ਦਵਾਈ ਚੱਲਣ ਦੇ ਬਾਵਜੂਦ ਕਲਰਕ ਪੀਂਦਾ ਰਹਿੰਦਾ ਸੀ ਸ਼ਰਾਬ, ਮੌਤ

Friday, Jun 08, 2018 - 06:17 AM (IST)

ਜਲੰਧਰ, (ਵਰੁਣ)— ਬੈਂਕ ਕਲਰਕ ਸ਼ਸ਼ੀ ਕਾਂਤ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਕਲਰਕ ਦੇ ਨਾਲ ਕੰਮ ਕਰਨ ਵਾਲੇ ਸਟਾਫ ਦੇ ਬਿਆਨ ਦਰਜ ਕੀਤੇ। ਵੀਰਵਾਰ ਨੂੰ ਹੋਈ ਇਨਵੈਸਟੀਗੇਸ਼ਨ ਵਿਚ ਇਹ ਗੱਲ ਸਾਹਮਣੇ ਆਈ ਕਿ ਸ਼ਸ਼ੀ ਕਾਂਤ ਕਾਫੀ ਜ਼ਿਆਦਾ ਸ਼ਰਾਬ ਪੀਂਦਾ ਸੀ, ਜਦਕਿ ਘਰ ਵਾਲਿਆਂ ਦੇ ਕਹਿਣ 'ਤੇ ਉਹ ਸ਼ਰਾਬ ਛੱਡਣ ਦੀ ਦਵਾਈ ਲੈ ਰਿਹਾ ਸੀ। ਦਵਾਈ ਲੈਣ ਦੇ ਬਾਵਜੂਦ ਸ਼ਸ਼ੀ ਕਾਂਤ ਨੇ ਸ਼ਰਾਬ ਨਹੀਂ ਛੱਡੀ, ਜਿਸ ਦਾ ਖਮਿਆਜ਼ਾ ਉਸਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। 
ਵੀਰਵਾਰ ਦੁਪਹਿਰ ਦੇ ਸਮੇਂ ਸੀ. ਆਈ. ਏ. ਸਟਾਫ ਦੀ ਟੀਮ ਨੇ ਵੀ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਆਲੇ-ਦੁਆਲੇ ਦੇ ਲੋਕਾਂ ਨੇ ਸ਼ਸ਼ੀ ਕਾਂਤ ਦੇ ਜ਼ਿਆਦਾ ਸ਼ਰਾਬ ਪੀਣ ਦੀ ਗੱਲ ਦੱਸੀ। ਪੁਲਸ ਨੇ ਕੋਠੀ ਦੇ ਅੰਦਰ ਹਰ ਕੋਨੇ-ਕੋਨੇ ਦੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਥਾਣਾ ਮੁਖੀ ਇੰਸ. ਬਿਮਲ ਕਾਂਤ ਨੇ ਦੱਸਿਆ ਕਿ ਸ਼ਸ਼ੀ ਕਾਂਤ ਦੇ ਨਾਲ ਕੰਮ ਕਰਨ ਵਾਲਿਆਂ ਦੇ ਬਿਆਨ ਦਰਜ ਕਰ ਲਏ ਹਨ। ਬੈਂਕ ਕਰਮਚਾਰੀਆਂ ਤੋਂ ਪਤਾ ਲੱਗਾ ਕਿ ਉਹ ਜ਼ਿਆਦਾ ਸ਼ਰਾਬ ਪੀਂਦਾ ਸੀ। ਵੀਰਵਾਰ ਸ਼ਾਮ ਤੱਕ ਸ਼ਸ਼ੀ ਕਾਂਤ ਦੇ ਭਰਾ ਤੇ ਹੋਰ ਪਰਿਵਾਰ ਦੇ ਮੈਂਬਰਾਂ ਦੇ ਆਉਣ-ਜਾਣ ਦੀ ਉਮੀਦ ਸੀ ਪਰ ਦੇਰੀ ਹੋਣ ਕਾਰਨ ਉਹ ਰਾਤ ਦੇਰ ਤੱਕ ਜਲੰਧਰ ਨਹੀਂ ਪਹੁੰਚ ਸਕੇ।
ਇੰਸ. ਬਿਮਲ ਕਾਂਤ ਨੇ ਕਿਹਾ ਕਿ ਭਰਾ ਤੇ ਹੋਰ ਪਰਿਵਾਰ ਦੇ ਮੈਂਬਰ ਸ਼ੁੱਕਰਵਾਰ ਨੂੰ ਜਲੰਧਰ ਪਹੁੰਚ ਜਾਣਗੇ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸ਼ਸ਼ੀ ਕਾਂਤ ਦਾ ਪੋਸਟਮਾਰਟਮ ਕੀਤਾ ਜਾਵੇਗਾ। 


Related News