ਬਾਸਮਤੀ ਦੀ ਬੀਜਾਈ ਕਰਕੇ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫਾ

07/15/2019 1:38:51 PM

ਜਲੰਧਰ (ਪੁਨੀਤ)— ਜ਼ਮੀਨੀ ਪਾਣੀ ਨੂੰ ਬਚਾਉਣ ਅਤੇ ਬਾਸਮਤੀ ਦੀ ਬੀਜਾਈ ਕਰਨ ਵਾਲੇ ਕਿਸਾਨਾਂ ਦੇ ਮੁਨਾਫੇ ਲਈ ਪ੍ਰਸ਼ਾਸਨ ਵੱਲੋਂ ਕਈ ਕੋਸ਼ਿਸ਼ਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ 'ਚ ਬਾਸਮਤੀ ਦੀ ਬੀਜਾਈ ਨੂੰ 15 ਫੀਸਦੀ ਤੱਕ ਵਧਾਉਣ ਦੀ ਯੋਜਨਾ ਨਿਰਧਾਰਤ ਕੀਤੀ ਗਈ ਹੈ। ਇਸ ਯੋਜਨਾ ਅਧੀਨ ਪਾਣੀ ਨੂੰ ਬਚਾਉਣ ਵਾਲੀ ਬਾਸਮਤੀ ਦੀਆਂ ਕਿਸਮਾਂ ਦੀ ਬੀਜਾਈ ਹੋਵੇਗੀ ਜਿਸ ਨਾਲ ਕਿਸਾਨਾਂ ਨੂੰ ਬਿਹਤਰ ਲਾਭ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਕਿਸਾਨਾਂ ਨੂੰ ਬਿਹਤਰੀਨ ਲਾਭ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਕਰਕੇ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਪ੍ਰਾਪਤੀਆਂ ਦਰਜ ਕਰਵਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਮ ਤੌਰ 'ਤੇ ਕਿਸਾਨਾਂ ਨੂੰ ਇਕ ਕੁਇੰਟਲ ਕਣਕ 'ਤੇ 1750-1800 ਰੁਪਏ ਦੀ ਕਮਾਈ ਹੁੰਦੀ ਹੈ, ਜਦਕਿ ਵਧੀਆ ਕਿਸਮ ਦੀ ਬਾਸਮਤੀ ਦੀ ਪੈਦਾਵਾਰ ਕਰ ਕੇ ਕਿਸਾਨ 3000 ਰੁਪਏ ਮੁਨਾਫਾ ਕਮਾ ਸਕਦੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਬਾਸਮਤੀ ਦੀ ਫਸਲ ਆਪਣੀ ਪਛਾਣ ਕਾਰਨ ਸੰਸਾਰ ਭਰ 'ਚ ਬਿਹਤਰ ਮੰਗ ਵਾਲੀ ਫਸਲ ਬਣ ਕੇ ਉਭਰ ਰਹੀ ਹੈ ਇਸ ਦੀ ਬੀਜਾਈ ਕਰਕੇ ਕਿਸਾਨ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ 17000 ਹੈਕਟੇਅਰ ਦੀ ਬੀਜਾਈ ਹੋਈ ਸੀ ਜਦਕਿ ਇਸ ਵਾਰ ਬਾਸਮਤੀ ਦੀ ਬੀਜਾਈ ਲਈ 20000 ਹੈਕਟੇਅਰ ਦਾ ਟੀਚਾ ਤੈਅ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕਿ ਸੰਸਾਰ 'ਚ ਬਿਨਾਂ ਕੀਟਨਾਸ਼ਕ ਦੇ ਇਸਤੇਮਾਲ ਹੋਣ ਵਾਲੀ ਬਾਸਮਤੀ ਦੀ ਬਹੁਤ ਡਿਮਾਂਡ ਹੈ, ਇਸੇ ਲੜੀ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਵੱਧ ਮੁਨਾਫਾ ਕਮਾਉਣ ਪ੍ਰਤੀ ਅੱਗੇ ਵਧ ਸਕਣ। ਅਧਿਕਾਰੀਆਂ ਨੇ ਕਿਹਾ ਕਿ 9 ਤਰ੍ਹਾਂ ਦੇ ਕੀਟਨਾਸ਼ਕਾਂ ਦੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਇਸਦਾ ਇਸਤੇਮਾਲ ਕਰਨ ਵਾਲੇ ਤੇ ਇਸ ਨੂੰ ਵੇਚਣ ਵਾਲੇ ਦੋਵਾਂ 'ਤੇ ਹੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।


shivani attri

Content Editor

Related News