ਕਤਲ ਤੋਂ ਬਾਅਦ ਰਾਜਸਥਾਨ ਜਾ ਕੇ ਲੁਕਿਆ ਵਾਂਟੇਡ ਮੁਲਜ਼ਮ ਬਾਬਾ ਗ੍ਰਿਫਤਾਰ

Wednesday, Dec 12, 2018 - 06:51 AM (IST)

ਕਤਲ ਤੋਂ ਬਾਅਦ ਰਾਜਸਥਾਨ ਜਾ ਕੇ ਲੁਕਿਆ ਵਾਂਟੇਡ ਮੁਲਜ਼ਮ ਬਾਬਾ ਗ੍ਰਿਫਤਾਰ

ਜਲੰਧਰ,  (ਮਹੇਸ਼, ਜ.ਬ.)- ਸ਼ਹਿਰ ਦੇ ਬਹੁ-ਚਰਚਿਤ ਡੋਨਾ ਮਰਡਰ ਕੇਸ ’ਚ ਫਰਾਰ ਤੇ ਪੁਲਸ  ਨੂੰ ਵਾਂਟੇਡ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਬਾਬਾ ਨੂੰ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕਰ  ਲਿਆ ਹਂ ਉਕਤ ਮੁਲਜ਼ਮ ਨੂੰ ਫੜਨ ਲਈ ਕਮਿਸ਼ਨਰੇਟ ਪੁਲਸ ਨੇ ਵੀ ਸਾਥ ਦਿੱਤਾ ਹੈ। 
ਏ.  ਆਈ. ਜੀ. ਇੰਟਲੀਜੈਂਸ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 27 ਜੁਲਾਈ ਨੂੰ ਦਕੋਹਾ  ਦੇ ਭਗਵਾਨ ਵਾਲਮੀਕਿ ਮੁਹੱਲੇ ਦੇ ਰਹਿਣ ਵਾਲੇ ਅਜੇ ਕੁਮਾਰ ਡੋਨਾ ਦਾ ਗੋਲੀ ਮਾਰ ਕੇ  ਕਤਲ  ਕਰ ਕੇ ਫਰਾਰ ਮੁਲਜ਼ਮਾਂ ’ਚ ਨਾਮਜ਼ਦ ਸੀ। ਭਾਵੇਂ ਫੜਿਆ ਗਿਆ ਗੁਰਵਿੰਦਰ ਬਾਬਾ ਉਹ ਹੀ  ਨੌਜਵਾਨ ਹੈ ਜਿਸ ਨੇ ਡੋਨਾ ਨੂੰ ਮਾਰਨ ਵਾਲੇ ਮੁੱਖ ਮੁਲਜ਼ਮ ਅਰਜੁਨ ਸਹਿਗਲ ਤੇ ਮੁਕੁਲ  ਸ਼ੇਰਗਿੱਲ ਤੇ ਹੋਰ ਮੁਲਜ਼ਮਾਂ ਨੂੰ ਆਪਣੇ ਫੋਲੜੀਵਾਲ ਸਥਿਤ ਘਰ ਵਿਚ ਦੋ ਦਿਨ ਰੱਖਿਆ ਸੀ, ਜਿਸ  ਤੋਂ ਬਾਅਦ ਸਾਰੇ ਮੁਲਜ਼ਮ ਵੱਖ-ਵੱਖ ਥਾਵਾਂ ’ਤੇ ਫਰਾਰ ਹੋ ਗਏ ਸਨ। 
ਏ. ਆਈ. ਜੀ. ਖੱਖ ਨੇ  ਦੱਸਿਆ ਕਿ ਇਸ ਕੇਸ ਵਿਚ ਤਿੰਨ ਮੁਲਜ਼ਮਾਂ ਜਗਦੀਪ ਸਿੰਘ ਉਰਫ ਜੱਗਾ,  ਯੋਗਰਾਜ ਸਿੰਘ ਉਰਫ  ਯੋਗਾ ਤੇ ਮੁਕੇਸ਼ ਕੁਮਾਰ ਉਰਫ ਲਾਲਾ ਪਹਿਲਾਂ ਹੀ ਫੜੇ ਜਾ ਚੁੱਕੇ ਹਨ ਪਰ ਇਸ ਕੇਸ ਵਿਚ  ਮੁੱਖ ਦੋਸ਼ੀ ਬਾਬੇ ਦੀ ਕਾਫੀ ਦੇਰ ਤੋਂ ਭਾਲ ਸੀ, ਜਿਸ ਸਬੰਧੀ ਇੰਟੈਲੀਜੈਂਸ ਨੂੰ ਇਨਪੁਟ  ਮਿਲੀ ਸੀ ਕਿ ਬਾਬਾ ਜਲੰਧਰ ਸ਼ਹਿਰ ਆਇਆ ਹੈ ਤੇ ਅਰਬਨ ਅਸਟੇਟ ਸਥਿਤ ਰੇਲਵੇ ਕਰਾਸਿੰਗ ਤੋਂ  ਹੁੰਦੇ ਹੋਏ ਆਪਣੇ ਪਿੰਡ ਫੋਲੜੀਵਾਲ ਸਥਿਤ ਘਰ ਜਾ ਰਿਹਾ ਹੈ। ਇਸ ਇਨਪੁਟ ਨੂੰ ਤੁਰੰਤ  ਥਾਣਾ ਰਾਮਾ ਮੰਡੀ ਨਾਲ ਸ਼ੇਅਰ ਕੀਤਾ ਗਿਆ, ਜਿਸ ’ਤੇ ਟ੍ਰੈਪ ਲਾ ਕੇ ਪੁਲਸ ਨੇ ਉਕਤ ਮੁਲਜ਼ਮ  ਨੂੰ ਗ੍ਰਿਫਤਾਰ ਕਰ ਲਿਆ। 
ਪੁੱਛਗਿੱਛ ਵਿਚ ਮੁਲਜ਼ਮ ਨੇ ਕਬੂਲਿਅਾ ਕਿ ਉਹ ਰਾਜਸਥਾਨ ਸਥਿਤ  ਆਪਣੇ ਜੱਦੀ ਪਿੰਡ ਤੋਂ ਆ ਰਿਹਾ  ਸੀ। ਜਾਂਚ ਵਿਚ ਦੱਸਿਆ ਕਿ 27 ਜੁਲਾਈ ਦੀ ਸ਼ਾਮ 7.10  ਵਜੇ ਅਜੇ ਕੁਮਾਰ ਡੋਨਾ ਜਦੋਂ ਰਾਮਾ ਮੰਡੀ ਸਥਿਤ ਜਿਮ ਤੋਂ ਬਾਹਰ ਆਇਆ ਤਾਂ ਉਸ ਨੇ ਤੇ  ਅਰਜੁਨ ਸਹਿਗਲ ਤੇ ਹੋਰ ਸਾਥੀਆਂ ਨੇ ਮਿਲ ਕੇ ਡੋਨਾ ’ਤੇ ਗੋਲੀਆਂ ਚਲਾ ਦਿੱਤੀਆਂ। ਭਾਵੇਂ  ਫਾਇਰ ਕਾਫੀ ਕੀਤੇ ਸਨ ਪਰ ਡੋਨੇ ਨੂੰ ਸਿਰਫ ਚਾਰ ਗੋਲੀਆਂ ਹੀ ਲੱਗੀਆਂ। ਗੋਲੀਆਂ ਚਲਾਉਣ  ਤੋਂ ਬਾਅਦ ਭੀੜ ਦਾ ਫਾਇਦਾ ਉਠਾਉਂਦਿਆਂ ਸਾਰੇ ਮੁਲਜ਼ਮ ਫਰਾਰ ਹੋ ਗਏ। ਹਾਲਾਂਕਿ ਮੁੱਖ  ਮੁਲਜ਼ਮ ਅਰਜੁਨ ਸਹਿਗਲ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ।
ਸ਼ੇਰੂ ਗਰੁੱਪ ਨਾਲ ਜੁੜਿਆ ਬਾਬਾ, ਗੈਂਗਸਟਰ ਸੁੱਖੀ ਧੀਰੋਵਾਲੀਆ ਹੈ ਦੋਸਤ
ਜਾਂਚ ’ਚ ਕਬੂਲ ਕੀਤਾ ਕਿ ਉਹ ਕਾਫੀ ਦੇਰ ਤੋਂ ਫਿਰੌਤੀ ਤੇ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਜਿਹੇ  ਕੇਸਾਂ ਵਿਚ ਨਾਮਜ਼ਦ ਹੈ ਤੇ ਦੋ ਕੇਸਾਂ ’ਚ ਭਗੌੜਾ ਹੈ। ਏ. ਆਈ. ਜੀ. ਖੱਖ ਨੇ ਦੱਸਿਆ  ਕਿ ਉਕਤ ਮੁਲਜ਼ਮ ਸ਼ੇਰੂ ਗਰੁੱਪ ਨਾਲ ਜੁੜਿਆ ਹੈ ਤੇ ਕਾਫੀ ਐਕਟਿਵ ਹੈ। ਕਈ ਸਾਲ ਪਹਿਲਾਂ  ਉਸ ਦੀ ਸ਼ੇਰੂ ਗਰੁੱਪ ਦੇ ਹੈੱਡ ਸੁੱਖੀ ਧੀਰੋਵਾਲੀਆ ਨਾਲ ਦੋਸਤੀ ਸੀ। ਜਿਸ ਤੋਂ ਬਾਅਦ ਇਸ  ਗਰੁੱਪ ਨਾਲ ਜੁੜਿਆ।

1981 ਵਿਚ ਪਿਤਾ ਦੀ ਮੌਤ ਤੋਂ ਬਾਅਦ ਜਲੰਧਰ ਘਰ ਬਣਾਇਆ
ਜਾਂਚ ’ਚ ਬਾਬੇ ਨੇ ਦੱਸਿਆ ਕਿ ਉਹ ਮੂਲ ਤੌਰ ’ਤੇ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਥੇ ਉਸ ਦਾ ਇਕ  ਜੱਦੀ ਘਰ ਵੀ ਹੈ ਪਰ ਪਿਤਾ ਦੀ 1981 ਵਿਚ ਮੌਤ ਹੋਣ ਤੋਂ ਬਾਅਦ ਉਹ ਜਲੰਧਰ ਸਥਿਤ ਪਿੰਡ  ਫੋਲੜੀਵਾਲ ਵਿਚ ਸ਼ਿਫਟ ਹੋ ਗਿਆ, ਜਿਸ ਤੋਂ ਬਾਅਦ ਹੁਣ ਤੱਕ ਉਹ ਫੋਲੜੀਵਾਲ ਵਿਚ ਹੀ ਰਹਿ  ਰਿਹਾ ਹੈ।

ਵਾਰਦਾਤ ਤੋਂ ਬਾਅਦ ਬਦਲਿਆ ਹੁਲੀਆ, ਵਧਾ ਲਈ ਸੀ ਦਾੜ੍ਹੀ
ਬਾਬੇ ਨੇ ਕਬੂਲਿਆ  ਕਿ ਡੋਨਾ ਕਤਲ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ ਸਨ ਤੇ ਪੁਲਸ ਦੀ ਪਕੜ ਤੋਂ ਦੂਰ  ਰਹਿਣ ਲਈ ਉਸ ਨੇ ਆਪਣਾ ਹੁਲੀਆ ਤੱਕ ਬਦਲ ਲਿਆ ਸੀ। ਪਹਿਲਾਂ ਉਹ ਕਲੀਨਸ਼ੇਵ ਸੀ ਪਰ ਪੁਲਸ ਤੋਂ  ਬਚਣ ਲਈ ਉਸ ਨੇ ਆਪਣੀ ਦਾੜ੍ਹੀ ਵਧਾ ਲਈ ਸੀ।

ਮੇਰੇ ਘਰ ਹੀ ਕੀਤੀ ਸੀ ਡੋਨਾ ਨੂੰ ਮਾਰਨ ਦੀ ਸਾਰੀ ਪਲਾਨਿੰਗ ਤੇ ਕਤਲ
 ਤੋਂ ਬਾਅਦ ਮੈਂ ਹੀ ਸਾਰਿਆਂ ਨੂੰ ਪਨਾਹ ਦਿੱਤੀ ਸੀ  : ਬਾਬਾ
ਮੁਲਜ਼ਮ  ਬਾਬੇ ਨੇ ਜਾਂਚ ’ਚ ਕਬੂਲਿਆ ਕਿ ਰਾਮਾ ਮੰਡੀ ਜਿਹੇ ਭੀੜਭਾੜ ਵਾਲੇ ਇਲਾਕੇ ਵਿਚ ਡੋਨਾ ਦੇ  ਕਤਲ ਨੂੰ ਅੰਜਾਮ ਦੇਣ ਤੋਂ ਬਾਅਜ ਸਾਰੇ ਸਾਥੀ ਵੱਖ-ਵੱਖ ਭੱਜ ਗਏ ਸਨ ਪਰ ਰਾਤ ਦੇ ਸਮੇਂ  ਸਾਰੇ ਸਾਥੀ ਉਸ ਦੇ ਫੋਲੜੀਵਾਲ ਸਥਿਤ ਘਰ ਵਿਚ ਰੁਕੇ ਸਨ। ਇੰਨਾ ਹੀ ਨਹੀਂ, ਅਰਜੁਨ ਸਹਿਗਲ  ਨਾਲ ਪੁਰਾਣੀ ਦੋਸਤੀ ਹੋਣ ਕਾਰਨ ਡੋਨਾ ਨੂੰ ਮਾਰਨ ਦੀ ਸਾਰੀ ਸਾਜ਼ਿਸ਼ ਉਸ ਦੇ ਘਰ ਬੈਠ ਕੇ ਹੀ  ਬਣਾਈ ਸੀ ਤੇ ਉਸ ਨੂੰ ਭੀੜਭਾੜ ਵਾਲੇ ਇਲਾਕੇ ਵਿਚ ਮਾਰਨ ਦਾ ਪਲਾਨ ਬਣਾਇਆ ਗਿਆ ਸੀ। ਸਾਰੇ  ਸਾਥੀਆਂ ਨੂੰ ਉਸ ਨੇ ਪੈਸਾ ਵੀ ਮੁਹੱਈਆ ਕਰਵਾਇਆ ਸੀ। ਬਾਬੇ ਨੇ ਦੱਸਿਆ  ਕਿ ਰਾਜਸਥਾਨ ਸਥਿਤ ਪੁਸ਼ਤੈਨੀ ਪਿੰਡ ’ਚ ਉਹ ਵਾਰਦਾਤ ਤੋਂ ਬਾਅਦ ਲੁਕਣ ਲਈ ਚਲਾ ਗਿਆ ਸੀ। ਜਾਂਚ ਵਿਚ ਮੁਲਜ਼ਮ ਨੇ ਕਬੂਲਿਆ ਕਿ ਡੋਨਾ ਨੂੰ ਮਾਰਨ ਤੋਂ ਬਾਅਦ ਜਦੋਂ ਉਹ ਫੋਲੜੀਵਾਲ ਸਥਿਤ  ਆਪਣੇ ਘਰ ਪਹੁੰਚਿਆ ਤਾਂ ਰਾਤ ਰੁਕਣ ਤੋਂ ਬਾਅਦ ਸਵੇਰੇ ਤੜਕੇ ਉਹ ਰਾਜਸਥਾਨ ਲਈ ਟਰੇਨ ਬੁਕ  ਕਰਵਾ ਕੇ ਰਾਜਸਥਾਨ ਸਥਿਤ ਆਪਣੇ ਪੁਸ਼ਤੈਨੀ ਪਿੰਡ ਚਲਾ ਗਿਆ, ਜਿੱਥੇ ਕੁਝ ਦੇਰ ਰੁਕਿਆ ਤੇ  ਬਾਅਦ ਵਿਚ ਆਪਣਾ ਟਿਕਾਣਾ ਬਦਲ ਲਿਆ।


Related News