਅ ਥਾਵਾਂ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਧਰਨਾ ਦੇਣ ਵਾਲਿਆਂ ਖਿਲਾਫ ਪਰਚਾ ਦੇਣ ਦੀ ਵੀ ਵਿਵਸਥਾ ਹੈ। ਜਾਣਕਾਰੀ ਮੁਤਾਬਕ ਪੰਜਾਬ ਸਪੋਰਟਸ ਸੈੱਲ ਦੇ ਪ੍ਰਧਾਨ ਮਨੀਸ਼ ਵਿੱਜ ਵੱਲੋਂ ਅਸ਼ੋਕ ਸ਼ਰਮਾ ਪਟਵਾਰੀ ਨੂੰ ਕਈ ਦਿਨ ਪਹਿਲਾਂ ਮਿੱਠੂ ਬਸਤੀ ਨਾਲ ਸਬੰਧਤ ਕੁਝ ਕੰਮ ਬੋਲਿਆ ਗਿਆ ਸੀ ਪਰ ਉਨ੍ਹਾਂ ਦਾ ਕੰਮ ਪੂਰਾ ਨਹੀਂ ਹੋ ਸਕਿਆ। ਇਸ ਕੰਮ ਦੇ ਸਬੰਧ 'ਚ ਜਦੋਂ ਉਹ ਸਬੰਧਤ ਪਟਵਾਰੀ ਨੂੰ ਫੋਨ ਕਰਦੇ ਤਾਂ ਫੋਨ ਵੀ ਚੁੱਕਿਆ ਨਹੀਂ ਜਾ ਰਿਹਾ ਸੀ।

ਪਟਵਾਰੀ ਦੇ ਦਫਤਰ ਪਹੁੰਚੇ ਭਾਜਪਾਈਆਂ ਦੀ ਪਟਵਾਰੀ ਦੇ ਨਾਲ ਹਲਕੀ-ਫੁਲਕੀ ਕਿਹਾ-ਸੁਣੀ ਵੀ ਹੋਈ। ਇਸ ਤੋਂ ਤੁਰੰਤ ਬਾਅਦ ਭਾਜਪਾਈਆਂ ਨੇ ਯੁਵਾ ਮੋਰਚਾ ਦੇ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਪਟਵਾਰੀਆਂ ਦੇ ਕਮਰੇ ਦੇ ਬਾਹਰ ਧਰਨਾ ਦਿੱਤਾ। ਧਰਨਾ ਦੇਣ ਦੀ ਗੱਲ ਪਤਾ ਲੱਗਦਿਆਂ ਹੀ ਡੀ. ਸੀ. ਆਫਿਸ ਵਿਚ ਮੌਜੂਦ ਪੁਲਸ ਮੌਕੇ 'ਤੇ ਪਹੁੰਚੀ। ਇਸ ਦੌਰਾਨ ਕਿਸੇ ਨੇ ਗੱਲ ਉਡਾ ਦਿੱਤੀ ਕਿ ਧਰਨਾ ਦੇਣਾ ਗੈਰ-ਕਾਨੂੰਨੀ ਹੈ ਅਤੇ ਪੰਗਾ ਪੈ ਸਕਦਾ ਹੈ, ਪਰਚਾ ਵੀ ਹੋ ਸਕਦਾ ਹੈ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਧਰਨਾ ਹਟਾ ਦਿੱਤਾ ਗਿਆ। ਭਾਜਪਾ ਵਲੋਂ ਡੀ. ਸੀ. ਆਫਿਸ ਪਹੁੰਚਣ ਵਾਲਿਆਂ ਵਿਚ ਪੰਕਜ ਸਾਰੰਗਲ, ਅਮਿਤ ਭਾਟੀਆ, ਬਾਬੂ ਅਰੋੜਾ, ਨੀਤਿਨ ਗੁਲਾਟੀ, ਰਾਹੁਲ ਚੋਪੜਾ, ਆਯੁਸ਼ ਯਾਦਵ, ਭਰਤ ਸਿੱਕਾ ਅਤੇ ਹੋਰ ਵੀ ਮੌਜੂਦ ਸਨ। ਸਬੰਧਤ ਪਟਵਾਰੀ ਅਸ਼ੋਕ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਕਿਸੇ ਦੇ ਕੰਮ ਨੂੰ ਮਨਾਹੀ ਨਹੀਂ ਕੀਤੀ। ਉਕਤ ਲੋਕਾਂ ਨੂੰ ਸਿਸਟਮ ਸਲੋਅ ਦੇ ਬਾਰੇ ਕਿਹਾ ਗਿਆ ਸੀ ਪਰ ਉਕਤ ਲੋਕ ਧਰਨਾ ਦੇਣ ਚਲੇ ਗਏ। ਧਰਨਾ ਚੁੱਕਣ ਤੋਂ ਬਾਅਦ ਭਾਜਪਾ ਇਕ ਹੋਰ ਕਮਰੇ ਵਿਚ ਬੈਠ ਕੇ ਗੱਲਬਾਤ ਕਰ ਕੇ ਪਰਤ ਗਈ। ਉਥੇ ਭਾਜਪਾਈਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ।


shivani attri

Content Editor

Related News