ਫਰਜ਼ੀ ਪੱਤਰਕਾਰ ਗੁਰਦੀਪ ਬਾਰੇ ਇਕ ਹੋਰ ਵੱਡਾ ਖ਼ੁਲਾਸਾ! ਸਪਾ ਸੈਂਟਰਾਂ ’ਚੋਂ ਇੰਝ ਵਸੂਲਦਾ ਸੀ ਲੱਖਾਂ ਰੁਪਏ
Sunday, Apr 12, 2026 - 11:29 AM (IST)
ਜਲੰਧਰ (ਜ. ਬ.)-ਗੈਸ ਏਜੰਸੀ ਦੀ ਫਰਜ਼ੀ ਵੀਡੀਓ ਤਿਆਰ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ ਹੋਏ ਫਰਜ਼ੀ ਪੱਤਰਕਾਰ ਗੁਰਦੀਪ ਸਿੰਘ ਦੇ ਹੌਲੀ-ਹੌਲੀ ਕਈ ਕਿੱਸੇ ਸਾਹਮਣੇ ਆ ਰਹੇ ਹਨ। ਗੁਰਦੀਪ ਸਿੰਘ ਨੇ ਸ਼ਹਿਰ ਦੇ ਉਨ੍ਹਾਂ ਸਪਾ ਸੈਂਟਰਾਂ ਵਿਚ ਆਪਣੀ ਟੀਮ ਦੇ ਮੈਂਬਰਾਂ ਨੂੰ ਗਾਹਕ ਬਣਾ ਕੇ ਸਟਿੰਗ ਆਪ੍ਰੇਸ਼ਨ ਕਰਵਾਏ, ਜਿੱਥੇ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਹੁੰਦਾ ਸੀ। ਸਟਿੰਗ ਆਪ੍ਰੇਸ਼ਨ ਕਰਕੇ ਉਹ ਆਪਣੇ ‘ਦੈਨਿਕ ਯੁਵਾ ਸਵੇਰਾ’ ਪੇਜ ’ਤੇ ਪਾ ਦਿੰਦਾ ਸੀ ਅਤੇ ਫਿਰ ਸਪਾ ਸੈਂਟਰ ਦੇ ਮਾਲਕ ਨੂੰ ਵੀਡੀਓ ਦਾ ਲਿੰਕ ਭੇਜ ਕੇ ਉਸ ਨੂੰ ਡਿਲੀਟ ਕਰਨ ਦੀ ਆੜ ਵਿਚ ਲੱਖਾਂ ਰੁਪਏ ਵਸੂਲਦਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ ਮਿਲੇ ਇਹ ਸੰਕੇਤ
ਗੁਰਦੀਪ ਸਿੰਘ ਨੇ ਜਿਹੜੇ ਲੋਕਾਂ ਨੂੰ ਲੱਖਾਂ ਰੁਪਏ ਲਈ ਬਲੈਕਮੇਲ ਕੀਤਾ, ਉਹ ਹੁਣ ਸਾਹਮਣੇ ਆਉਣ ਲੱਗੇ ਹਨ। ਸਿਰਫ਼ ਸੈਂਟਰ ਹੀ ਨਹੀਂ, ਸਗੋਂ ਸੁੰਨਸਾਨ ਇਲਾਕਿਆਂ ਵਿਚ ਘਰ ਲੈ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਨਾਲ ਵੀ ਗੁਰਦੀਪ ਸਿੰਘ ਇਸੇ ਤਰ੍ਹਾਂ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮਾਡਲ ਟਾਊਨ ਹੀ ਨਹੀਂ, ਸਗੋਂ ਕਈ ਇਲਾਕਿਆਂ ਵਿਚ ਸਥਿਤ ਸਪਾ ਸੈਂਟਰਾਂ ਵਿਚ ਗੁਰਦੀਪ ਸਿੰਘ ਆਪਣੀ ਟੀਮ ਦਾ ਮੈਂਬਰ ਗਾਹਕ ਬਣਾ ਕੇ ਭੇਜਦਾ ਸੀ। ਉਸ ਨੂੰ ਸਟਿੰਗ ਆਪ੍ਰੇਸ਼ਨ ਲਈ ਕੈਮਰਾ ਦਿੱਤਾ ਜਾਂਦਾ ਸੀ, ਜੋ ਲੁਕਾ ਕੇ ਲਾਇਆ ਹੁੰਦਾ ਸੀ। ਉਸ ਕੈਮਰੇ ਵਿਚ ਉਹ ਪੈਸਿਆਂ ਦੀ ਡੀਲ ਤੋਂ ਲੈ ਕੇ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਹੋਣ ਵਾਲੇ ਗਲਤ ਕੰਮਾਂ ਨੂੰ ਕੈਦ ਕਰ ਲੈਂਦਾ ਸੀ ਅਤੇ ਆਪਣੀ ਟੀਮ ਦੇ ਮੈਂਬਰ ਤੇ ਸਪਾ ਸੈਂਟਰ ਵਿਚ ਕੰਮ ਕਰਨ ਵਾਲੀ ਔਰਤ ਦਾ ਚਿਹਰਾ ਛੁਪਾ ਕੇ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਚਲਾ ਦਿੰਦਾ ਸੀ।
