ਪੁਲਸ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

Sunday, Jul 07, 2024 - 06:37 PM (IST)

ਪੁਲਸ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਭਰਤਗੜ੍ਹ ਪੁਲਸ ਵੱਲੋਂ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ।  ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਅਜੇ ਸਿੰਘ ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਦੀ ਅਗਵਾਈ ਹੇਠ ਬੀਤੀ ਦੇਰ ਸਾਮ ਭਰਤਗੜ੍ਹ ਪੁਲਸ ਵੱਲੋਂ ਮੇਨ ਰੋਡ ਪਿੰਡ ਭਾਓਵਾਲ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੋਟਰਸਾਈਕਲ ਦੇ ਮਾਲਕ ਕੁਲਵਿੰਦਰ ਸਿੰਘ ਪੁੱਤਰ ਫੁਮਣ ਸਿੰਘ ਵਾਸੀ ਪਿੰਡ ਗੁਰਸੇਮਾਜਰਾ ਥਾਣਾ ਨੂਰਪੁਰ ਬੇਦੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੰਮ ਕਰਦਾ ਹੈ। 5 ਜੁਲਾਈ ਨੂੰ ਰਾਤ ਕਰੀਬ ਡੇਢ ਵਜੇ ਉਸ ਦਾ ਮੋਟਰਸਾਈਕਲ ਨੰਬਰ ਪੀ. ਬੀ. 16 ਐੱਫ਼. 3718 ਮਾਰਕਾ ਪਲਾਟੀਨਾ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਚੋਰੀ ਹੋ ਗਿਆ ਹੈ, ਜਿਸ 'ਤੇ ਪੁਲਸ ਵੱਲੋਂ ਚੋਰੀ ਦਾ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ, ਜਿਸ ਵਿੱਚ ਇਕ ਨੌਜਵਾਨ ਮੋਟਰਸਾਈਕਲ ਨੂੰ ਚੋਰੀ ਕਰਕੇ ਲਿਜਾ ਰਿਹਾ ਹੈ, ਪੁਲਸ ਵੱਲੋਂ ਉਕਤ ਮੋਟਰਸਾਈਕਲ ਚੋਰ ਨੌਜਵਾਨ ਦੀ ਆਲੇ ਦੁਆਲੇ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ

ਬੀਤੀ ਦੇਰ ਸ਼ਾਮ ਪਿੰਡ ਭਾਓਵਾਲ ਦੇ ਕਰੀਬ ਕੀਤੀ ਨਾਕਾਬੰਦੀ ਦੌਰਾਨ ਪੁਲਸ ਵੱਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਇਕ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜੋਕਿ ਮੋਟਰਸਾਈਕਲ ਸਮੇਤ ਮੌਕੇ ਤੋਂ ਭੱਜਣ ਲੱਗਾ ਸੀ ਪਰ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਜਦੋਂ ਮੋਟਰਸਾਈਕਲ ਦੀ ਜਾਂਚ ਕੀਤੀ ਗਈ ਤਾਂ ਮੋਟਰਸਾਈਕਲ ਦਾ ਨੰਬਰ ਪੀ. ਬੀ. 16 ਐੱਫ਼.  3718 ਪਾਇਆ ਗਿਆ ਜੋਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਚੋਰੀ ਕੀਤਾ ਗਿਆ ਸੀ। ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਪਛਾਣ ਧਰਮ ਸਿੰਘ ਉਰਫ਼ ਸੰਨੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਲੋਧੀਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਕੇਸ 24 ਘੰਟੇ ਦੇ ਅੰਦਰ ਅੰਦਰ ਹੱਲ ਕਰਕੇ ਦੋਸ਼ੀ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ-  ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮੋਹਿੰਦਰ ਸਿੰਘ ਕੇ. ਪੀ. ਦੀ ਪਤਨੀ ਦਾ ਹੋਇਆ ਦਿਹਾਂਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News