ਕਰੋੜਾਂ ਦੀ ਟਰਨਓਵਰ ਵਾਲੀਆਂ 2 ਇਕਾਈਆਂ ’ਤੇ GST ਦਾ ਛਾਪਾ: ਮੋਬਾਇਲ ਹਾਊਸ ਤੋਂ ਬਿਨਾਂ ਬਿੱਲ ਦੇ 6 ਆਈਫੋਨ ਜ਼ਬਤ

08/06/2022 4:22:08 PM

ਜਲੰਧਰ (ਪੁਨੀਤ)– ਬਿਨਾਂ ਬਿੱਲ ਦੇ ਵਿਦੇਸ਼ਾਂ ਤੋਂ 2 ਨੰਬਰ ਜ਼ਰੀਏ ਆਉਣ ਵਾਲੇ ਮੋਬਾਇਲ ਫੋਨਾਂ ਸਬੰਧੀ ਮਿਲ ਰਹੀਆਂ ਅਹਿਮ ਜਾਣਕਾਰੀਆਂ ਦੇ ਆਧਾਰ ’ਤੇ ਸਟੇਟ ਜੀ. ਐੱਸ. ਟੀ. ਜਲੰਧਰ-2 ਦੀ ਟੀਮ ਨੇ ਸ਼ੁੱਕਰਵਾਰ ਮੋਬਾਇਲ ਨਾਲ ਸਬੰਧਤ 2 ਇਕਾਈਆਂ ’ਤੇ ਛਾਪਾ ਮਾਰਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਇਨ੍ਹਾਂ ਦੋਵਾਂ ਇਕਾਈਆਂ ਦੀ ਟਰਨਓਵਰ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਸ ਦੌਰਾਨ 6 ਆਈਫੋਨ ਅਤੇ ਅਹਿਮ ਦਸਤਾਵੇਜ਼ ਬਰਾਮਦ ਕਰ ਕੇ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਅੱਗੇ ਵਧਾਈ ਜਾਵੇਗੀ। ਜੀ. ਐੱਸ. ਟੀ. ਜਲੰਧਰ-2 ਦੀ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਦੀ ਪ੍ਰਧਾਨਗੀ ਵਿਚ 2 ਟੀਮਾਂ ਦਾ ਗਠਨ ਕਰ ਕੇ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਮੋਬਾਇਲ ਮਾਰਕੀਟ ਵਿਚ ਭੇਜਿਆ ਗਿਆ। ਇਸ ਦੌਰਾਨ ਮਹਿਕਮੇ ਦੇ ਅਧਿਕਾਰੀਆਂ ਨੇ ਮਾਰਕੀਟ ਵਿਚ ਪੈਂਦੇ ਅਭੀ ਮੋਬਾਇਲ ਹਾਊਸ ਅਤੇ ਜਗਦੰਬੇ ਮੋਬਾਇਲ ਹਾਊਸ ਵਿਚ ਛਾਪੇਮਾਰੀ ਕੀਤੀ, ਜਿਸ ਨਾਲ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਿਚ ਹੜਕੰਪ ਮਚ ਗਿਆ।

ਇਹ ਵੀ ਪੜ੍ਹੋ: ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਦੁਪਹਿਰ 3 ਵਜੇ ਦੇ ਲਗਭਗ ਦੋਵਾਂ ਸਟੋਰਾਂ ’ਤੇ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਵਿਚ ਸਟੇਟ ਟੈਕਸ ਆਫਿਸਰ (ਐੱਸ. ਟੀ.ਓ.) ਧਰਮਿੰਦਰ ਸਿੰਘ, ਜਤਿੰਦਰ ਵਾਲੀਆ ਤੇ ਜਗਮਾਲ ਸਿੰਘ ਨੇ ਇੰਸਪੈਕਟਰਾਂ ਦੀ ਟੀਮ ਨਾਲ ਅਭੀ ਮੋਬਾਇਲ ਹਾਊਸ ਵਿਚ ਜਾਂਚ ਸ਼ੂਰੂ ਕੀਤੀ। ਇਸ ਇਕਾਈ ਦੀ ਟਰਨਓਵਰ 3 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਇਸ ਦੌਰਾਨ ਅੰਦਰ ਸਟਾਕ ਦੀ ਗਿਣਤੀ ਕੀਤੀ ਗਈ ਤੇ ਬਿੱਲ ਆਦਿ ਦੀ ਜਾਂਚ ਕੀਤੀ ਗਈ। ਕਾਰਵਾਈ ਦੌਰਾਨ ਮਹਿਕਮੇ ਨੂੰ ਸਟੋਰ ਵਿਚੋਂ ਬਿਨਾਂ ਬਿੱਲ ਦੇ ਲਗਭਗ 6 ਆਈਫੋਨ ਬਰਾਮਦ ਹੋਏ, ਜਿਨ੍ਹਾਂ ਬਾਰੇ ਸੰਚਾਲਕ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕਿਆ। ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਸਬੰਧਤ 6 ਆਈਫੋਨ ਜ਼ਬਤ ਕਰ ਲਏ ਹਨ ਅਤੇ ਸਟੋਰ ਦੇ ਸੰਚਾਲਕਾਂ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਗਿਆ। ਇਸ ਦੌਰਾਨ ਕੰਪਿਊਟਰ ਦੇ ਡਾਟਾ ਦੀ ਵੀ ਜਾਂਚ ਕੀਤੀ ਗਈ।

ਐੱਸ. ਡੀ. ਓ. ਮਨੀਸ਼ ਗੋਇਲ, ਮਨਵੀਰ ਬੁੱਟਰ ਅਤੇ ਓਂਕਾਰ ਨਾਥ ਦੀ ਟੀਮ ਨੇ ਵਿਭਾਗੀ ਅਧਿਕਾਰੀਆਂ ਨਾਲ ਜਗਦੰਬੇ ਮੋਬਾਇਲ ਹਾਊਸ ਵਿਚ ਛਾਪੇਮਾਰੀ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ। ਇਥੋਂ ਵਿਭਾਗ ਨੂੰ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਵਿਭਾਗ ਨੂੰ ਅਗਲੀ ਕਾਰਵਾਈ ਵਿਚ ਮਦਦ ਮਿਲੇਗੀ। ਦੋਵਾਂ ਮੋਬਾਇਲ ਇਕਾਈਆਂ ’ਤੇ 3-3 ਘੰਟੇ ਸਰਚ ਮੁਹਿੰਮ ਚੱਲੀ ਅਤੇ 6 ਵਜੇ ਦੇ ਲਗਭਗ ਟੀਮਾਂ ਮਾਰਕੀਟ ਤੋਂ ਵਾਪਸੀ ਲਈ ਰਵਾਨਾ ਹੋਈਆਂ। ਟੀਮਾਂ ਦੇ ਜਾਣ ਤੋਂ ਬਾਅਦ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ। ਇਸ ਪੂਰੀ ਕਾਰਵਾਈ ਦੌਰਾਨ ਸਟੋਰ ਦੇ ਸੰਚਾਲਕਾਂ ਵੱਲੋਂ ਬਿਜ਼ਨੈੱਸ ਲਈ ਵਰਤੇ ਜਾਂਦੇ ਮੋਬਾਇਲ ਫੋਨਾਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿਚੋਂ ਅਹਿਮ ਡਾਟਾ ਰਿਕਾਰਡ ਦੇ ਤੌਰ ’ਤੇ ਰਜਿਸਟਰ ਵਿਚ ਨੋਟ ਕਰ ਲਿਆ ਗਿਆ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਪਿਛਲੇ ਕਈ ਦਿਨਾਂ ਤੋਂ ਰੱਖ ਰਹੇ ਸੀ ਨਜ਼ਰ : ਸ਼ੁਭੀ ਆਂਗਰਾ
ਜੀ. ਐੱਸ. ਟੀ.-2 ਦੀ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਨੇ ਕਿਹਾ ਕਿ ਮੋਬਾਇਲ ਫੋਨ ਮਾਰਕੀਟ ਵਿਚ ਸਥਿਤ ਦੁਕਾਨਾਂ ’ਤੇ ਕਈ ਦਿਨਾਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਕੁਝ ਦੁਕਾਨਾਂ ਤੋਂ ਆਈਫੋਨ ਬਾਰੇ ਰੇਟ ਆਦਿ ਅਤੇ ਬਿੱਲਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ। ਇਸੇ ਦੇ ਆਧਾਰ ’ਤੇ ਅੱਜ ਛਾਪੇਮਾਰ ਨੂੰ ਅੰਜਾਮ ਦਿੱਤਾ ਗਿਆ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ
 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News