ਵਧੀਆ ਕਾਰਗੁਜ਼ਾਰੀ ਲਈ ਗਣਤੰਤਰ ਦਿਵਸ ਮੌਕੇ AIG ਹਰਕਮਲ ਪ੍ਰੀਤ ਸਿੰਘ ਖ਼ੱਖ ਹੋਣਗੇ ਸਨਮਾਨਤ

Monday, Jan 25, 2021 - 05:37 PM (IST)

ਵਧੀਆ ਕਾਰਗੁਜ਼ਾਰੀ ਲਈ ਗਣਤੰਤਰ ਦਿਵਸ ਮੌਕੇ AIG ਹਰਕਮਲ ਪ੍ਰੀਤ ਸਿੰਘ ਖ਼ੱਖ ਹੋਣਗੇ ਸਨਮਾਨਤ

ਜਲੰਧਰ (ਜਸਪ੍ਰੀਤ)- ਪੰਜਾਬ ਪੁਲਸ ਵਿਚ ਆਪਣੀ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਣਤੰਤਰ ਦਿਵਸ ਮੌਕੇ 8 ਪੁਲਸ ਅਧਿਕਾਰੀਆਂ ਨੂੰ ਸਨਮਾਨਤ ਕਰ ਰਹੇ ਹਨ। ਸ੍ਰੀ ਹਰਕਮਲ ਪ੍ਰੀਤ ਸਿੰਘ ਖੱਖ ਕਮਾਂਡੈਂਟ 7ਵੀਂ ਬਟਾਲੀਅਨ ਪੀ. ਏ. ਪੀ., ਜਿਨ੍ਹਾਂ ਕੋਲ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦਾ ਵਾਧੂ ਚਾਰਜ ਵੀ ਹੈ, ਪੰਜਾਬ ਪੁਲਿਸ ਦੇ ਉਨ੍ਹਾਂ 8 ਅਧਿਕਾਰੀਆਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਦੀ ਚੋਣ ਆਪਣੀ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਸਦਕਾ ਮੁੱਖ ਮੰਤਰੀ ਮੈਡਲ ਲਈ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਦੱਸ ਦੇਈਏ ਕਿ ਇਨ੍ਹਾਂ ਪੁਲਸ ਅਫ਼ਸਰਾਂ ਨੂੰ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ 8 ਪੁਲਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਦੌਰਾਨ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੁਰਸਕਾਰ ਲਈ ਚੁਣਿਆ ਗਿਆ ਹੈ। ਹੋਰ ਪੁਲਸ ਅਧਿਕਾਰੀ, ਜਿਨ੍ਹਾਂ ਦੀ ਇਸ ਐਵਾਰਡ ਲਈ ਚੋਣ ਕੀਤੀ ਗਈ ਹੈ, ਵਿੱਚ ਡੀ. ਐੱਸ. ਪੀ. ਸਿਟੀ ਬਠਿੰਡਾ ਗੁਰਜੀਤ ਸਿੰਘ, ਡੀ. ਐੱਸ. ਪੀ. ਹਰਵਿੰਦਰਪਾਲ ਸਿੰਘ ਅੰਮ੍ਰਿਤਸਰ ਅਤੇ ਗੁਰਚਰਨ ਸਿੰਘ ਮੋਹਾਲੀ, ਡੀ. ਐੱਸ. ਪੀ. ਅਰੁਣ ਸ਼ਰਮਾ ਅਤੇ ਐੱਸ. ਟੀ. ਐੱਫ. ਤੋਂ ਏ. ਐੱਸ. ਆਈ. (ਐੱਲ.ਆਰ.) ਕਸ਼ਮੀਰ ਸਿੰਘ, ਇੰਸਪੈਕਟਰ ਬਿੰਦਰਜੀਤ ਸਿੰਘ ਅਤੇ ਏ. ਐੱਸ. ਆਈ. ਪਵਨ ਕੁਮਾਰ ਜਹਾਨ ਖੇਲਾਂ ਸ਼ਾਮਲ ਹਨ। 

ਬਹਾਦਰ ਪੁਲਸ ਅਫ਼ਸਰ ਖੱਖ ਦੀ ਬਤੌਰ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਬਿਹਤਰੀਨ ਸੇਵਾਵਾਂ ਨਿਭਾਉਣ ਸਦਕਾ ਮੈਡਲ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਪਿਛਲੇ ਕੁਝ ਸਾਲਾਂ ਵਿੱਚ ਜਿੱਥੇ ਵੱਖ-ਵੱਖ ਅੱਤਵਾਦੀ ਗਰੁੱਪਾਂ ਨੂੰ ਬੇਨਕਾਬ ਕਰਨ ਅਤੇ ਸੂਬੇ ਵਿਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ ਹੈ, ਉਥੇ ਹੀ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। 

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ

ਸਾਲ 2009 ਵਿੱਚ ਫਗਵਾੜਾ ਵਿਖੇ 50 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਨੂੰ ਪੁਲਸ ਟੀਮ, ਜਿਸ ਦੀ ਅਗਵਾਈ ਖੱਖ ਵੱਲੋਂ ਕੀਤੀ ਜਾ ਰਹੀ ਸੀ, ਵੱਲੋਂ ਦਬੋਚਿਆ ਗਿਆ ਸੀ, ਜੋ ਕਿ ਹੁਣ ਤੱਕ ਦੀ ਪੰਜਾਬ ਪੁਲਸ ਵੱਲੋਂ ਕੀਤੀ ਗਈ ਸਭ ਤੋਂ ਵੱਡੀ ਰਿਕਵਰੀ ਹੈ। ਖੱਖ ਨੇ ਸਾਲ 1994 ਵਿੱਚ ਪੰਜਾਬ ਪੁਲਸ ਵਿੱਚ ਬਤੌਰ ਇੰਸਪੈਕਟਰ ਜੁਆਇਨ ਕੀਤਾ ਸੀ ਅਤੇ ਸਾਲ 2016 ਵਿੱਚ ਬਤੌਰ ਐੱਸ. ਐੱਸ. ਪੀ. ਹੋਣ ਤੋਂ ਪਹਿਲਾਂ ਉਨ੍ਹਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੰਸਪੈਕਟਰ, ਡੀ. ਐੱਸ. ਪੀ. ਅਤੇ ਐੱਸ. ਪੀ. ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਅੰਮ੍ਰਿਤਸਰ ਵਿਖੇ ਬਤੌਰ ਐੱਸ. ਐੱਸ. ਪੀ. ਦਿਹਾਤੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਉਨ੍ਹਾਂ ਨੂੰ ਡੀ. ਜੀ. ਪੀ. ਰਹੇ ਸੁਰੇਸ਼ ਅਰੋੜਾ ਵੱਲੋਂ ਡੀ. ਜੀ .ਪੀ. ਕੰਮੈਂਡੇਸ਼ਨ ਡਿਸਕ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਖੱਖ ਸਾਲ 2017 ਤੋਂ ਕਮਾਂਡੈਂਟ 7ਵੀਂ ਬਟਾਲੀਅਨ ਪੀ. ਏ. ਪੀ. ਅਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦਾ ਚਾਰਜ ਸੰਭਾਲ ਰਹੇ ਹਨ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News