ਜੰਗੇ ਆਜ਼ਾਦੀ ਯਾਦਗਾਰ ਸਾਹਮਣੇ ਚੱਲਦੀ ਕਾਰ ਨੂੰ ਲੱਗੀ ਅੱਗ
Monday, Apr 11, 2022 - 03:51 PM (IST)

ਕਰਤਾਰਪੁਰ (ਸਾਹਨੀ)-ਅੱਜ ਬਾਅਦ ਦੁਪਹਿਰ ਤਕਰੀਬਨ ਸਾਢੇ ਤਿੰਨ ਵਜੇ ਮੁੱਖ ਰਾਸ਼ਟਰੀ ਰਾਜਮਾਰਗ ’ਤੇ ਕਰਤਾਰਪੁਰ ਵਿਖੇ ਜੰਗੇ ਆਜ਼ਾਦੀ ਯਾਦਗਾਰ ਦੇ ਸਾਹਮਣਿਓਂ ਲੰਘ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ’ਚ ਸਵਰ 4 ਨੌਜਵਾਨਾਂ ਨੇ ਮੌਕੇ ’ਤੇ ਕਾਰ ਰੋਕ ਲਈ ਅਤੇ ਕਾਰ ਰੋਕਦਿਆਂ ਡਰਾਈਵਰ ਸਾਈਡ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਤੋਂ ਹੁਸ਼ਿਆਰਪੁਰ ਛਿੰਞ ਵੇਖਣ ਜਾ ਰਹੇ 4 ਨੌਜਵਾਨ ਕਾਰ ਰਾਹੀਂ ਜਦ ਕਰਤਾਰਪੁਰ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਇਕਦਮ ਕਾਰ ’ਚੋਂ ਕੁਝ ਸੜਨ ਦੀ ਬਦਬੂ ਆਉਣ ਲੱਗੀ ਅਤੇ ਕੁਝ ਹੀ ਮਿੰਟਾਂ ’ਚ ਕਾਰ ਦੇ ਬੋਨਟ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਨੇ ਯਾਦਗਾਰ ਦੇ ਸਾਹਮਣੇ ਜੀ. ਟੀ. ਰੋਡ ’ਤੇ ਹੀ ਕਾਰ ਰੋਕ ਲਈ ਅਤੇ ਕਾਰ ਰੋਕਦੇ ਹੀ ਬੋਨਟ ਤੋਂ ਡਰਾਈਵਰ ਸਾਈਡ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ ਅਤੇ ਉਹ ਨਿਕਲ ਕੇ ਬਾਹਰ ਆ ਗਏ। ਇਸ ਦੌਰਾਨ ਕਰਤਾਰਪੁਰ ਤੋਂ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ।