ਫਲਾਈਓਵਰ ''ਤੇ ਗੱਡੀ ਨੇ ਮਾਰੀ ਟੱਕਰ, 12 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਰੇਹੜੀ ਚਾਲਕ

02/22/2020 4:50:15 PM

ਜਲੰਧਰ (ਵਰੁਣ) : ਡੀ. ਏ. ਵੀ. ਕਾਲਜ ਫਲਾਈਓਵਰ ਉਤਰ ਰਹੇ ਰਿਕਸ਼ਾ ਚਾਲਕ ਨੂੰ ਪਿੱਛਿਓਂ ਆ ਰਹੀ ਤੇਜ਼ ਰਫਤਾਰ ਇਨੋਵਾ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਿਕਸ਼ਾ ਚਾਲਕ 12 ਫੁੱਟ ਦੀ ਉਚਾਈ ਤੋਂ ਫਲਾਈਓਵਰ ਤੋਂ ਹੇਠਾਂ ਆ ਡਿੱਗਿਆ। ਇਨੋਵਾ ਨੇ ਵੀ ਸਮੇਂ 'ਤੇ ਬ੍ਰੇਕ ਲਗਾ ਦਿੱਤੀ ਸੀ ਪਰ ਪਿੱਛੋਂ ਆਈ ਸਰਪੰਚ ਦੀ ਗੱਡੀ ਇਨੋਵਾ ਨਾਲ ਟਕਰਾ ਗਈ ਜਿਸ ਕਾਰਨ ਹਾਦਸਾ ਹੋ ਗਿਆ। ਏ. ਐੱਸ. ਆਈ. ਤੇ ਸਰਪੰਚ ਨੇ ਰਿਕਸ਼ਾ ਰੇਹੜੀ ਚਾਲਕ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਸ਼ੁਰੂ ਕਰਵਾਇਆ।

ਥਾਣਾ ਨੰ. 1 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਿਕਸ਼ਾ ਰੇਹੜੀ ਚਾਲਕ ਵਾਸੀ ਕ੍ਰਿਸ਼ਨਾ ਨਗਰ (ਮੂਲ ਨਿਵਾਸੀ ਬਿਹਾਰ) ਖਾਲੀ ਰਿਕਸ਼ਾ ਰੇਹੜੀ 'ਤੇ ਡੀ. ਏ. ਵੀ. ਕਾਲਜ ਫਲਾਈਓਵਰ ਤੋਂ ਮਕਸੂਦਾਂ ਮੰਡੀ ਵੱਲ ਜਾ ਰਿਹਾ ਸੀ। ਫਲਾਈਓਵਰ 'ਤੇ ਜਾਮ ਹੋਣ ਕਾਰਨ ਰਿਕਸ਼ਾ ਚਾਲਕ ਨੇ ਬ੍ਰੇਕ ਲਗਾ ਦਿੱਤੀ। ਪਿੱਛੋਂ ਆ ਰਹੇ ਏ. ਐੱਸ. ਆਈ. ਨੇ ਵੀ ਆਪਣੀ ਗੱਡੀ ਦੀ ਇਕਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੇ ਆ ਰਹੇ ਕਪੂਰਥਲਾ ਦੇ ਸਰਪੰਚ ਤੋਂ ਗੱਡੀ ਨੂੰ ਬ੍ਰੇਕ ਨਾ ਲੱਗੀ ਅਤੇ ਸਰਪੰਚ ਦੀ ਗੱਡੀ ਏ. ਐੱਸ. ਆਈ. ਦੀ ਇਨੋਵਾ ਨਾਲ ਟਕਰਾ ਗਈ। ਜ਼ੋਰਦਾਰ ਟੱਕਰ ਲੱਗਣ ਕਾਰਨ ਏ. ਐੱਸ. ਆਈ. ਦੀ ਗੱਡੀ ਰਿਕਸ਼ੇ ਨਾਲ ਟਕਰਾ ਗਈ ਅਤੇ ਰਿਕਸ਼ਾ ਚਾਲਕ ਹਵਾ 'ਚ ਉਛਲ ਕੇ ਫਲਾਈਓਵਰ ਤੋਂ 12 ਫੁੱਟ ਹੇਠਾਂ ਆ ਡਿੱਗਿਆ।

ਇਨੋਵਾ ਚਾਲਕ ਨੇ ਹੇਠਾਂ ਡਿੱਗੇ ਰਿਕਸ਼ਾ ਚਾਲਕ ਨੂੰ ਬਿਨਾਂ ਸਮਾਂ ਗੁਆਏ ਆਪਣੀ ਗੱਡੀ 'ਚ ਪਾਇਆ ਅਤੇ ਹਸਪਤਾਲ ਲੈ ਗਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ। ਸੂਚਨਾ ਮਿਲਦੇ ਹੀ ਥਾਣਾ ਨੰ. 1 ਦੀ ਪੁਲਸ ਮੌਕੇ 'ਤੇ ਪਹੁੰਚੀ ਪਰ ਕਾਫ਼ੀ ਸਮੇਂ ਤੋਂ ਬਾਅਦ ਜਾ ਕੇ ਪਤਾ ਲੱਗਾ ਕਿ ਪੀੜਤ ਰਿਕਸ਼ਾ ਚਾਲਕ ਕਿਸ ਹਸਪਤਾਲ 'ਚ ਦਾਖਲ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਦਾ ਕਹਿਣਾ ਹੈ ਕਿ ਰੇਹੜੀ ਚਾਲਕ ਦੇ ਮੋਢੇ 'ਤੇ ਫ੍ਰੈਕਚਰ ਆਇਆ ਹੈ। ਫਿਲਹਾਲ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।


Anuradha

Content Editor

Related News