ਅਕਾਲ ਤਖਤ ਨੂੰ ਜਿੰਨੀ ਢਾਹ ਪਿਛਲੇ 5 ਸਾਲਾਂ ''ਚ ਲੱਗੀ, ਕਦੇ ਵੀ ਨਹੀਂ ਲੱਗੀ : ਬ੍ਰਹਮਪੁਰਾ

11/12/2018 7:12:23 PM

ਜਲੰਧਰ,(ਵੈੱਬ ਡੈਸਕ)—ਸ਼੍ਰੋਮਣੀ ਅਕਾਲੀ ਦਲ ਵਲੋਂ ਕੁੱਝ ਦਿਨ ਪਹਿਲਾਂ ਪਾਰਟੀ 'ਚੋਂ ਕੱਢੇ ਗਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ। ਇਸ ਦੌਰਾਨ ਬ੍ਰਹਮਪੁਰਾ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਅਕਾਲ ਤਖਤ ਦੀ ਮਰਿਆਦਾ ਨੂੰ ਜੋ ਢਾਹ ਲੱਗੀ ਉਹ ਪਹਿਲਾਂ ਕਦੇ ਵੀ ਨਹੀਂ ਸੀ ਲੱਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀ ਮਰਜ਼ੀ ਨਾਲ ਅਕਾਲ ਤਖਤ ਨੂੰ ਵਰਤਿਆ ਅਤੇ ਜਥੇਦਾਰ ਨੂੰ ਕੋਠੀ 'ਚ ਬੁਲਾ ਕੇ ਉਸ ਕੋਲੋਂ ਕਈ ਅਹਿਮ ਫੈਸਲੇ ਜੋਰ ਦੇ ਕੇ ਕਰਵਾਏ ਗਏ। ਇਨ੍ਹਾਂ ਫੈਸਲਿਆਂ 'ਚ ਡੇਰਾ ਸਿਰਸਾ ਸਾਧ ਨੂੰ ਦਿੱਤੀ ਗਈ ਮੁਆਫੀ ਵੀ ਇਕ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਬਾਰੇ ਬਾਦਲ ਪਰਿਵਾਰ ਨੇ ਕਿਸੇ ਨੂੰ ਵੀ ਖਬਰ ਤਕ ਨਹੀਂ ਹੋਣ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਖਬਰ ਅਖਬਾਰ 'ਚ ਪੜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਕ ਸਮਾਂ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਉਨ੍ਹਾਂ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਪਰ ਅੱਜ ਅਜੋਕੇ ਸਮੇਂ 'ਚ ਅਕਾਲ ਤਖਤ ਦੀ ਉਹ ਮਾਣ ਮਰਿਆਦਾ ਕਿਤੇ ਵੀ ਨਜ਼ਰ ਨਹੀਂ ਆਉਂਦੀ।  

ਜਗ ਬਾਣੀ ਦੇ ਪੱਤਰਕਾਰ ਰਮਨ ਸੋਢੀ ਵਲੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਬੋਲੇ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਰਹਿ ਕੇ ਉਨ੍ਹਾਂ ਨੇ ਹਮੇਸ਼ਾ ਅਕਾਲੀ ਦਲ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਹੈ। ਉਹ ਗੱਲ ਵੱਖ ਹੈ ਕਿ ਉਨ੍ਹਾਂ ਦੀ ਆਵਾਜ਼ ਕਦੇ ਮੀਡੀਆ 'ਚ ਸੁਣਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਲੋਕਾਂ 'ਚ ਪੈਦਾ ਹੋਈ ਹਾਹਾਕਾਰ ਤੇ ਨਿਰਾਸ਼ਾ ਨੂੰ ਵੀ ਉਨ੍ਹਾਂ ਨੇ ਕਈ ਵਾਰੀ ਪਾਰਟੀ ਪ੍ਰਧਾਨ ਸਾਹਮਣੇ ਰੱਖਿਆ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ।


Related News