ਟੁੱਟੀ ਹੋਈ ਨਹਿਰ ਨੂੰ ਨਹਿਰੀ ਵਿਭਾਗ ਨੇ ਰਾਤ ਭਰ ਕੀਤਾ ਠੀਕ, ਵੱਡਾ ਖ਼ਤਰਾ ਟਲਿਆ

Sunday, Jul 12, 2026 - 02:03 PM (IST)

ਟੁੱਟੀ ਹੋਈ ਨਹਿਰ ਨੂੰ ਨਹਿਰੀ ਵਿਭਾਗ ਨੇ ਰਾਤ ਭਰ ਕੀਤਾ ਠੀਕ, ਵੱਡਾ ਖ਼ਤਰਾ ਟਲਿਆ

ਜਲੰਧਰ (ਮਾਹੀ)–ਬਿਸਤ ਦੋਆਬ ਨਹਿਰ ਦੇ ਕੰਢੇ ਟੁੱਟਣ ਨਾਲ ਜਦੋਂ ਗਦਈਪੁਰ ਅਤੇ ਕਾਲੀਆ ਕਾਲੋਨੀ ਦੇ ਲੋਕਾਂ ਦੇ ਸਾਹਮਣੇ ਮੁਸੀਬਤ ਖੜ੍ਹੀ ਹੋਈ ਤਾਂ ਨਹਿਰੀ ਵਿਭਾਗ ਨੇ ਮੁਸਤੈਦੀ ਵਿਖਾਈ। ਅਧਿਕਾਰੀਆਂ ਨੇ ਬਿਨਾਂ ਸਮਾਂ ਗੁਆਏ ਮੌਕੇ 'ਤੇ ਮੋਰਚਾ ਸੰਭਾਲਿਆ ਅਤੇ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ, ਜਿਸ ਨਾਲ ਇਲਾਕੇ ਵਿਚ ਪਾਣੀ ਭਰਨ ਦਾ ਖ਼ਤਰਾ ਟਲ ਗਿਆ ਹੈ। ਹੁਣ ਨਹਿਰ ਦੇ ਕੰਢਿਆਂ ਨੂੰ ਹਮੇਸ਼ਾ ਲਈ ਪੱਕਾ ਅਤੇ ਮਜ਼ਬੂਤ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਪ੍ਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ: ਪੰਜਾਬ: ਸੁੱਤੀ ਹੋਈ ਔਰਤ ਨੂੰ ਸੱਪ ਨੇ ਡੱਸਿਆ! 6 ਜਵਾਕਾਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਸ਼ੁੱਕਰਵਾਰ ਦੀ ਰਾਤ ਜਿਵੇਂ ਹੀ ਗਦਈਪੁਰ ਵਿਚ ਨਹਿਰ ਦਾ ਇਕ ਹਿੱਸਾ ਟੁੱਟਿਆ ਤਾਂ ਕਾਲੀਆ ਕਾਲੋਨੀ ਦੀਆਂ ਗਲੀਆਂ ਵਿਚ ਪਾਣੀ ਭਰਨ ਲੱਗਾ। ਖ਼ਬਰ ਮਿਲਦੇ ਹੀ ਨਹਿਰੀ ਵਿਭਾਗ ਦੀ ਟੀਮ ਤੁਰੰਤ ਐਕਸ਼ਨ ਵਿਚ ਆ ਗਈ। ਅਧਿਕਾਰੀਆਂ ਨੇ ਦੇਰ ਰਾਤ ਹੀ ਡਿੱਚ (ਜੇ. ਸੀ. ਬੀ.) ਮਸ਼ੀਨਾਂ ਮੰਗਵਾਈਆਂ ਅਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਰਮਚਾਰੀ ਸ਼ੁੱਕਰਵਾਰ ਦੀ ਪੂਰੀ ਰਾਤ ਅਤੇ ਸ਼ਨੀਵਾਰ ਸਵੇਰ ਤਕ ਲਗਾਤਾਰ ਕੰਮ ’ਤੇ ਡਟੇ ਰਹੇ। ਜਿਥੇ ਵੀ ਪਾਣੀ ਰਿਸ ਰਿਹਾ ਸੀ, ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਗਿਆ ਹੈ।

ਜੇਬ ’ਚੋਂ ਪੈਸੇ ਖ਼ਰਚ ਕਰਕੇ ਅਫ਼ਸਰ ਨੇ ਬਚਾਈ ਕਿਸਾਨਾਂ ਦੀ ਫ਼ਸਲ
ਇਸ ਪੂਰੇ ਕੰਮ ਨੂੰ ਸੰਭਾਲਣ ਵਾਲੇ ਨਹਿਰੀ ਵਿਭਾਗ ਦੇ ਐੱਸ. ਡੀ. ਓ. ਪ੍ਰਿੰਸ ਨੇ ਇਨਸਾਨੀਅਤ ਅਤੇ ਜ਼ਿੰਮੇਵਾਰੀ ਦੀ ਵੱਡੀ ਮਿਸਾਲ ਪੇਸ਼ ਕੀਤੀ। ਸਰਕਾਰੀ ਬਜਟ ਪਾਸ ਹੋਣ ਦੀ ਉਡੀਕ ਕਰਨ ਦੀ ਬਜਾਏ ਉਨ੍ਹਾਂ ਆਪਣੀ ਜੇਬ ਵਿਚੋਂ 45 ਹਜ਼ਾਰ ਰੁਪਏ ਖਰਚ ਕੀਤੇ ਅਤੇ ਤੁਰੰਤ ਮਿੱਟੀ ਪਾਈ। ਖੇਤਾਂ ਲਈ ਨਹਿਰ ਵਿਚ 45 ਕਿਊਸਿਕ ਪਾਣੀ ਚੱਲ ਰਿਹਾ ਸੀ, ਜਿਸ ਨੂੰ ਰੋਕਣਾ ਮੁਮਕਿਨ ਨਹੀਂ ਸੀ। ਇਸ ਲਈ ਵਗਦੇ ਪਾਣੀ ਵਿਚ ਹੀ ਨਹਿਰ ਦੇ ਕੰਢੇ ਨੂੰ ਦਰੁੱਸਤ ਕਰਨਾ ਵਿਭਾਗ ਦੀ ਇਕ ਵੱਡੀ ਕਾਮਯਾਬੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ ਗੋਲ਼ੀਆਂ

ਗਦਈਪੁਰ ਪੁਲ ’ਤੇ ਵੱਡੀ ਕਾਰਵਾਈ : ਹਟਾਈਆਂ ਗਈਆਂ ਸੈਂਕੜੇ ਨਾਜਾਇਜ਼ ਰੇਹੜੀਆਂ
ਨਹਿਰ ਟੁੱਟਣ ਦੀ ਵੱਡੀ ਵਜ੍ਹਾ ਉਹ ਗੰਦਗੀ ਸੀ, ਜੋ ਗਦਈਪੁਰ ਪੁਲ ’ਤੇ ਲੱਗਣ ਵਾਲੀਆਂ ਰੇਹੜੀਆਂ ਤੋਂ ਨਹਿਰ ਵਿਚ ਸੁੱਟੀ ਜਾ ਰਹੀ ਸੀ। ਅੱਜ ਐੱਸ. ਡੀ. ਓ. ਪ੍ਰਿੰਸ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਸਾਰੀਆਂ ਰੇਹੜੀਆਂ ਨੂੰ ਉਥੋਂ ਹਟਾ ਦਿੱਤਾ। ਇਸ ਦੌਰਾਨ ਸਵਰਨ ਪਾਰਕ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਰਮੇਸ਼ ਮਾਹੀ ਬੱਲੀ ਅਤੇ ਨੰਬਰਦਾਰ ਜੁਗਲ ਕਿਸ਼ੋਰ ਨੇ ਵੀ ਵਿਭਾਗ ਦਾ ਸਾਥ ਦਿੱਤਾ ਅਤੇ ਉਥੇ ਨਾਜਾਇਜ਼ ਰੂਪ ਨਾਲ ਸ਼ਰਾਬ ਪਿਆਉਣ ਵਾਲਿਆਂ ਨੂੰ ਚਿਤਾਵਨੀ ਦੇ ਕੇ ਭਜਾ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ ਪੁਲਸ ਕਮਿਸ਼ਨਰ ਦਾ ਐਕਸ਼ਨ! ਜਾਰੀ ਕਰ 'ਤੇ ਸਖ਼ਤ ਹੁਕਮ

‘ਨਿਗਮ ਦਾ ਕੰਮ ਸਾਡੀ ਟੀਮ ਨੇ ਕੀਤਾ, ਹੁਣ ਮਿਲ ਕੇ ਕਰਾਂਗੇ ਸਫਾਈ’
ਨਹਿਰੀ ਵਿਭਾਗ ਹੁਣ ਇਸ ਸਮੱਸਿਆ ਨੂੰ ਹਮੇਸ਼ਾ ਲਈ ਖ਼ਤਮ ਕਰਨਾ ਚਾਹੁੰਦਾ ਹੈ। ਐੱਸ. ਡੀ.ਓ. ਪ੍ਰਿੰਸ ਨੇ ਦੱਸਿਆ ਕਿ ਸਫਾਈ ਰੱਖਣਾ ਅਤੇ ਰੇਹੜੀਆਂ ਹਟਾਉਣਾ ਨਗਰ ਨਿਗਮ ਦਾ ਕੰਮ ਸੀ ਪਰ ਜਨਤਾ ਦੀ ਸੁਰੱਖਿਆ ਲਈ ਇਹ ਕਦਮ ਨਹਿਰੀ ਵਿਭਾਗ ਨੂੰ ਚੁੱਕਣਾ ਪਿਆ। ਹੁਣ ਸੋਮਵਾਰ ਨੂੰ ਉਹ ਖੁਦ ਮੇਅਰ ਵਨੀਤ ਧੀਰ ਨੂੰ ਮਿਲਣਗੇ ਤਾਂ ਕਿ ਗਦਈਪੁਰ ਤੋਂ ਲੈ ਕੇ ਹਾਈਵੇ ਤਕ ਨਹਿਰ ਦੀ ਪੂਰੀ ਸਫ਼ਾਈ ਕਰਵਾਈ ਜਾ ਸਕੇ। ਮੌਕੇ ’ਤੇ ਪਹੁੰਚੇ ਕੌਂਸਲਰ ਆਸ਼ੂ ਸ਼ਰਮਾ ਅਤੇ ਨੋਨੀ ਨੇ ਵੀ ਵਿਭਾਗ ਦੇ ਇਸ ਕਦਮ ਦੀ ਤਾਰੀਫ਼ ਕੀਤੀ।
ਨਹਿਰੀ ਵਿਭਾਗ ਦੀ ਇਸ ਤੁਰੰਤ ਕਾਰਵਾਈ ਤੋਂ ਇਲਾਕੇ ਦੇ ਉਦਯੋਗਪਤੀ ਬੇਹੱਦ ਖੁਸ਼ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ ਸੀ। ਇਸ ਵਾਰ ਨਹਿਰੀ ਵਿਭਾਗ ਨੇ ਜਿਸ ਤਰ੍ਹਾਂ ਜ਼ਿੰਮੇਵਾਰੀ ਵਿਖਾਉਂਦੇ ਹੋਏ ਨਹਿਰ ਨੂੰ ਵੀ ਬਚਾਇਆ ਅਤੇ ਕਬਜ਼ਾ ਵੀ ਹਟਾਇਆ, ਉਹ ਵਾਕਈ ਕਾਬਿਲ-ਏ-ਤਾਰੀਫ਼ ਹੈ।

ਇਹ ਵੀ ਪੜ੍ਹੋ: ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News