ਇਹ ਵੀ ਪੜ੍ਹੋ:ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ ਖੜ੍ਹੀ: ਸੁਨੀਲ ਜਾਖੜ
ਉਸੇ ਫੇਸਬੁੱਕ ਪੋਸਟ ਦਾ ਲਿੰਕ ਸਪਾ ਸੈਂਟਰ ਦੇ ਮਾਲਕ ਨੂੰ ਭੇਜਿਆ ਜਾਂਦਾ ਸੀ, ਜਿਸ ਤੋਂ ਬਾਅਦ ਸਪਾ ਸੈਂਟਰ ਦੇ ਮਾਲਕ ਨੂੰ ਸੈਂਟਰ ਬੰਦ ਕਰਵਾਉਣ ਦੀ ਧਮਕੀ ਦਿੱਤੀ ਜਾਂਦੀ ਸੀ ਅਤੇ ਫਿਰ ਉਸੇ ਦੀ ਆੜ ਵਿਚ ਲੱਖਾਂ ਰੁਪਏ ਵਿਚ ਡੀਲ ਕਰ ਕੇ ਵੀਡੀਓ ਫੇਸਬੁੱਕ ਪੇਜ ਤੋਂ ਡਿਲੀਟ ਕਰ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਬਾਹਰਲੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਆਪਣੇ ਘਰਾਂ ਵਿਚ ਰੱਖ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਣ ਵਾਲਿਆਂ ਨਾਲ ਵੀ ਗੁਰਦੀਪ ਸਿੰਘ ਨੇ ਇਸੇ ਤਰ੍ਹਾਂ ਦੀ ਸੈਟਿੰਗ ਕੀਤੀ ਹੁੰਦੀ ਸੀ। ਹਾਲਾਂਕਿ ਉਸ ਨੇ ਕਈ ਅਜਿਹੇ ਸਟਿੰਗ ਆਪਣੇ ਫੇਸਬੁੱਕ ’ਤੇ ਚਲਾਏ ਵੀ ਪਰ ਵਧੇਰੇ ਸਟਿੰਗ ਪੈਸੇ ਲੈ ਕੇ ਡਿਲੀਟ ਕਰ ਦਿੱਤੇ ਜਾਂਦੇ ਸਨ। ਕਈ ਗਲਤ ਧੰਦਾ ਕਰਨ ਵਾਲੇ ਗੁਰਦੀਪ ਸਿੰਘ ਨੂੰ ਹਰ ਮਹੀਨੇ ਫ਼ੀਸ ਵੀ ਦਿੰਦੇ ਸਨ। ਅਜਿਹੇ ਕਈ ਕਾਰੋਬਾਰ ਹਨ ਜੋ ਪੁਲਸ ਤੋਂ ਚੋਰੀ ਕੀਤੇ ਜਾਂਦੇ ਸਨ ਅਤੇ ਉਹੀ ਗੁਰਦੀਪ ਸਿੰਘ ਦੇ ਆਸਾਨ ਨਿਸ਼ਾਨੇ ਹੁੰਦੇ ਸਨ।
ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
ਦੱਸ ਦੇਈਏ ਕਿ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ਦੇ ਪ੍ਰਬੰਧਕਾਂ ਨੇ ‘ਦੈਨਿਕ ਯੁਵਾ ਸਵੇਰਾ’ ਫੇਸਬੁੱਕ ਪੇਜ ਦੇ ਐਡਮਿਨ ਅਤੇ ਖ਼ੁਦ ਨੂੰ ਪੱਤਰਕਾਰ ਅਖਵਾਉਣ ਵਾਲੇ ਗੁਰਦੀਪ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ’ਤੇ ਬਲੈਕਮੇਲਿੰਗ ਦੇ ਦੋਸ਼ ਲਾਏ ਸਨ। ਦੋਸ਼ ਸਨ ਕਿ ਦਸੰਬਰ 2025 ਤੋਂ ਗੁਰਦੀਪ ਸਿੰਘ ਉਨ੍ਹਾਂ ਦੇ ਸਟਾਫ਼ ਮੈਂਬਰਾਂ ਤੋਂ ਕਦੇ ਪੈਸੇ ਖੋਹ ਲੈਂਦਾ ਸੀ ਅਤੇ ਕਦੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਵੀਡੀਓ ਬਣਾ ਕੇ ਏਜੰਸੀ ਨੂੰ ਬਦਨਾਮ ਕਰਨ ਲਈ ਦਬਾਅ ਪਾ ਕੇ ਏਜੰਸੀ ਖ਼ਿਲਾਫ਼ ਗੱਲਾਂ ਕਹਾਉਂਦਾ ਸੀ।
ਦੋਸ਼ ਹੈ ਕਿ ਇਸ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੇ ਗੁਰਦੀਪ ਸਿੰਘ ਨੂੰ ਪੈਸੇ ਨਹੀਂ ਦਿੱਤੇ ਤਾਂ ਜਨਵਰੀ 2026 ਵਿਚ ਗੁਰਦੀਪ ਸਿੰਘ ਮੋਬਾਇਲ ਨਾਲ ਵੀਡੀਓ ਬਣਾਉਂਦੇ ਹੋਏ ਉਨ੍ਹਾਂ ਦੇ ਦਫ਼ਤਰ ਆ ਗਿਆ ਅਤੇ ਕੈਸ਼ ਰੂਮ ਵਿਚ ਆ ਕੇ ਦੋ ਲੱਖ ਰੁਪਏ ਦੀ ਮੰਗ ਕਰਨ ਲੱਗਾ। ਪੈਸੇ ਨਾ ਦੇਣ ’ਤੇ ਏਜੰਸੀ ਦੇ ਪ੍ਰਬੰਧਕਾਂ ਨੂੰ ਗੁਰਦੀਪ ਸਿੰਘ ਨੇ ਜਾਤੀ-ਸੂਚਕ ਸ਼ਬਦ ਕਹੇ। ਜਿਵੇਂ ਹੀ ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਪੁਲਸ ਨੇ ਜਾਂਚ ਤੋਂ ਬਾਅਦ ਡੀ. ਏ. ਲੀਗਲ ਦੀ ਰਾਇ ਲੈਣ ਉਪਰੰਤ ਗੁਰਦੀਪ ਸਿੰਘ ਖਿਲਾਫ਼ ਥਾਣਾ ਨੰਬਰ 8 ਵਿਚ ਕੇਸ ਦਰਜ ਕਰ ਲਿਆ ਸੀ। ਪੁਲਸ ਦਾ ਕਹਿਣਾ ਸੀ ਕਿ ਗੁਰਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਸਾਥੀਆਂ ਦੀ ਵੀ ਪਛਾਣ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਪੁਲਸ ਕਰ ਰਹੀ ਛਾਪੇਮਾਰੀ ਪਰ ਫਰਾਰ ਮਿਲਿਆ
ਖ਼ੁਦ ਨੂੰ ਪੱਤਰਕਾਰ ਅਖਵਾਉਣ ਵਾਲੇ ਗੁਰਦੀਪ ਸਿੰਘ ਦੀ ਭਾਲ ਵਿਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਗੁਰਦੀਪ ਸਿੰਘ ਆਪਣੇ ਕਰੀਬੀ ਸਾਥੀਆਂ ਸਮੇਤ ਫਰਾਰ ਹੈ। ਪੁਲਸ ਨੇ ਗੁਰਦੀਪ ਦੇ ਜਿਹੜੇ ਟਿਕਾਣਿਆਂ ’ਤੇ ਛਾਪਾ ਮਾਰਿਆ, ਉਹ ਉੱਥੋਂ ਫਰਾਰ ਮਿਲਿਆ। ਘਰੋਂ ਉਹ ਐੱਫ਼. ਆਈ. ਆਰ. ਹੁੰਦੇ ਹੀ ਭੱਜ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਜਲਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
