ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਆਇਆ ਕਾਂਗਰਸੀ ਦਾ ਨਾਂ, ਫੇਸਬੁੱਕ 'ਤੇ ਲਗਾਏ ਦੋਸ਼

02/19/2019 3:38:02 PM

ਲੋਹੀਆਂ ਖਾਸ (ਮਨਜੀਤ)— ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਥਾਨਕ ਸ਼ਹਿਰ ਦੇ ਨਾਲ ਲੱਗਦੇ ਡੁਮਾਣੇ ਮੁਹੱਲੇ 'ਚ ਸ਼ਰੇਆਮ ਘਰ ਦੀ ਕੱਢੀ ਸ਼ਰਾਬ (ਰੂੜੀ ਮਾਰਕਾ) ਵਿਕਣ ਦੀ ਚਰਚਾ ਸ਼ੋਸ਼ਲ ਮੀਡੀਆ 'ਤੇ ਛਾਈ ਰਹੀ। ਜਿਸ 'ਚ ਇਕ ਸਥਾਨਕ ਇਕ ਕਾਂਗਰਸੀ ਲੀਡਰ ਦਾ ਜ਼ਿਕਰ ਕਰਦੇ ਹੋਏ ਉਸ ਦਾ ਵੱਡਾ ਹੱਥ ਹੋਣ ਦੀ ਗੱਲ ਆਖੀ ਗਈ ਹੈ। 
ਫੇਸਬੁੱਕ 'ਤੇ ਪੋਸਟ ਪਾ ਕੇ ਲਾਏ ਦੋਸ਼
ਡੁਮਾਣੇ ਮੁਹੱਲੇ ਦੇ ਵਸਨੀਕ ਸੁਖਵਿੰਦਰ ਨਾਗੀ ਨਾਮਕ ਵਿਅਕਤੀ ਵੱਲੋਂ ਆਪਣੀ ਫੇਸਬੁੱਕ ਆਈ. ਡੀ. 'ਤੇ ਖੁਲਾਸਾ ਕੀਤਾ ਗਿਆ ਕਿ ਡੁਮਾਣੇ 'ਚ ਸਾਬਕਾ ਕਾਂਗਰਸੀ ਕੌਂਸਲਰ ਦਾ ਪਤੀ ਕਰ ਰਿਹਾ ਹੈ ਨਾਜਾਇਜ਼ ਦਾਰੂ ਦਾ ਧੰਦਾ, ਲੋਹੀਆਂ ਪੁਲਸ ਪ੍ਰਸ਼ਾਸਨ ਘੂਕ ਸੁੱਤਾ, ਆਮ ਜਨਤਾ ਦਾ ਜਿਊਣਾ ਹਰਾਮ ਹੋਇਆ ਹੈ।
ਕੀ ਲਿਖਿਆ ਵਅਟਐਪ 'ਤੇ
ਸੁਖਵਿੰਦਰ ਨਾਗੀ ਵੱਲੋਂ ਵਅਟਐਪ ਦੇ ਇਕ ਗੁੱਰਪ 'ਚ ਲਿਖਿਆ ਗਿਆ ਕਿ ਦੋਸਤੇ ਲੋਹੀਆਂ ਪੁਲਸ ਦੀ ਨਾਕਾਮੀ ਕਰਕੇ ਡੁਮਾਣਿਆ 'ਚ ਨਾਜਾਇਜ਼ ਸ਼ਰਾਬ ਵਿਕ ਰਹੀ ਹੈ। ਵੇਚਣ ਵਾਲੇ ਵੇਰਕੇ ਵੇਚਦੇ ਹਨ ਉਹ ਕਾਂਗਰਸ ਪਾਰਟੀ ਦੇ ਵਰਕਰ ਹਨ ਅਤੇ ਸੂਬੇ 'ਚ ਸਰਕਾਰ ਹੋਣ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਨਾਜਾਇਜ਼ ਦਾਰੂ ਦੇ ਪੈਸੇ ਅਤੇ ਸ਼ਰਾਬ ਦੀ ਗਰਮੀ ਸਾਬਕਾ ਕੌਂਸਲਰ ਦੇ ਪਤੀ ਨੂੰ ਟਿਕਣ ਨਹੀਂ ਦੇ ਰਹੀ। ਆਮ ਜਨਤਾ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ ਅਤੇ ਪੁਲਸ ਪ੍ਰਸ਼ਾਸ਼ਨ ਘੂਕ ਸੁੱਤਾ ਹੋਇਆ ਹੈ।
ਉਕਤ ਪਾਈ ਗਈ ਪੋਸਟ 'ਤੇ ਵੱਖ-ਵੱਖ ਵਿਅਕਤੀਆਂ ਵੱਲੋਂ ਕੁਮੈਂਟ ਕਰਕੇ ਇਸ ਸਾਰੇ ਮਾਮਲੇ ਦੀ ਨਿੰਦਾ ਕੀਤੀ ਗਈ। 
ਜਦਕਿ ਸੁਖਵਿੰਦਰ ਨਾਗੀ ਨੇ ਦੱਸਿਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਇਸ ਦਾਰੂ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਵਿਰੁੱਧ ਕਈ ਵਾਰ ਧਰਨੇ ਵੀ ਦਿੱਤੇ ਜਾ ਰਹੇ ਹਨ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਜੇਕਰ ਕਿਤੇ ਪੁਲਸ ਕਦੇ ਕਤਾਂਈ ਛਾਪਾ ਮਾਰਨ ਗਈ ਵੀ ਹੋਵੇ ਤਾਂ ਬੱਸ ਖਾਨਾ ਪੂਰਤੀ ਕਰਦੇ ਬੇ-ਰੰਗ ਚਿੱਠੀ ਵਾਂਗ ਵਾਪਸ ਆ ਜਾਂਦੀ ਹੈ। 
'ਜਗ ਬਾਣੀ' ਨੇ ਪਹਿਲਾ ਹੀ ਕਰ ਦਿੱਤਾ ਸੀ ਖੁਲਾਸਾ
ਭਾਂਵੇ ਕਿ ਉਕਤ ਮਾਮਲਾ ਸ਼ੋਸ਼ਲ ਮੀਡੀਆ 'ਤੇ ਹੁਣ ਸਾਹਮਣੇ ਆਇਆ ਹੋਵੇ ਪਰ 'ਜਗ ਬਾਣੀ' ਵੱਲੋਂ ਪਿਛਲੇ ਸਾਲ ਇਸ ਸਾਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਸੀ ਕਿ ਡੁਮਾਣੇ 'ਚ ਸ਼ਰੇਆਮ ਨਾਜਾਇਜ਼ ਦਾਰੂ ਵੇਚਣ ਦਾ ਧੰਦਾ ਚੱਲਦਾ ਆ ਰਿਹਾ ਹੈ। ਉਸ ਸਮੇਂ ਇਸੇ ਮੁਹੱਲੇ ਦੇ ਇਕ ਵਿਅਕਤੀ ਨੇ ਖੁਦ ਨੂੰ ਕਾਂਗਰਸੀ ਵਰਕਰ ਦੱਸਦੇ ਹੋਏ ਕਿਹਾ ਕਿ ਸ਼ਾਮ ਪੈਂਦਿਆਂ ਹੀ ਸਸਤੀ ਦਾਰੂ ਪੀਣ ਵਾਲੇ ਲੋਕ ਡੁਮਾਣੇ ਵੱਲ ਤੁਰ ਪੈਂਦੇ ਹਨ ਅਤੇ ਇਕ ਦੁਕਾਨ ਤੋਂ ਕਰਿਆਨਾ ਲੈਣ ਬਹਾਨੇ ਜਾਂਦੇ ਹਨ 'ਤੇ ਦਾਰੂ ਡੱਬ 'ਚ ਫਸਾਈ ਵਾਪਸ ਆ ਜਾਂਦੇ ਹਨ। ਕਈ ਤਾਂ ਪਰਚੀ ਸਿਸਟਮ ਨਾਲ ਦਾਰੂ ਵੇਚਦੇ ਹਨ।  ਇਕ ਥਾਂ ਤੋਂ ਪਰਚੀ ਮਿਲਦੀ ਹੈ ਅਤੇ ਦੂਜੀ ਥਾਂ ਤੋਂ ਦਾਰੂ। 
ਕੀ ਕਿਹਾ ਥਾਣਾ ਮੁਖੀ ਨੇ
ਇਸ ਬਾਰੇ ਥਾਣਾ ਮੁਖੀ ਨੇ ਕਿਹਾ ਡੁਮਾਣੇ 'ਚ ਦੋ ਧਿਰਾਂ ਦੀ ਆਪਸੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਈ ਸੀ ਜਿਸ 'ਤੇ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ ਜਿਸ ਤੋਂ ਬਾਦ ਨਾਜਾਇਜ਼ ਸ਼ਰਾਬ ਵੇਚਣ ਦੇ ਨਾਜਾਇਜ਼ ਧੰਦੇ ਬਾਰੇ ਗੱਲ ਸਾਹਮਣੇ ਆਈ, ਜਿਸ ਦੇ ਚੱਲਦਿਆਂ ਡੁਮਾਣੇ 'ਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਤਾਂ ਕਿ ਸਾਰਾ ਮਾਮਲਾ ਸਾਫ ਹੋ ਸਕੇ। ਜਦੋਂ ਪਹਿਲਾ ਇਸ ਤਰਾਂ ਦੀ ਸ਼ਿਕਾਇਤ ਮਿਲੀ ਸੀ ਤਾਂ ਉਸ ਵੇਲੇ ਵੀ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਸੀ ਹੁਣ ਵੀ ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਪੁਲਸ ਮੁਲਾਜ਼ਮਾਂ ਵੱਲੋਂ ਰੇਡ ਵੀ ਕੀਤੀ ਗਈ ਸੀ ਪਰ ਕੁਝ ਮੌਕੇ ਤੋਂ ਮਿਲਿਆ ਨਹੀਂ ਜੇਕਰ ਫਿਰ ਵੀ ਕੋਈ ਨਾਜਾਇਜ਼ ਸ਼ਰਾਬ ਵੇਚ ਰਿਹਾ ਹੋਵੇਗਾ ਤਾਂ ਉਸ 'ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News