ਮਾਮਲਾ ਝਗੜੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਦਾ, ਪਰਿਵਾਰਕ ਮੈਂਬਰਾਂ ਵੱਲੋਂ ਸਦਰ ਥਾਣੇ ਦਾ ਘਿਰਾਓ
Sunday, Jun 25, 2023 - 01:39 PM (IST)

ਨਕੋਦਰ (ਪਾਲੀ)-ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਕੁਲਾਰਾਂ ਵਿਖੇ ਬੀਤੇ ਦਿਨੀਂ ਲੜਾਈ-ਝਗੜੇ ਵਿਚ ਜ਼ਖ਼ਮੀ ਹੋਏ ਨੌਜਵਾਨ ਸੁਰਜੀਤ ਸਿੰਘ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਗੁੱਸੇ ’ਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਦਰ ਥਾਣੇ ਦਾ ਘਿਰਾਓ ਕਰਕੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਪੁਲਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਓਨਾਂ ਚਿਰ ਅਸੀਂ ਪੋਸਟਮਾਰਟਮ ਨਹੀਂ ਕਰਵਾਵਾਂਗੇ। ਸਦਰ ਥਾਣੇ ’ਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਪਹੁੰਚੇ ਮ੍ਰਿਤਕ ਦੇ ਭਰਾ ਜਗਦੀਸ਼ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਹੀ ਮੋਬਾਇਲਾਂ ਦੀ ਦੁਕਾਨ ਹੈ। ਬੀਤੀ 12 ਮਈ 23 ਨੂੰ ਉਹ ਅਤੇ ਉਸ ਦਾ ਭਰਾ ਸੁਰਜੀਤ ਸਿੰਘ ਦੁਕਾਨ ਬੰਦ ਕਰਕੇ ਦੁਪਹਿਰ ਨੂੰ ਘਰ ਰੋਟੀ ਖਾਣ ਲਈ ਜਾ ਰਹੇ ਸਨ ਤਾਂ ਵਿਜੇ ਕੁਮਾਰ, ਯੋਗਰਾਜ ਉਰਫ਼ ਗੱਗੀ ਪੁੱਤਰ ਤੀਰਥ ਉਰਫ਼ ਪਾਲਾ, ਰਾਜਾ ਪੁੱਤਰ ਗੋਗੀ ਵਾਸੀਆਨ ਪਿੰਡ ਕੁਲਾਰ, ਬੀਰ ਨਾਥ, ਅਰਸ਼ ਪੁੱਤਰਾਨ ਰਾਣਾ ਵਾਸੀਆਨ ਮਲਸੀਆ ਥਾਣਾ ਸ਼ਾਹਕੋਟ, ਜਿਨ੍ਹਾਂ ਕੋਲ ਮਾਰੂ ਹਥਿਆਰ ਸਨ, ਨੇ ਸਾਨੂੰ ਘੇਰ ਲਿਆ। ਫਿਰ ਮੈਨੂੰ ਧੱਕਾ ਮਾਰ ਕੇ ਡਿਗਾ ਦਿੱਤਾ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
ਜਗਦੀਸ਼ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਭਰਾ ਸੁਰਜੀਤ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ’ਚ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰੀਆਂ, ਜਿਸ ਕਾਰਨ ਸੁਰਜੀਤ ਜ਼ਮੀਨ ’ਤੇ ਡਿੱਗ ਪਿਆ ਅਤੇ ਉਸ ਦੇ ਸਿਰ ’ਚ ਕਾਫ਼ੀ ਖ਼ੂਨ ਨਿਕਲਣ ਲੱਗ ਪਿਆ। ਉਸ ਵੱਲੋਂ ਰੋਲਾ ਪਾਉਣ ’ਤੇ ਸਾਰੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਸ ਨੇ ਸੁਰਜੀਤ ਸਿੰਘ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਨਕੋਦਰ ’ਚ ਦਾਖ਼ਲ ਕਰਵਾਇਆ ਪਰ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਇਕੱਠੇ ਹੋ ਕੇ ਨਕੋਦਰ ਸਦਰ ਥਾਣੇ ਪਹੁੰਚੇ, ਜਿੱਥੇ ਉਨ੍ਹਾਂ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਰੋਸ ਜ਼ਾਹਰ ਕੀਤਾ ਕਿ ਕਰੀਬ 40 ਦਿਨ ਹੋ ਗਏ ਪਰਚਾ ਦਰਜ ਹੋਏ ਨੂੰ ਪਰ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਸਾਰੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਓਨਾ ਚਿਰ ਨਾ ਤਾ ਪੋਸਟਮਾਰਟਮ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨੇ ਪੁਲਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਨੂੰ ਹੱਲ ਕਰਨ ’ਚ ਲੱਗੀਆਂ ਹੋਈਆਂ ਹਨ। ਇਸ ਮੌਕੇ ਜਰਮਨ ਸਿੰਘ ਸਰਪੰਚ, ਸਰਬਜੀਤ ਸਿੰਘ, ਗੁਰਵਿੰਦਰ, ਤਰਨਜੀਤ ਸਿੰਘ, ਸਿਮਰਨਜੀਤ ਸਿੰਘ, ਹਰਬੰਸ ਸਿੰਘ, ਰਾਜਾ ਆਦਿ ਤੋਂ ਇਲਾਵਾ ਵੱਡੀ ਗਿੱਣਤੀ ’ਚ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਦੇਰ ਸ਼ਾਮ ਪੁਲਸ ਨੇ ਮੁਕੱਦਮੇ ’ਚ ਧਾਰਾ 302 ਦਾ ਵਾਧਾ ਕਰਕੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਉਥੇ ਹੀ ਦੂਜੇ ਪਾਸੇ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪਹਿਲਾਂ ਹੀ 5 ਮੁਲਜ਼ਮਾਂ ਖ਼ਿਲਾਫ਼ ਬੀਤੀ 14 ਮਈ 2023 ਨੂੰ ਧਾਰਾ 308, 341, 323, 148, 149 ਆਈ. ਪੀ. ਸੀ. ਤਹਿਤ ਮਾਮਲਾ ਥਾਣਾ ਸਦਰ ਨਕੋਦਰ ’ਚ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਜ਼ੇਰੇ ਇਲਾਜ ਜ਼ਖ਼ਮੀ ਸੁਰਜੀਤ ਸਿੰਘ ਦੀ ਹੋਈ ਮੌਤ ਉਪਰੰਤ ਦਰਜ ਮੁਕੱਦਮੇ ’ਚ ਧਾਰਾ 302 ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ ਹੈ। ਦੇਰ ਸ਼ਾਮ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੱਲੀਆਂ ਕਲਾਂ ਅੱਡੇ ਤੋਂ ਮਾਮਲੇ ’ਚ ਸ਼ਾਮਲ 2 ਮੁਲਜ਼ਮਾਂ ਬਲਵਿੰਦਰ ਉਰਫ਼ ਰਾਜਾ ਪੁੱਤਰ ਗੋਗੀ ਵਾਸੀ ਪਿੰਡ ਕੁਲਾਰ ਅਤੇ ਬੀਰ ਨਾਥ ਪੁੱਤਰ ਰਾਣਾ ਵਾਸੀ ਮਲਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਸ ਰਿਮਾਂਡ ਹਾਸਲ ਕਰ ਕੇ ਮਾਮਲੇ ਅਤੇ ਬਾਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ
ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਓਨਾਂ ਉਹ ਮ੍ਰਿਤਕ ਦਾ ਪੋਸਟਮਾਰਟਮ ਚਿਰ ਨਹੀਂ ਕਰਵਾਉਗੇ। ਇਸ ਦੌਰਾਨ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ’ਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ, ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani