ਕਾਰ ਨੇ ਦੋ ਬੱਚਿਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
Monday, Mar 09, 2020 - 12:09 AM (IST)

ਕਪੂਰਥਲਾ, (ਮਹਾਜਨ)- ਪਿੰਡ ਪਾਜੀਆਂ ਦੇ ਕੋਲ ਪੈਦਲ ਸਡ਼ਕ ਪਾਰ ਕਰ ਰਹੇ ਦੋ ਬੱਚਿਆਂ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਣ ਦੋਵੇਂ ਬੱਚੇ ਗੰਭੀਰ ਜ਼ਖਮੀ ਹੋ ਗਏ। ਕਾਰ ਚਾਲਕ ਨੇ ਦੋਵੇਂ ਬੱਚਿਆਂ ਨੂੰ ਇਲਾਜ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਨੇ ਇਕ ਬੱਚੇ ਨੂੰ ਮ੍ਰਿਤਕ ਐਲਾਨਿਆ, ਜਦਕਿ ਦੂਜੇ ਬੱਚੇ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਦਾ ਮੁੱਢਲਾ ਇਲਾਜ ਕਰ ਕੇ ਸਿਵਲ ਹਸਪਤਾਲ ਕਪੂਰਥਲਾ ਲਈ ਰੈਫਰ ਕਰ ਦਿੱਤਾ, ਜਿਥੇ ਉਸਦਾ ਇਲਾਜ ਜਾਰੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਸਿੰਘ (12) ਪੁੱਤਰ ਉਪਿੰਦਰ ਸਿੰਘ ਤੇ ਜ਼ਖਮੀ ਮਨੀਸ਼ ਮੰਡਲ (8) ਪੁੱਤਰ ਉਦੈ ਮੰਡਲ ਵਾਸੀਆਂ ਮੂਲ ਵਾਸੀ ਪਿੰਡ ਪਦਮਪੁਰ, ਭਾਗਲਪੁਰ ਬਿਹਾਰ ਦੇ ਰੂਫ ’ਚ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਪੰਕਜ ਨੇ ਦੱਸਿਆ ਕਿ 20 ਦਿਨ ਪਹਿਲਾਂ ਹੀ ਆਲੂ ਦੀ ਪੁਟਾਈ ਦੇ ਲਈ ਪੰਜਾਬ ਆਏ ਸਨ। ਆਲੂ ਦੀ ਪੁਟਾਈ ਦਾ ਕੰਮ ਖਤਮ ਹੋਣ ਤੋਂ ਬਾਅਦ ਪਾਜੀਆਂ ਰੇਲਵੇ ਸਟੇਸ਼ਨ ਦੇ ਕੋਲ ਝੁੱਗੀਆਂ ’ਚ ਰਹਿ ਰਹੇ ਸਨ ਤੇ ਮਿਹਨਤ ਮਜ਼ਦੂਰੀ ਕਰ ਰਹੇ ਸਨ, ਤਾਂ ਜੋ ਪਿੰਡ ਜਾਣ ਤੋਂ ਪਹਿਲਾਂ ਕੁਝ ਪੈਸੇ ਜਮ੍ਹਾ ਹੋ ਸਕਣ। ਦੋਵੇਂ ਬੱਚੇ ਸ਼ਨੀਵਾਰ ਦੀ ਸ਼ਾਮ ਖਾਣ-ਪੀਣ ਦਾ ਸਾਮਾਨ ਲੈਣ ਲਈ ਪੈਦਲ ਪਾਜੀਆਂ ਦੁਕਾਨ ’ਤੇ ਜਾ ਰਹੇ ਸਨ। ਇਸ ਦੌਰਾਨ ਸਡ਼ਕ ਪਾਰ ਕਰਦੇ ਹੋਏ ਦੋਵਾਂ ਨੂੰ ਕਾਰ ਚਾਲਕ ਨੇ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ’ਚ ਪ੍ਰਿੰਸ ਸਿੰਘ ਦੀ ਮੌਤ ਹੋ ਗਈ ਤੇ ਮੁਨੀਸ਼ ਮੰਡਲ ਦਾ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਚੱਲ ਰਿਹਾ ਹੈ।